Monday, September 22, 2014

ਭੱਜਦੀ ਫਿਰੇ ਰਪਈਆਂ ਪਿੱਛੇ
ਲਾਹਨਤ ਤੇਰੇ ਜਹੀਆਂ ਪਿੱਛੇ

ਓਹਣਾ ਪਿੱਛੇ ਕੁਈ ਨਹੀਂ ਹੁੰਦਾ
ਹੁੰਦੇ ਨੇ ਜੋ ਕਈਆਂ ਪਿੱਛੇ

ਨਾਲ ਸਮੇਂ ਦੇ ਜੋ ਨਾ ਤੁਰੀਆਂ
ਓ ਆਖਰ ਨੂੰ ਰਹੀਆਂ ਪਿੱਛੇ
---
ਅੱਧ ਵਿਚਕਾਰੇ ਜੱਟ ਬੈਠਾ ਏ
ਅੱਗੇ ਵਾਹਨ ਤੇ ਪਹੀਆਂ ਪਿੱਛੇ

ਸ਼ਹਿਰੀ ਭੱਜਣ ਪੈਸੇ ਪਿੱਛੇ
ਪੇਂਡੂ ਗਊਆਂ ਮਈਆਂ ਪਿੱਛੇ ......Zaildar
ਹੱਥ ਨਾਂ ਲਾ , ਪਛਤਾਏਂਗਾ ਵੀ
ਜੇ ਮਾਰੇਂਗਾ , ਖਾਏਂਗਾ ਵੀ

ਮੌਤ ਤੋਂ ਕਾਹਤੋਂ ਡਰਦਾ ਰਹਿਨੈਂ
ਜੇ ਆਇਐ ਸੈ ਜਾਏਂਗਾ ਵੀ

ਦਿਲ ਦੀ ਗੱਲ ਤੇ ਦੱਸ ਦੇਵੇੰਗਾ
ਪਰ ਜਾਣਦਾ ਹਾਂ ਸ਼ਰਮਾਏਂਗਾ ਵੀ

ਹੁਣ ਤਾਂ ਕਹਿਨੈਂ ਲਾ ਲੈ ਯਾਰੀ
ਜੇ ਲਾ ਲਈ ਨਿਭਾਏਂਗਾ ਵੀ ?

ਕਹਿਨੈਂ ਤਾਰੇ ਤੋੜ ਲਿਆਵਾਂ
ਜੇ ਮੈਂ ਕਹਾਂ ਲਿਆਏੰਗਾ ਵੀ ?

ਕਹਿਨੈਂ ਦਿਲ ਤੇ ਨਾਂ ਲਿਖਿਆ ਏ
ਜੇ ਮੈਂ ਕਹਾਂ ਵਿਖਾਏਂਗਾ ਵੀ ?

ਹੱਸਦਿਆਂ ਦੇ ਨਾਲ ਹੱਸ ਤਾ ਲੈਣੈਂ
ਜੇ ਰੁੱਸ ਗਏ, ਮਨਾਏਂਗਾ ਵੀ ?

ਰੇਤ ਦੇ ਮਹਿਲ ਬਣਾਈ ਜਾਣੈ
ਮੈਨੂ ਲੱਗਦੈ ਢਾਏਂਗਾ ਵੀ

ਜਿਸਮ ਤੇ ਲੱਖਾਂ ਜ਼ਖਮ ਨੇ ਹੋਏ
ਗੱਲ ਕੀ ਹੋਈ ਸੁਨਾਏਂਗਾ ਵੀ ?

ਬਿਨ ਮਤਲਬ ਦਾ ਲਿਖਦਾ ਰਹਿਨੈਂ
ਲਿਖ ਤਾਂ ਲੈਨੇਂ, ਗਾਏਂਗਾ ਵੀ ? ..... Zaildar Pargat Singh

ਨਾਲ ਕਿਓਂ ਮੇਰੇ ਚੱਲਦਾ ਨਹੀਂ ਕੀ ਤੂੰ ਮੇਰੇ ਵੱਲ ਦਾ ਨਹੀਂ ?

ਨਾਲ ਕਿਓਂ ਮੇਰੇ ਚੱਲਦਾ ਨਹੀਂ
ਕੀ ਤੂੰ ਮੇਰੇ ਵੱਲ ਦਾ ਨਹੀਂ ?

ਖੁਦ ਨੂੰ ਸੂਰਜ ਮੰਨਦਾ ਐਂ
ਸੂਰਜ ਕਿਹੜਾ ਢਲਦਾ ਨਹੀਂ

ਜਾਨਵਰਾਂ ਜਹੀ ਹਰਕਤ ਕਰਦੈਂ
ਤੂੰ ਬੰਦਿਆਂ ਨਾਲ ਰਲਦਾ ਨਹੀਂ

ਬੰਦਿਆਂ ਵਾਲੀ ਗੱਲ ਕਰੇ ਨਾਂ
ਓਹ ਬੰਦਾ ਕਿਸੇ ਗੱਲ ਦਾ ਨਹੀਂ

ਝੂਠ ਦਾ ਸੌਦਾ ਫਲ ਦੇ ਦਿੰਦੈ
ਪਰ ਸੱਚ ਪੁੱਛੋ ਫਲਦਾ ਨਹੀਂ

ਉਮਰਾਂ ਦੀ ਗੱਲ ਆਖੀ ਜਾਨੈ
ਯਾਰ ਭਰੋਸਾ ਪਲ ਦਾ ਨਹੀਂ

ਰੱਬ ਅੱਗੇ ਹੱਥ ਜੋੜ ਲਵੇ ਜੋ
ਓਹ ਮਗਰੋਂ ਹੱਥ ਮਲਦਾ ਨਹੀਂ

ਕਾਲ ਨੇ ਜੇਕਰ ਔਣਾ ਹੋਵੇ
ਆ ਕੇ ਹਟਦੈ ਟਲਦਾ ਨਹੀਂ

ਪਰਗਟ ਦਾ ਦਿਲ ਪੱਥਰ ਦਾ ਹੈ
ਪਿਘਲ ਤਾਂ ਜਾਂਦੈ ਗਲਦਾ ਨਹੀਂ

Wednesday, September 10, 2014

ਮੇਲ ਨਹੀਓਂ ਕੋਈ ਪੱਗ ਤੇ ਡਰੱਗ ਦਾ

ਸ਼ੇਰ ਨਸ਼ਾ ਕਰਦਾ ਚੰਗਾ ਨਹੀ ਲੱਗਦਾ
ਮੇਲ ਨਹੀਓਂ ਕੋਈ ਪੱਗ ਤੇ ਡਰੱਗ ਦਾ

ਭੁੱਲ ਗਿਐਂ ਕਾਹਤੋਂ ਮੂਰਖਾ ਨਿਕੱਮਿਆ
ਜਿਸ ਧਰਤੀ ਤੇ ਸੀ ਭਗਤ ਜੱਮਿਆ
ਅੱਜ ਨਸ਼ਿਆਂ ਦਾ ਪਿਆ ਦਰਿਆ ਏ ਵੱਗਦਾ 
ਮੇਲ ਨਹੀਓਂ ਕੋਈ ਪੱਗ ਤੇ ਡਰੱਗ ਦਾ

ਪੁੱਤ ਮਾੜੀ ਸੰਗਤ ਚ ਬਹਿਨ ਲੱਗਿਆ
ਬੇਬੇ ਬਾਪੂ ਨੂ ਫੇ ਡਰ ਰਹਿਣ ਲੱਗਿਆ
ਪੱਕੀ ਫਸਲ ਨੂ ਡਰ ਜਿਵੇਂ ਅੱਗ ਦਾ
ਮੇਲ ਨਹੀਓਂ ਕੋਈ ਪੱਗ ਤੇ ਡਰੱਗ ਦਾ

ਹੱਥਾਂ ਵਿੱਚ ਚਿੱਟਾ ਸਿਰ ਉੱਤੇ ਪਗੜੀ
ਤਲੀਆਂ ਤੇ ਭੰਗ ਰਖ ਜਾਂਦੇ ਰਗੜੀ
ਚੂਸ ਲਿਆ ਰੱਤ ਇਹਨੇ ਰਗ ਰਗ ਦਾ 
ਮੇਲ ਨਹੀਓਂ ਕੋਈ ਪੱਗ ਤੇ ਡਰੱਗ ਦਾ

ਜਿਸਮ ਚ ਜਾਨ ਜੁੱਸਾ ਜੋਸ਼ ਕੋਈ ਨਾ
ਨਸ਼ੇ ਪਿੱਛੋਂ ਰਹਿੰਦੀ ਫੇਰ ਹੋਸ਼ ਕੋਈ ਨਾ
ਬਾਪ ਨੂੰ ਹੀ ਦੇਖਿਆ ਮੈਂ ਪੁੱਤ ਠੱਗਦਾ
ਮੇਲ ਨਹੀਓਂ ਕੋਈ ਪੱਗ ਤੇ ਡਰੱਗ ਦਾ

ਅੱਧਪੱਕੇ ਫਲ ਵਾਂਗ ਟੁੱਟ ਜਾਏਂਗਾ
ਸਮਾਂ ਔਣ ਤੋਂ ਹੀ ਪਹਿਲਾਂ ਫੁੱਟ ਜਾਏਂਗਾ
ਜੈਲਦਾਰਾ ਬੁਲਬੁਲਾ ਜਿਵੇਂ ਝੱਗ ਦਾ
ਮੇਲ ਨਹੀਓਂ ਕੋਈ ਪੱਗ ਤੇ ਡਰੱਗ ਦਾ