Wednesday, January 29, 2014

ਜਿਹਦਾ ਆਕੜਿਆ ਰਹੇ ਲੱਕ ਮਿਹਨਾਤਾਂ ਦੇ ਨਾਲ ਓਹੋ ਕਿਸੇ ਅੱਗੇ ਆਕੜ ਵਿਖੌਂਦੇ ਨਹੀ ਕਦੇ

ਜਿਹਦਾ ਆਕੜਿਆ ਰਹੇ ਲੱਕ ਮਿਹਨਤਾਂ ਦੇ ਨਾਲ
ਓਹੋ ਕਿਸੇ ਅੱਗੇ ਆਕੜ ਵਿਖੌਂਦੇ ਨਹੀ ਕਦੇ

ਜਿਹਨਾ ਤੰਗੀਆਂ ਦੇ ਵਿੱਚ ਹੋਵੇ ਉਮਰ ਗੁਜ਼ਾਰੀ
ਖਾਕੇ ਕਰਦੇ ਸ਼ੁਕਰ ਮਿਲੇ ਅੱਧੀ ਭਾਵੇਂ ਸਾਰੀ
ਜਿਹਨਾਂ ਰੋਟੀ ਟੁੱਕ ਖਾਣਾ ਹੋਵੇ ਕਰ ਕੇ ਦਿਹਾੜੀ
ਖੋਟਾ ਸਿੱਕਾ ਵੀ ਓਹ ਝੂਠ ਦਾ ਕਮੌਂਦੇ ਨਹੀ ਕਦੇ
ਜਿਹਦਾ ਆਕੜਿਆ ਰਹੇ ਲੱਕ ਮਿਹਨਤਾਂ ਦੇ ਨਾਲ
ਓਹੋ ਕਿਸੇ ਅੱਗੇ ਆਕੜ ਵਿਖੌਂਦੇ ਨਹੀ ਕਦੇ

ਜਿਹਦੇ ਚਾਵਾਂ ਨੂ ਸੀ ਖਾ ਗਈ ਗਰੀਬੀ ਵਾਲੀ ਜੋਕ
ਜਿਹਦੇ ਉੱਚੇ ਬੋਲਣੇ ਤੇ ਐਥੇ ਲੱਗੀ ਹੋਵੇ ਰੋਕ
ਜਿਹਦੀ ਇੱਜ਼ਤਾਂ ਦਾ ਲੌਂਦੇ ਹੋਣ ਮੁੱਲ ਭਲੇ ਲੋਕ
ਐਸੇ ਬੰਦੇ ਜੀ ਜ਼ਮੀਰ ਵੇਚ ਔਂਦੇ ਨਹੀ ਕਦੇ
ਜਿਹਦਾ ਆਕੜਿਆ ਰਹੇ ਲੱਕ ਮਿਹਨਤਾਂ ਦੇ ਨਾਲ
ਓਹੋ ਕਿਸੇ ਅੱਗੇ ਆਕੜ ਵਿਖੌਂਦੇ ਨਹੀ ਕਦੇ

ਜਿਹੜਾ ਜੈਲਦਾਰ ਵਾਂਗੂ ਹੋਵੇ ਜੱਮਿਆ ਗਰੀਬ
ਜਿਹਦੇ ਵਿਕ ਗਏ ਹੋਣ ਨਿੱਕੇ ਹੁੰਦੀਆਂ ਨਸੀਬ
ਜਿਹਦੀ ਬੋਲਣੇ ਤੋਂ ਪਹਿਲਾਂ ਵੱਡੀ ਗਈ ਹੋਵੇ ਜੀਭ
ਐਸੇ ਬੰਦੇ ਮੌਤ ਤੋਂ ਵੀ ਘਬਰੌਂਦੇ ਨਹੀ ਕਦੇ
ਜਿਹਦਾ ਆਕੜਿਆ ਰਹੇ ਲੱਕ ਮਿਹਨਤਾਂ ਦੇ ਨਾਲ
ਓਹੋ ਕਿਸੇ ਅੱਗੇ ਆਕੜ ਵਿਖੌਂਦੇ ਨਹੀ ਕਦੇ .................... Zaildar Pargat Singh

Monday, January 27, 2014

ਤੇਰੇ ਹਰ ਗਮ ਵਿਚ ਮੈਂ ਹੋਵਾਂ ਮੇਰੀ ਹਰ ਖੁਸ਼ੀ ਵਿਚ ਤੂੰ ਹੋਵੇਂ

ਮੇਰੀ ਬਸ ਇੱਕ ਤਮੰਨਾ ਏ
ਮੇਰੀ ਜ਼ਿੰਦਗੀ ਵਿੱਚ ਤੂੰ ਹੋਵੇਂ
ਤੇਰੇ ਹਰ ਗਮ ਵਿਚ ਮੈਂ ਹੋਵਾਂ
ਮੇਰੀ ਹਰ ਖੁਸ਼ੀ ਵਿਚ ਤੂੰ ਹੋਵੇਂ

ਮੈਂ ਰੱਬ ਤੋਂ ਏਹੀ ਮੰਗਦਾ ਹਾਂ
ਤੂੰ ਹੱਸਦੀ ਗੌਂਦੀ ਦਿੱਸਦੀ ਰਹੇਂ
ਮੈਂ ਵੀ ਕੋਠੇ ਤੇ ਚੜ੍ਹਦਾ ਰਹਾਂ
ਤੂੰ ਵੀ ਵਾਲ ਸੁਕੌਂਦੀ ਦਿੱਸਦੀ ਰਹੇਂ
ਤੇਰੀ ਹਰ ਅਰਦਾਸ ਚ ਮੈਂ ਹੋਵਾਂ
ਮੇਰੀ ਬੰਦਗੀ ਵਿਚ ਤੂੰ ਹੋਵੇਂ
ਮੇਰੀ ਬਸ ਇੱਕ ........

ਤੂੰ ਆਵੇਂ ਭਾਵੇਂ ਨਾ ਆਵੇਂ
ਤੇਰੀ ਯਾਦ ਰੋਜ਼ ਹੀ ਔਂਦੀ ਰਹੇ
ਤੇਰੀ ਸੁੱਖ ਵਾਲੀ ਮੇਰੇ ਬੁਲ੍ਹਾਂ ਤੇ
ਫਰਿਯਾਦ ਰੋਜ਼ ਹੀ ਔਂਦੀ ਰਹੇ
ਤੇਰੀ ਦਿਲਲਗੀ ਵਿੱਚ ਮੈਂ ਹੋਵਾਂ
ਮੇਰੀ ਆਸ਼ਿਕੀ ਵਿਚ ਤੂੰ ਹੋਵੇਂ
ਮੇਰੀ ਬਸ ਇੱਕ ........


ਤੇਰਾ ਦਿਲ ਤੜਫੇ ਮੇਰੇ ਲਈ
ਮੇਰਾ ਦਿਲ ਤੇਰੇ ਲਈ ਤੜਫੇ
ਤੇਰਾ ਦਿਲ ਮੇਰੇ ਅਲੀ ਧੜਕੇ
ਮੇਰਾ ਦਿਲ ਧੜਕੇ ਤੇਰੇ ਲਈ
ਤੇਰੀ ਬੇਰੁਖੀ ਵਿਚ ਮੈਂ ਹੋਵਾਂ
ਮੇਰੀ ਬੇਬਸੀ ਵਿੱਚ ਤੂੰ ਹੋਵੇਂ
ਮੇਰੀ ਬਸ ਇੱਕ ........

ਤੂੰ ਮੇਰੇ ਵਿਚ ਮੈਂ ਤੇਰੇ ਵਿਚ
ਕੁਜ ਐਸੀ ਹੱਦ ਤਕ ਖੋ ਜਾਵਾਂ
ਤੂੰ ਮੇਰੇ ਵਰਗੀ ਹੋ ਜਾਵੇਂ
ਮੈਂ ਤੇਰੇ ਵਰਗਾ ਹੋ ਜਾਵਾਂ
ਤੇਰੇ ਭੋਲੇਪਨ ਵਿਚ ਮੈਂ ਹੋਵਾਂ
ਮੇਰੀ ਸਾਦਗੀ ਵਿਚ ਤੂੰ ਹੋਵੇਂ
ਮੇਰੀ ਬਸ ਇੱਕ ........

ਪਰਗਟ ਦੀ ਦਿਲੀ ਖੁਆਹਿਸ਼ ਹੈ
ਤੇਰੇ ਨਾਲ ਜੀਣੇ ਮਰਨੇ ਦੀ
ਪਹਿਲਾਂ ਤੇਰਾ ਦਿਲ ਜਿੱਤਣ ਦੀ
ਫਿਰ ਤੇਰੇ ਤੋਂ ਦਿਲ ਹਰਨੇ ਦੀ
ਜਿੱਥੇ ਆਖਿਰੀ ਮੇਰਾ ਸਾਹ ਨਿਕਲੇ
ਉਸ ਸਰਜ਼ਮੀਂ ਤੇ ਤੂੰ ਹੋਵੇਂ
ਤੇਰੇ ਹਰ ਗਮ ਵਿਚ ਮੈਂ ਹੋਵਾਂ
ਮੇਰੀ ਹਰ ਖੁਸ਼ੀ ਵਿਚ ਤੂੰ ਹੋਵੇਂ
 ਮੇਰੀ ਬਸ ਇੱਕ ........

Thursday, January 23, 2014

ਮੈਨੂ ਵੀਜ਼ੇ ਨਾਲੋਂ ਜ਼ਿਆਦਾ ਆਪਣਾ ਪਿੰਡ ਪਿਆਰਾ ਏ

7 ਲੱਖ ਲਾਕੇ ਲੈ ਲਾਂ ਕਿੱਦਾਂ ਵੀਜ਼ਾ ਸਿਡਨੀ ਦਾ
ਅਜੇ ਕਰੌਣੈ ਬਾਪੂ ਦਾ ਆਪਰੇਸ਼ਨ ਕਿਡਨੀ ਦਾ
ਬਿਨ ਮੇਰੇ ਬੇਬੇ ਬਾਪੂ ਦਾ ਦੱਸ ਕੌਣ ਸਹਾਰਾ ਏ
ਮੈਨੂ ਵੀਜ਼ੇ ਨਾਲੋਂ ਜ਼ਿਆਦਾ ਆਪਣਾ ਪਿੰਡ ਪਿਆਰਾ ਏ

ਵੇਖਾਂ ਸੁਪਨੇ ਦੱਸ ਦੇ ਮੈਨੂ ਕਿੰਜ ਜਹਾਜ਼ਾਂ ਆਲੇ
ਅਜੇ ਤੇ ਸੁਪਨੇ ਔਂਦੇ ਨੇ ਬਸ ਮੂਲ ਬਿਆਜ਼ਾਂ ਆਲੇ
ਭੰਨ ਨਾ ਦੇ ਲੱਕ ਬਾਪੂ ਦਾ ਸਿਰ ਕਰਜ਼ਾ ਭਾਰਾ ਏ
ਮੈਨੂ ਵੀਜ਼ੇ ਨਾਲੋਂ ਜ਼ਿਆਦਾ ਆਪਣਾ ਪਿੰਡ ਪਿਆਰਾ ਏ

ਪਾਸਪੋਰਟ ਵੀ ਬਣਜੂਗਾ ਨਹੀ ਬਾਹਲੀ ਟੇਂਸ਼ਨ ਜੀ
ਪਰ ਲੱਗਣੀ ਬਹੁਤ ਜ਼ਰੂਰੀ ਹੈ ਬੇਬੇ ਦੀ ਪੇਂਸ਼ਨ ਜੀ
ਕੱਮ ਨਹੀ ਕਰਦਾ ਬੜਾ ਸਾਡਾ ਸਰਪੰਚ ਨਕਾਰਾ ਏ
ਮੈਨੂ ਵੀਜ਼ੇ ਨਾਲੋਂ ਜ਼ਿਆਦਾ ਆਪਣਾ ਪਿੰਡ ਪਿਆਰਾ ਏ

ਬਾਪੂ ਨੇ ਢਿੱਡ ਵੱਡ ਵੱਡ ਕੇ ਮੇਰੀਆਂ ਫੀਸਾਂ ਭਰੀਆਂ ਨੇ
ਘਰੋਂ ਤੁਰਨ ਲੱਗੇ ਦੇ ਬਸਤੇ ਵਿੱਚ ਅਸੀਸਾਂ ਭਰੀਆਂ ਨੇ
ਮੈਂ ਸੁੱਖ ਮੰਗਦਾਂ ਘਰਦਿਆਂ ਦੀ ਜਦ ਕੋਈ ਟੁੱਟਦਾ ਤਾਰਾ ਏ
ਮੈਨੂ ਵੀਜ਼ੇ ਨਾਲੋਂ ਜ਼ਿਆਦਾ ਆਪਣਾ ਪਿੰਡ ਪਿਆਰਾ ਏ

ਫਿਕਰ ਬੜਾ ਹੈ ਰਹਿੰਦਾ ਸਾਨੂ ਵੱਛੇ ਡੰਗਰ ਦਾ
ਸ਼ੁਕਰ ਮਨਾ ਕੇ ਛਕ ਲਈਦੈ ਜੀ ਫੁਲਕਾ ਲੰਗਰ ਦਾ
ਪਰਗਟ ਦਾ ਹੋ ਜਾਣਾ ਪਿੰਡਾਂ ਵਿੱਚ ਗੁਜ਼ਾਰਾ ਏ
ਮੈਨੂ ਵੀਜ਼ੇ ਨਾਲੋਂ ਜ਼ਿਆਦਾ ਆਪਣਾ ਪਿੰਡ ਪਿਆਰਾ ਏ






Wednesday, January 22, 2014

ਨਾ ਜੱਮੀ ਐਸੇ ਦੇਸ ਮਾਏ ਜਿੱਥੇ ਨਾਲ ਨਹੀ ਖੜਨਾ ਵੀਰਾਂ ਨੇ

ਜਿੱਥੇ ਛੱਤ ਤੇ ਕਰਜ਼ਾ ਭਾਰੀ ਦੱਸਿਆ ਲਿਫਦੇ ਹੋਏ ਸ਼ਤੀਰਾਂ ਨੇ
ਜਿੱਥੇ ਥਾਲੀ ਦੇ ਵਿੱਚ ਰੋਟੀ ਨਹੀਂ ਤੇ ਤਨ ਦੇ ਉੱਤੇ ਲੀਰਾਂ ਨੇ

ਜਿੱਥੇ ਰਾਂਝੇ ਕਰਨ ਦਿਹਾੜੀ ਜੀ ਤੇ ਗੋਹਾ ਚੁੱਕਦੀਆਂ ਹੀਰਾਂ ਨੇ
ਜਿੱਥੇ ਕੁੱਟ ਕੁੱਟ ਰੋੜੀ ਘਸ ਗਈਆਂ ਸਬ  ਹੱਥਾਂ ਦੀਆਂ ਲਕੀਰਾਂ ਨੇ

ਜਿੱਥੇ ਘਰ ਦੇ ਬੂਹੇ ਤੇ ਆਕੇ ਮੁਹ ਮੋੜ ਲਿਆ ਤਕਦੀਰਾਂ ਨੇ
ਜਿੱਥੇ ਅੱਗ ਕਿਸੇ ਚੁਲ੍ਹੇ ਵਿੱਚ ਨਹੀ ਕੀ ਮੰਗਣਾ ਫੇਰ ਫਕੀਰਾਂ ਨੇ

ਜਿੱਥੇ ਬੇਤਰਸੇ ਜਹੇ ਰਾਜੇ ਨੇ ਤੇ ਕੂਫਰ ਦੀਆਂ ਜਾਗੀਰਾਂ ਨੇ 
ਜਦ ਵੀ ਉੱਠੀਆਂ ਬਸ ਜ਼ੁਲਮ ਲਈ ਜਿੱਥੇ ਸਮੇਂ ਦੀਆਂ ਸ਼ਮਸ਼ੀਰਾਂ ਨੇ

ਨਾ ਜੱਮੀ ਐਸੇ ਦੇਸ ਮਾਏ ਜਿੱਥੇ ਨਾਲ ਨਹੀ ਖੜਨਾ ਵੀਰਾਂ ਨੇ 
ਜਿੱਥੇ ਸਾਡੀ ਪੱਤ ਦਾ ਸਿੱਕਿਆਂ ਦੇ ਨਾਲ ਲੌਣਾ ਮੁੱਲ ਅਮੀਰਾਂ ਨੇ ............. Zaildar Pargat Singh

Tuesday, January 21, 2014

ਖੁਦ ਆਪਣੇ ਨਾਲ ਮੈਂ ਕੁਜ ਐਦਾਂ ਗੱਲ ਕਰਦਾਂ ਜਿੱਦਾਂ ਰਾਂਝਾ ਹੀਰ ਨਾ ਗੱਲਾਂ ਕਰਦਾ ਏ

ਹੌਲੀ ਹੌਲੀ ਮੱਧਮ ਮੱਧਮ ਚੁਪਕੇ ਜਹੇ
ਅੱਲਾਹ ਜਿਵੇਂ ਫਕੀਰ ਨਾ ਗੱਲਾਂ ਕਰਦਾ ਏ
ਖੁਦ ਆਪਣੇ ਨਾਲ ਮੈਂ ਕੁਜ ਐਦਾਂ ਗੱਲ ਕਰਦਾਂ
ਜਿੱਦਾਂ ਰਾਂਝਾ ਹੀਰ ਨਾ ਗੱਲਾਂ ਕਰਦਾ ਏ

ਜਗ ਤੋਂ ਚੋਰੀ ਚੋਰੀ ਜਿਸਨੁ ਮਿਲ ਆਈ ਸੀ
ਛੱਲੇ ਬਦਲੇ ਜਿਸਨੂ ਤੂੰ ਦੇ ਦਿਲ ਆਈ ਸੀ
ਬਾਰੀ ਦੇ ਵਿੱਚ ਬੈਠਾ ਮੁੰਡਾ ਅੱਜ ਕੱਲ ਨੀ
ਬਸ ਤੇਰੀ ਤਸਵੀਰ ਨਾ ਗੱਲਾਂ ਕਰਦਾ ਏ
ਖੁਦ ਆਪਣੇ ਨਾਲ ਮੈਂ ਕੁਜ ਐਦਾਂ ਗੱਲ ਕਰਦਾਂ
ਜਿੱਦਾਂ ਰਾਂਝਾ ਹੀਰ ਨਾ ਗੱਲਾਂ ਕਰਦਾ ਏ

ਕਿਦਰੇ ਰੱਜਣ ਮੀਟੀ ਲੱਗੀ ਹਰ ਪਾਸੇ
ਕਿਦਰੇ ਰੋਟੀ ਟੁੱਕਰ ਬਿਨ ਖਾਲੀ ਕਾਸੇ
ਮੇਰੀ ਕਿਸਮਤ ਵਿੱਚ ਅੱਜ ਰੋਟੀ ਹੈ ਕੇ ਨਹੀਂ ?
ਭੁੱਖਾ ਜਿਓਂ ਤਕਦੀਰ ਨਾ ਗੱਲਾਂ ਕਰਦਾ ਏ
ਖੁਦ ਆਪਣੇ ਨਾਲ ਮੈਂ ਕੁਜ ਐਦਾਂ ਗੱਲ ਕਰਦਾਂ
ਜਿੱਦਾਂ ਰਾਂਝਾ ਹੀਰ ਨਾ ਗੱਲਾਂ ਕਰਦਾ ਏ

ਕਦੀ ਕਦੀ ਗੱਲ ਗੁੱਸੇ ਵਾਲੀ ਕਰਦਾ ਹਾਂ
ਹਿੱਮਤ ਵਾਲੀ ਜੁੱਸੇ ਵਾਲੀ ਕਰਦਾ ਹਾਂ
ਅੱਜ ਜਿਓਂਦਾ ਛੱਡਣਾ ਨਹੀ ਮੈਂ ਕੋਈ ਵੈਰੀ
ਨਲੂਆ ਜਿਓਂ ਸ਼ਮਸ਼ੀਰ ਨਾ ਗੱਲਾਂ ਕਰਦਾ ਏ
ਖੁਦ ਆਪਣੇ ਨਾਲ ਮੈਂ ਕੁਜ ਐਦਾਂ ਗੱਲ ਕਰਦਾਂ
ਜਿੱਦਾਂ ਰਾਂਝਾ ਹੀਰ ਨਾ ਗੱਲਾਂ ਕਰਦਾ ਏ

ਗੱਲਾਂ ਕਰਦਾਂ ਕਦੀ ਕਦੀ ਸੰਸਾਰ ਦੀਆਂ
ਕਦੀ ਕਦਾਈਂ ਮੈਂ ਔਕਾਤ ਤੋ ਬਾਹਰ ਦੀਆਂ
ਹੋਣੀ ਤੋਂ ਅਣਜਾਨ ਜਿਵੇ ਕਿਸੇ ਜੰਡ ਥੱਲੇ
ਬੈਠਾ ਮਿਰਜ਼ਾ ਤੀਰ ਨਾ ਗੱਲਾਂ ਕਰਦਾ ਹੈ
ਖੁਦ ਆਪਣੇ ਨਾਲ ਮੈਂ ਕੁਜ ਐਦਾਂ ਗੱਲ ਕਰਦਾਂ
ਜਿੱਦਾਂ ਰਾਂਝਾ ਹੀਰ ਨਾ ਗੱਲਾਂ ਕਰਦਾ ਏ

ਕਿੱਥੇ ਤੇਰਾ ਧਰਮ ਤੇ ਕਿਟੇਠੇ ਸਿੱਖ ਗਏ
ਕੁਜ ਆਪਣਿਆਂ ਕੁਜ ਗੈਰਾਂ ਦੇ ਕੋਲ ਵਿਕ ਗਏ
ਕੀ ਫਾਇਦਾ ਦੱਸ ਹੋਇਆ ਤੇਰੀ ਕੁਰਬਾਨੀ ਦਾ
ਜੈਲੀ ਹਿੰਦ ਦੇ ਪੀਰ ਨਾ ਗੱਲਾਂ ਕਰਦਾ ਏ
ਖੁਦ ਆਪਣੇ ਨਾਲ ਮੈਂ ਕੁਜ ਐਦਾਂ ਗੱਲ ਕਰਦਾਂ
ਜਿੱਦਾਂ ਰਾਂਝਾ ਹੀਰ ਨਾ ਗੱਲਾਂ ਕਰਦਾ ਏ









Friday, January 17, 2014

ਕਿਸੇ ਅੱਖ ਮਾਸ਼ੂਕ ਦੀ ਚੋਈ ਸੀ ਸੁਣਿਐ ਕੁਦਰਤ ਵੀ ਰੋਈ ਸੀ

ਕਿਸੇ ਅੱਖ ਮਾਸ਼ੂਕ ਦੀ ਚੋਈ ਸੀ
ਸੁਣਿਐ ਕੁਦਰਤ ਵੀ ਰੋਈ ਸੀ
ਤਾਂਹੀ ਕੱਲ ਬਾਰਿਸ਼ ਹੋਈ ਸੀ ਤੇ ਬੱਦਲ ਵਰ੍ਹਿਆ ਸੀ
ਸੁਣਿਐ ਕੱਲ ਇਸ਼ਕ ਮੁਹੱਲੇ ਕੋਈ ਆਸ਼ਿਕ ਮਰਿਆ ਸੀ

ਕੱਲ ਕਲੀ ਕਲੀ ਕੁਰਲਾਈ ਸੀ
ਹਵਾ ਹੌਸਲਾ ਦੇਣ ਲਈ ਆਈ ਸੀ
ਤੇ ਪੱਤਾ ਪੱਤਾ ਰੁੱਖਾਂ ਦਾ ਵੀ ਡਰਿਆ ਡਰਿਆ ਸੀ
ਸੁਣਿਐ ਕੱਲ ਇਸ਼ਕ ਮੁਹੱਲੇ ਕੋਈ ਆਸ਼ਿਕ ਮਰਿਆ ਸੀ

ਕਹਿੰਦੇ ਚੰਨ ਵੀ ਸੋਗ ਲਈ ਆਇਆ ਸੀ
ਤਾਰੇ ਵੀ ਨਾਲ ਲਿਆਇਆ ਸੀ
ਬੜਾ ਵੈਨ ਚਾਨਣੀ ਪਾਇਆ ਸੀ ਅਫਸੋਸ ਜਾ ਕਰਿਆ ਸੀ
ਸੁਣਿਐ ਕੱਲ ਇਸ਼ਕ ਮੁਹੱਲੇ ਕੋਈ ਆਸ਼ਿਕ ਮਰਿਆ ਸੀ

ਕੁਜ ਅਰਸ਼ੋਂ ਆਈਆਂ ਪਰੀਆਂ ਸਨ
ਜੋ ਸਬ ਤੋਂ ਪਿੱਛੇ ਖੜ੍ਹੀਆਂ ਸਨ
ਨੈਣਾਂ ਵਿੱਚ ਲੱਗੀਆਂ ਝੜੀਆਂ ਸਨ ਮਨ ਡਾਹਡਾ ਭਰਿਆ ਸੀ
ਸੁਣਿਐ ਕੱਲ ਇਸ਼ਕ ਮੁਹੱਲੇ ਕੋਈ ਆਸ਼ਿਕ ਮਰਿਆ ਸੀ

ਪਹੁੰਚੀ ਚੀਕ ਬਹਿਸ਼ਤਾਂ ਤੀਕਣ
ਰੋਂਦਾ ਮੋਰ ਕੋਈ ਹੋਵੇ ਜੀਕਣ
ਮੈਨੂ ਸਮਝ ਨੀ ਆਈ ਕੀਕਣ ਓਹਨੇ ਇਹ ਦੁੱਖ ਜਰਿਆ ਸੀ
ਸੁਣਿਐ ਕੱਲ ਇਸ਼ਕ ਮੁਹੱਲੇ ਕੋਈ ਆਸ਼ਿਕ ਮਰਿਆ ਸੀ

ਰੋਂਦੇ ਇਸ਼ਕ ਗਲੀ ਦੇ ਕੁੱਤੇ
ਲੋਕੀਂ ਨਾਲ ਠਾਠ ਦੇ ਸੁੱਤੇ
ਤੂੰ ਕਿੰਜ ਜੈਲਦਾਰ ਦਿਲ ਉੱਤੇ ਐਡਾ ਪੱਥਰ ਧਰਿਆ ਸੀ
ਸੁਣਿਐ ਕੱਲ ਇਸ਼ਕ ਮੁਹੱਲੇ ਕੋਈ ਆਸ਼ਿਕ ਮਰਿਆ ਸੀ

Wednesday, January 15, 2014

ਸ਼ਇਰ ਦੇ ਜਜ਼ਬਾਤ ਕਈ ਤਾਂ ਬਿਜਲੀ ਵਰਗੇ ਹੁੰਦੇ ਨੇ

ਸ਼ਇਰ ਦੇ ਜਜ਼ਬਾਤ ਕਈ ਤਾਂ ਬਿਜਲੀ ਵਰਗੇ ਹੁੰਦੇ ਨੇ
ਹਾਰੀ ਸਾਰੀ ਫੜ ਨਹੀਂ ਸਕਦਾ ਤਿਤਲੀ ਵਰਗੇ ਹੁੰਦੇ ਨੇ

ਭੋਲੇ ਭਾਲੇ ਲੋਕਾਂ ਵਰਗੇ, ਇਹ ਤੀਰਾਂ ਦੀਆਂ ਨੋਕਾਂ ਵਰਗੇ
ਦੋ ਕੁੜੀਆਂ ਦੀ ਰਲਕੇ ਪਾਈ ਕਿੱਕਲੀ ਵਰਗੇ ਹੁੰਦੇ ਨੇ
ਹਾਰੀ ਸਾਰੀ ਫੜ ਨਹੀਂ ਸਕਦਾ ਤਿਤਲੀ ਵਰਗੇ ਹੁੰਦੇ ਨੇ

ਕੁਜ ਵੈਲੀ ਜਹੇ ਵੀ ਹੁੰਦੇ ਨੇ ਕੁਜ ਜੈਲੀ ਜਹੇ ਵੀ ਹੁੰਦੇ ਨੇ
ਕਿਸੇ ਬੱਚੇ ਦੀ ਮੁਸਕਾਨ ਬੁੱਲ੍ਹਾਂ ਚੋਂ ਨਿਕਲੀ ਵਰਗੇ ਹੁੰਦੇ ਨੇ
ਹਾਰੀ ਸਾਰੀ ਫੜ ਨਹੀਂ ਸਕਦਾ ਤਿਤਲੀ ਵਰਗੇ ਹੁੰਦੇ ਨੇ

ਇਹ ਕੋਮਲ ਹੁੰਦੇ ਕੱਚ ਜਹੇ ਤੇ ਡਾਹਡੇ ਹੁੰਦੇ ਸੱਚ ਜਹੇ
ਐਦਰ ਦੀ ਨਾ ਓਦਰ ਦੀ ਗੱਲ ਵਿਚਲੀ ਵਰਗੇ ਹੁੰਦੇ ਨੇ
ਹਾਰੀ ਸਾਰੀ ਫੜ ਨਹੀਂ ਸਕਦਾ ਤਿਤਲੀ ਵਰਗੇ ਹੁੰਦੇ ਨੇ

Tuesday, January 14, 2014

----ਕਬਿੱਤ - ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ----

----ਕਬਿੱਤ - ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ----

ਗੋਬਿੰਦ ਸਿੰਘ ਜੈਸਾ ਹੋਰ ਕੋਈ ਰਾਜਾ ਨਾ ਹੋਇਆ ਨਾ ਹੋਣਾ ਹਿੰਦੁਸਤਾਨ ਮੇਂ ਜੀ
ਜਿੰਨੀ ਸਿਫਤ ਕਰਾਂ ਓਨੀ ਲੱਗੇ ਥੋੜੀ ਹੋਰ ਕੀ ਕੀ ਕਹਾਂ ਉਸਦੀ ਸ਼ਾਨ ਮੇਂ ਜੀ

ਐਸਾ ਦਾਨੀ ਜੀ ਹੋਰ ਕਿਤੇ ਲਬਣਾ ਨਹੀ ਭਾਵੇਂ ਢੂੰਡ ਲਓ ਕੁੱਲ ਜਹਾਨ ਮੇਂ ਜੀ
ਪੁੱਤਰ ਦਾਨ ਕੀਤੇ ਦੋ ਸਰਹਿਂਦ ਮੇਂ ਜੀ ਦੋ ਗੜ੍ਹੀ ਚਮਕੌਰ ਘਮਸਾਨ ਮੇਂ ਜੀ

ਐਸੀ ਜ਼ੁਲਮ ਦੇ ਟਾਕਰੇ ਲਈ ਤੇਗ ਕੱਡੀ ਮੁੜ ਕੇ ਫੇਰ ਨਾ ਪਾਈ ਮਿਆਨ ਮੇਂ ਜੀ
ਯੋਧਾ , ਸੂਰਮਾ, ਦਾਨੀ, ਸਿਦਕ, ਸਬਰ, ਸਿੱਖੀ ਗੁਣ ਸਾਰੇ ਹੀ ਏਕ ਇਨਸਾਨ ਮੇਂ ਜੀ

ਨੱਚੇ ਵੈਰੀਆਂ ਦੇ ਸਿਰ ਤੇ ਕਾਲ ਬਣਕੇ ਐਸੀ ਸ਼ਕਤੀ ਸੀ ਓਸ ਕਿਰਪਾਨ ਮੇਂ ਜੀ
ਕਹਿੰਦਾ ਖਾਲਸੇ ਤੇ ਆਂਚ ਨਹੀ ਔਣ ਦੇਣੀ ਜਦੋਂ ਤੱਕ ਮੇਰੀ ਜਾਣ ਹੈ ਜਾਣ ਮੇਂ ਜੀ

ਜਿੰਨੇ ਜਿਸਮ ਓਹਦੇ ਤੇ ਜ਼ਖ਼ਮ ਹੋਏ ਓਨੇ ਤਾਰੇ ਨੀ ਹੋਣੇ ਅਸਮਾਨ ਮੇਂ ਜੀ
ਸੇਜ ਪੱਥਰਾਂ ਦੀ ਤੇ ਫਿਰ ਵੀ ਸੌਂ ਗਿਆ ਕਰਦਾ ਸ਼ੁਕਰ ਓ ਖੁੱਲੇ ਮੈਦਾਨ ਮੇਂ ਜੀ

ਜੈਲੀ ਰਚੇ ਕਬਿੱਤ ਕਲਗੀਧਰ ਜੀ ਦਾ ਰਜਬ ਅਲੀ ਨੂ ਰਖ ਕੇ ਧਿਆਨ ਮੇਂ ਜੀ
ਵਾਰਾਂ ਗੋਬਿੰਦ ਸਿੰਘ ਦੀਆਂ ਜੁਗਾਂ ਤਾਈਂ ਗੌਂਦੇ ਰਹਿਣ ਗੇ ਢਾਡੀ ਦੀਵਾਨ ਮੇਂ ਜੀ

Monday, January 13, 2014

ਕੋਈ ਰਾਤੋਂ ਰਾਤ ਸਟਾਰ ਨੀ ਹੁੰਦਾ

ਜੇ ਯਾਰਾਂ ਦਾ ਪਿਆਰ ਨਾ ਹੁੰਦਾ
ਤਾਂ ਐਡਾ ਕਾਰੋਬਾਰ ਨਾ ਹੁੰਦਾ
ਧੱਕੇ ਖਾ ਖਾ ਅਕਲ ਹੈ ਔਂਦੀ
ਕੋਈ ਰਾਤੋਂ ਰਾਤ ਸਟਾਰ ਨੀ ਹੁੰਦਾ
ਪਿਆਰ ਨਾਲ ਭਾਵੇਂ ਜਾਣ ਵੀ ਮੰਗ ਲੋ
ਧੋਖਾ ਮਗਰ ਸਹਾਰ ਨੀ ਹੁੰਦਾ
ਇੱਕ ਇੱਕ ਭਾਜੀ ਮੋੜੂੰਗਾ ਮੈਂ
ਮੈਥੋਂ ਰੱਖ ਉਧਾਰ ਨੀ ਹੁੰਦਾ
ਲੁੱਕ ਲੁੱਕ ਨੇ ਓਹ ਤੀਰ ਚਲੌਂਦੇ
ਸਾਥੋਂ ਪਿੱਠ ਤੇ ਵਾਰ ਨਹੀ ਹੁੰਦਾ
ਜੇ ਪੱਲੇ ਨਾ ਪੈਸਾ ਹੁੰਦਾ
ਤਾਂ ਐਨਾ ਸਤਕਾਰ ਨਾ ਹੁੰਦਾ
ਦਿਲ ਨਾ ਦਿੰਦੇ ਤੈਨੂ ਸੱਜਣਾਂ
ਜੇ ਤੇਰੇ ਤੇ ਇਤਬਾਰ ਨਾ ਹੁੰਦਾ
ਜੇ ਨਾ ਦੁਨੀਆ ਤਾਨੇ ਦਿੰਦੀ
ਤਾਂ ਮੈਂ ਵੀ ਕਲਾਕਾਰ ਨਾ ਹੁੰਦਾ


ਜੇ ਮੁੱਕ ਜਾਂਦਾ ਸੱਚ ਦੁਨੀਆ ਤੋਂ
ਤਾਂ ਖੌਰੇ ਸੰਸਾਰ ਨਾ ਹੁੰਦਾ
ਰਾਵਣ ਵੀ ਖੌਰੇ ਬਚ ਹੀ ਜਾਂਦਾ
ਜੇ ਕੀਤਾ ਹੰਕਾਰ ਨਾ ਹੁੰਦਾ
ਸਿੱਖ ਵੀ ਇੱਕ ਦਿਨ ਮੁੱਕ ਜਾਣੇ ਸੀ
ਜੇ ਚੁੱਕਿਆ ਹਥਿਆਰ ਨਾ ਹੁੰਦਾ
ਭਗਤ ਨੇ ਫਾਂਸੀ ਨਹੀ ਸੀ ਚੜ੍ਹਨਾ
ਜੇ ਗਾਂਧੀ ਜਿਆ ਗੱਦਾਰ ਨਾ ਹੁੰਦਾ
ਕੀ ਅਡਵਾਇਰ ਤੋਂ ਬਦਲਾ ਲੈਂਦੇ
ਜੇ ਉਧਮ ਸਿੰਘ ਸਰਦਾਰ ਨਾ ਹੁੰਦਾ
ਕੌਣ ਸਰਾਭੇ ਦਾ ਨਾਂ ਲੈਂਦਾ
ਜੇ ਸ਼ਹੀਦ ਕਰਤਾਰ ਨਾ ਹੁੰਦਾ









 

Sunday, January 12, 2014

ਪਿੰਡਾਂ ਵਿੱਚ ਮਨਾਈ ਲੋਹੜੀ

ਪਿੰਡਾਂ ਵਿੱਚ ਮਨਾਈ ਲੋਹੜੀ
ਲੱਕੜਾਂ ਦੇ ਨਾਲ ਪਾਥੀਆਂ ਦੇ ਨਾਲ
ਅੱਗ ਦੁਆਲੇ ਗੱਲਾਂ ਕਰਦੇ
ਕੱਠੇ ਹੋਕੇ ਸਾਥੀਆਂ ਦੇ ਨਾਲ

ਸ਼ਹਿਰੀ ਮੈਸੇਜ ਭੇਜ ਰਹੇ ਨੇ
ਲੈਪਟੋਪ ਨੂ ਰੱਖ ਲੈਪ ਤੇ
ਫੇਸਬੁੱਕ ਤੇ ਵੀਚੈਟ ਤੇ
ਜੀਮੇਲ ਤੇ ਵਟਸੈਪ ਤੇ

ਪਿੰਡਾਂ ਦੇ ਵਿੱਚ ਧੂਣੀ ਬਲਦੀ
ਸ਼ਹਿਰੀਂ ਬਲਦੇ ਹੀਟਰ ਜੀ
ਪਿੰਡਾਂ ਦੇ ਵਿੱਚ ਸੱਦੇ ਘੱਲਦੇ
ਸ਼ਹਿਰਾਂ ਵਿਚ ਟਵਿੱਟਰ ਜੀ

ਸ਼ਹਿਰਾਂ ਵਿੱਚ ਪਤੰਗਾ ਉੱਡਣ
ਪਿੰਡਾਂ ਦੇ ਵਿੱਚ ਰੇਤਾ ਜੀ
ਜਿਸਨੇ ਕਰਨ ਦਿਹਾੜੀ ਜਾਣਾ
ਕੀ ਲੋਹੜੀ ਦਾ ਚੇਤਾ ਜੀ

ਕਿਦਰੇ ਲੋਹੜੀ ਲੱਖ ਕਰੋੜੀ
ਹੁੰਦੀ ਧੀਆਂ ਪੁੱਤਾਂ ਦੀ
ਕਿਸੇ ਗਰੀਬ ਦੀ ਧੀ ਨੂ ਕਿਦਰੇ
ਰਬੜ ਨੀ ਲਬਦੀ ਗੁੱਤਾਂ ਦੀ

ਇੱਕ ਲੋਹੜੀ ਜੋ ਅੱਗ ਦੁਆਲੇ
ਹੱਸਦੀ ਨੱਚਦੀ ਗੌਂਦੀ ਏ
ਇੱਕ ਜਿਹੜੀ ਅੱਗ ਬੁੱਝਣ ਮਗਰੋਂ
ਦਾਣੇ ਚੁੱਕਣ ਔਂਦੀ ਏ

ਇਸ ਲੋਹੜੀ ਆ ਜੈਲਦਾਰ ਵੇ
ਸੁੱਖ ਮੰਗ ਲਈਏ ਜੱਟਾਂ ਦੀ
ਕੱਮੀਆਂ , ਸੀਰੀਆਂ, ਹਾਲੀਆਂ ਦੀ ਤੇ
ਖੇਤਾਂ, ਪਹੀਆਂ, ਵੱਟਾਂ ਦੀ

Thursday, January 9, 2014

ਖੇਤਾਂ ਵਿੱਚ ਬੈਠਾ ਜੱਟ ਫਸਲਾਂ ਨੂ ਆਖੀ ਜਾਵੇ

ਖੇਤਾਂ ਵਿੱਚ ਬੈਠਾ ਜੱਟ ਫਸਲਾਂ ਨੂ ਆਖੀ ਜਾਵੇ
ਕਿਤੇ ਨਾ ਗਰੀਬੀ ਵਿਚ ਲੰਘ ਇਹ ਵਿਸਾਖੀ ਜਾਵੇ
ਦੇਣਾਂ ਇਸ ਵਾਰੀਂ ਵੀ ਸਹਾਰਾ ਜੀ
ਕਰਜ਼ਾ ਉੱਤਰ ਜਾਵੇ ਸਾਰਾ ਜੀ

ਵੱਡੀ ਧੀ ਵਿਓਹਣੀ
ਇੱਕ ਮੱਝ ਹੈ ਲਿਓਣੀ
ਨਲਕੇ ਦੇ ਉੱਤੇ ਇੱਕ ਮੋਟਰ ਲਵੌਨੀ
ਇੱਕ ਕੋਠੇ ਉੱਤੇ ਛੱਤਣਾ ਚੁਬਾਰਾ ਜੀ
ਦੇਣਾਂ ਇਸ ਵਾਰੀਂ ਵੀ ਸਹਾਰਾ ਜੀ

ਮੁੰਡੇ ਦੀ ਪੜ੍ਹਾਈ
ਨਾਲੇ ਘਰ ਦੀ ਲਪਾਈ
ਖੇਤੀਬਾੜੀ ਦਾ ਖਰਚ
ਨਾਲੇ ਖਾਦ ਤੇ ਦਵਾਈ
ਜਾਵੇ ਨਿਕਲ ਤੇ ਆ ਜਾਵੇ ਨਜ਼ਾਰਾ ਜੀ
ਦੇਣਾਂ ਇਸ ਵਾਰੀਂ ਵੀ ਸਹਾਰਾ ਜੀ

ਸਾਰਾ ਲਾਹਕੇ ਜੇ ਉਧਾਰ
ਪੈਸੇ ਬਚ ਜਾਣ ਚਾਰ
ਮੈਂ ਵੀ ਨੰਦਪੁਰ ਜਾਕੇ
ਦੇਵਾਂ ਸੁੱਖਣਾ ਉਤਾਰ
ਮੈਨੂ ਡੁੱਬਦੇ ਨੂ ਮਿਲਜੇ ਕਿਨਾਰਾ ਜੀ
ਦੇਣਾਂ ਇਸ ਵਾਰੀਂ ਵੀ ਸਹਾਰਾ ਜੀ .......... Zaildar Pargat Singh

Wednesday, January 8, 2014

ਬਾਣੀਆ ਤੁਰ ਪਿਆ ਹੱਟੀ ਨੂੰ , ਤੇ ਜੱਟ ਕਹੀ ਵੱਲ ਹੋ ਗਿਆ ਏ

ਡੋਲੂ ਟੰਗ ਕੇ ਹੈਂਡਲ ਉੱਤੇ
ਪੈਰ ਮਾਰਕੇ ਪੈੰਡਲ ਉੱਤੇ
ਚੜ ਗਿਆ ਏ ਜੱਟ ਸੈਕਲ ਉੱਤੇ
ਕੱਚੀ ਪਹੀ ਵੱਲ ਹੋ ਗਿਆ ਏ
ਬਾਣੀਆ ਤੁਰ ਪਿਆ ਹੱਟੀ ਨੂੰ
ਤੇ ਜੱਟ ਕਹੀ ਵੱਲ ਹੋ ਗਿਆ ਏ

ਜੱਟ ਲਈ ਰੋਟੀ ਸਾਗ ਜ਼ਰੂਰੀ
ਬਾਣੀਏ ਦੇ ਲਈ ਲਾਭ ਜ਼ਰੂਰੀ
ਜੱਟ ਨੂ ਘਾਟੇ ਵਾਧੇ ਦਾ ਨਹੀਂ
ਬਾਣੀਏ ਲਈ ਹਿਸਾਬ ਜ਼ਰੂਰੀ
ਜੱਟ ਨੂੰ ਫਿਕਰ ਜ਼ਮੀਨ ਦਾ
ਬਾਣੀਆ ਲਾਲ ਬਹੀ ਵੱਲ ਹੋ ਗਿਆ ਏ
ਬਾਣੀਆ ਤੁਰ ਪਿਆ ਹੱਟੀ ਨੂੰ
ਤੇ ਜੱਟ ਕਹੀ ਵੱਲ ਹੋ ਗਿਆ ਏ

ਦੋ ਧੀਆਂ ਤੇ ਇੱਕ ਹੈ ਪੁੱਤਰ
ਕਰਜ਼ਾ ਵੀ ਹੁਣ ਜਾਊ ਉੱਤਰ
ਬਾਬਾ ਨਾਨਕ ਦੇਈ ਜਾਂਦਾ
ਡੰਗਰ ਵੱਛਾ ਰੋਟੀ ਟੁੱਕਰ
ਬਾਣੀਆ ਚੱਬੇ ਬ੍ਰੈਡਾਂ ਨੂੰ
ਜੱਟ ਦੁਧ ਦਹੀ ਵੱਲ ਹੋ ਗਿਆ ਏ
ਬਾਣੀਆ ਤੁਰ ਪਿਆ ਹੱਟੀ ਨੂੰ
ਤੇ ਜੱਟ ਕਹੀ ਵੱਲ ਹੋ ਗਿਆ ਏ

ਮੈਂ ਕੀ ਲੈਣਾ ਮਹਿਲ ਬਣਾ ਕੇ
ਵਿੱਚ ਬਰਾਂਡੇ ਟੈਲ ਲੁਆਕੇ
ਸਿੱਧਾ ਸਾਦਾ ਘਰ ਛੱਤੂੰਗਾ
ਡੰਗਰਾਂ ਲਈ ਛਪਰੈਲ ਲੁਆ ਕੇ
ਪਿਛਲੇ ਹੜ੍ਹ ਵਿੱਚ ਡਿੱਗ ਪਈ ਸੀ
ਉਸ ਕੰਧ ਢਹੀ ਵੱਲ ਹੋ ਗਿਆ ਏ
ਬਾਣੀਆ ਤੁਰ ਪਿਆ ਹੱਟੀ ਨੂੰ
ਤੇ ਜੱਟ ਕਹੀ ਵੱਲ ਹੋ ਗਿਆ ਏ

ਭਾਵੇਂ ਸਿੱਖਿਆ ਕਰਨਾ ਸਬਰ ਜੱਟ ਨੇ
ਪਰ ਸਹਿਣਾ ਨਹੀਂ ਹੁਣ ਜਬਰ ਜੱਟ ਨੇ
ਮਾੜੀ ਅੱਖ ਕਿਸੇ ਜੇ ਰੱਖੀ
ਦੇਣੀ ਈ ਪੁੱਟ ਕਬਰ ਜੱਟ ਨੇ
ਛੱਡ ਕੇ ਵਿੰਗ ਵਲੇਵੇਂ ਓ
ਗੱਲ ਸਿੱਧੀ ਜਹੀ ਵੱਲ ਹੋ ਗਿਆ ਏ
ਬਾਣੀਆ ਤੁਰ ਪਿਆ ਹੱਟੀ ਨੂੰ
ਤੇ ਜੱਟ ਕਹੀ ਵੱਲ ਹੋ ਗਿਆ ਏ ............. Zaildar

Tuesday, January 7, 2014

ਕਿਤੇ ਇਸ਼ਕ ਨਾ ਹੋ ਜਾਵੇ, ਸੁਪਨੇ ਵਿਚ ਆਵੀਂ ਨਾਂ

ਜਦੋਂ ਨਾਮ ਤੇਰਾ ਬੋਲਾਂ, ਸੱਜਣਾ ਸ਼ਰਮਾਵੀਂ ਨਾਂ
ਕਿਤੇ ਇਸ਼ਕ ਨਾ ਹੋ ਜਾਵੇ, ਸੁਪਨੇ ਵਿਚ ਆਵੀਂ ਨਾਂ

ਕੁਦਰਤ ਦੇ ਬਾਗਾਂ ਦਾ, ਤੂੰ ਐਸਾ ਫੁੱਲ ਸੱਜਣਾਂ
ਖੁਦ ਕੁਦਰਤ ਵੀ ਲੈ ਨਹੀਂ ਜਿਹਨੂ ਸਕਦੀ ਮੁੱਲ ਸੱਜਣਾਂ
ਲੱਖ ਮੌਸਮ ਬਦਲਣਗੇ, ਪਰ ਤੂੰ ਮੁਰਝਾਵੀਂ ਨਾਂ
ਕਿਤੇ ਇਸ਼ਕ ਨਾ ਹੋ ਜਾਵੇ, ਸੁਪਨੇ ਵਿਚ ਆਵੀਂ ਨਾਂ

ਤੇਰੇ ਵੱਲ ਦੌੜ ਪਏ, ਭੌਰੇ ਫੁੱਲ ਛੱਡਕੇ ਨੀ
ਕੱਲ ਕਾਲਿਜ ਆਈ ਸੀ ਜਦ ਟੌਹਰ ਜਿਹਾ ਕੱਡਕੇ ਨੀ
ਫੁੱਲ ਗੁੱਸੇ ਹੋ ਜਾਣਗੇ ਬਾਗਾਂ ਵੱਲ ਜਾਵੀਂ ਨਾ
ਕਿਤੇ ਇਸ਼ਕ ਨਾ ਹੋ ਜਾਵੇ, ਸੁਪਨੇ ਵਿਚ ਆਵੀਂ ਨਾਂ

ਮੈਂ ਸੁਣਿਐ ਕੱਲਾ ਬਹਿ, ਓਹ ਗਾਣੇ ਲਿਖਦਾ ਏ
ਕੁਜ ਸਮਝ ਨਾ ਔਂਦੀ ਕੀ ਰੱਬ ਜਾਣੇ ਲਿਖਦਾ ਏ
ਜਾ ਫੜ ਲ ਹੱਥ ਉਹਦਾ. ਮਗਰੋਂ ਪਛਤਾਵੀਂ ਨਾਂ
ਕਿਤੇ ਇਸ਼ਕ ਨਾ ਹੋ ਜਾਵੇ, ਸੁਪਨੇ ਵਿਚ ਆਵੀਂ ਨਾਂ

ਬੜਾ ਜੈਲ ਦਾਰ ਚੰਦਰਾ, ਤੇਰੇ ਤੇ ਈ ਬਸ ਮਰਦਾ
ਪਰ ਦਿਲ ਦੀ ਗੱਲ ਤੈਨੂ ਦੱਸਣੇ ਤੋ ਹੈ ਡਰਦਾ
ਕਿਤੇ ਮਰ ਹੀ ਨਾ ਜਾਵੇ, ਤੂੰ ਮੁੱਖ ਪਰਤਾਵੀਂ ਨਾਂ
ਕਿਤੇ ਇਸ਼ਕ ਨਾ ਹੋ ਜਾਵੇ, ਸੁਪਨੇ ਵਿਚ ਆਵੀਂ ਨਾਂ