Tuesday, April 10, 2012

ਰੱਬਾ ਕਣਕਾਂ ਪੱਕੀਆਂ ਤੇ ਮੀਹ ਨਾ ਪਾਵੀਂ


ਰੱਬਾ ਕਣਕਾਂ ਪੱਕੀਆਂ ਤੇ ਮੀਹ ਨਾ ਪਾਵੀਂ

ਉਂਜ ਤਾਂ ਭਾਣਾ ਮੰਨਣਾ ਹੀ ਫ਼ਰਜ਼ ਹੈ ਸਾਡਾ
ਪਰ ਹੱਦੋਂ ਵੀ ਵਧ ਹੋ ਗਿਆ ਹੁਣ ਕਰਜ਼ ਹੈ ਸਾਡਾ
ਜੱਟ ਮਰਜੂਗਾ ਆਸ ਓਹ੍ਦੀ ਨੂ ਫਾਹ ਨਾਂ ਲਾਵੀਂ
ਰੱਬਾ ਕਣਕਾਂ ਪੱਕੀਆਂ ਤੇ ਮੀਹ ਨਾ ਪਾਵੀਂ

ਗਿਣ ਗਿਣ ਕੇ ਦਿਨ ਕੱਡੇ ਪੁਰ ਇੱਕ ਸੌ ਚਾਲੀ
ਡੰਗਰ ਮੇਰੇ ਭੁੱਖੇ ਮੁੱਕੀ ਪਈ ਪਰਾਲੀ
ਅਸੀਂ ਬੱਸ ਆਸਰੇ ਤੇਰੇ ਹੁਣ ਮੁੱਖ ਨਾ ਪਰਤਾਵੀਂ
ਰੱਬਾ ਕਣਕਾਂ ਪੱਕੀਆਂ ਤੇ ਮੀਹ ਨਾ ਪਾਵੀਂ

ਇੱਕ ਤੇਰੀ ਕਿਰ੍ਪਾ ਸਦਕਾ ਹੀ ਜੱਟ ਧੀ ਵਿਔਹਨੀ
ਕੁੱਟ ਛੱਟ ਕੇ , ਵੇਚ ਵੱਟ ਕੇ ਹਾੜੀ ਸੌਨੀ
ਮੇਰੇ ਘਰ ਚੋਂ ਬਾਬਾ ਨਾਨਕਾ ਤੂੰ ਕਦੀ ਨਾ ਜਾਵੀਂ
ਰੱਬਾ ਕਣਕਾਂ ਪੱਕੀਆਂ ਤੇ ਮੀਹ ਨਾ ਪਾਵੀਂ

ਕਰਾਂ ਜੈਲਦਾਰ ਅਰਦਾਸ ਭਲਾ ਸਰਬੱਤ ਦਾ ਮੰਗਾਂ
ਨਾਂ ਰਹੇ ਕੋਈ ਢਿੱਡੋਂ ਭੁੱਖਾ ਨਾ ਕੋਈ ਜਿਸ੍ਮੋਂ ਨੰਗਾ
ਗਊ ਗਰੀਬ ਦੀ ਸੇਵਾ ਸਾਥੋਂ ਆਪ ਕਰਾਵੀਂ
ਰੱਬਾ ਕਣਕਾਂ ਪੱਕੀਆਂ ਤੇ ਮੀਹ ਨਾ ਪਾਵੀਂ

No comments:

Post a Comment