Tuesday, April 23, 2013

ਅੱਜ ਨਾਮ ਮੇਰਾ ਲਿਖ ਮਾਰਦੀ ਗੂਗਲ ਤੇ ਸਰਚਾਂ

ਨਾਮ ਮੇਰਾ ਸੁਣ ਕੇ ਜਿਸਨੂ ਸਨ ਲਗਦੀਆਂ ਮਰਚਾਂ
ਅੱਜ ਨਾਮ ਮੇਰਾ ਲਿਖ ਮਾਰਦੀ ਗੂਗਲ ਤੇ ਸਰਚਾਂ

ਮੇਰੇ ਗੀਤਾਂ ਸ਼ੇਰਾਂ ਨੂ ਓ ਵੇਸਟ ਦੱਸਦੀ ਸੀ
ਮੇਰੇ ਖੁਦ ਦੀਆਂ ਸਨ ਰਚਨਾਵਾਂ ਓ ਕਾਪੀ ਪੇਸਟ ਦੱਸਦੀ ਸੀ
ਦੱਸੋ ਓਹਦੇ ਦਿੱਤੇ ਤਾਹਨੇੱਆਂ ਨੂੰ ਮੈਂ ਕਿਥੇ ਖਰਚਾਂ
ਅੱਜ ਨਾਮ ਮੇਰਾ ਲਿਖ ਮਾਰਦੀ ਗੂਗਲ ਤੇ ਸਰਚਾਂ

ਜੀ ਜੈਲਦਾਰ ਨੂੰ ਹੁੰਦੀ ਸੀ ਜੋ ਗਾਲਾਂ ਕੱਡਦੀ
ਹੁਣ ਨਿੱਤ ਹੀ ਲਵ ਯੂ ਲਿਖ ਲਿਖ ਕੇ ਓ ਮੇੱਸੇਜ ਛੱਡਦੀ
ਮੇਰਾ ਬੁਰਾ ਰਹਿੰਦੀ ਸੀ ਮੰਗਦੀ ਜਾ ਮੰਦਰਾਂ ਚਰਚਾਂ
ਅੱਜ ਨਾਮ ਮੇਰਾ ਲਿਖ ਮਾਰਦੀ ਗੂਗਲ ਤੇ ਸਰਚਾਂ

ਜਿਹਦੇ ਲਈ ਪਿਆਰ ਤੋਂ ਜ਼ਿਆਦਾ ਸੀਗੀ ਐਸ਼ ਜ਼ਰੂਰੀ
ਜੀ ਦਿਲ ਦੀ ਦੌਲਤ ਨਾਲੋਂ ਜ਼ਯਾਦਾ ਕੈਸ਼ ਜ਼ਰੂਰੀ
ਜਿਸ ਪੈਰਾਂ ਹੇਠ ਮਧੋਲਿਆ ਸੀ ਮੇਰੇ ਪਿਆਰ ਦਾ ਪਰਚਾ
ਅੱਜ ਨਾਮ ਮੇਰਾ ਲਿਖ ਮਾਰਦੀ ਗੂਗਲ ਤੇ ਸਰਚਾਂ

ਮੈਂ ਕਿਹਾ ਸੀ ਚਲਦਾਂ ਨਾਲ ਤੇਰੇ ਦੁਖ ਸੁਖ ਵੰਡਣ ਨੂੰ
ਓ ਕਹਿੰਦੀ ਸਬ ਕੁਜ ਵੇਚ ਦੇ ਲੈ ਚਲ ਲੰਡਨ ਨੂੰ
ਜਿਹੜੀ ਰਹਿੰਦੀ ਨਾਲ ਸ਼ਰੀਕਾਂ ਕਰਦੀ ਮੇਰੀ ਚਰਚਾ
ਅੱਜ ਨਾਮ ਮੇਰਾ ਲਿਖ ਮਾਰਦੀ ਗੂਗਲ ਤੇ ਸਰਚਾਂ

Thursday, April 11, 2013

ਓਥੇ ਓਥੇ ਬਣ ਜਾਂਦੇ ਨੇ ਸ਼ਹਾਦਤਾਂ ਦੇ ਮਹਿਲ ਜਿਥੇ ਯੋਧੇ ਸੂਰਵੀਰਾਂ ਵਾਲੀ ਰੱਤ ਡਿੱਗ ਪੈਂਦੀ ਏ

ਓਥੇ ਓਥੇ ਬਣ ਜਾਂਦੇ ਨੇ ਸ਼ਹਾਦਤਾਂ ਦੇ ਮਹਿਲ
ਜਿਥੇ ਯੋਧੇ ਸੂਰਵੀਰਾਂ ਵਾਲੀ ਰੱਤ ਡਿੱਗ ਪੈਂਦੀ ਏ

ਜਿਹੜਾ ਰੱਬ ਨੂ ਨਾਂ ਭੁੱਲੇ
ਓ ਹੀ ਲੁੱਟਦਾ ਏ ਬੁੱਲੇ
ਜਿਹੜਾ ਦਿੰਦਾ ਏ ਵਿਸਾਰ
ਬੰਦ ਹੋਣ ਬੂਹੇ ਖੁੱਲੇ
ਨਾ ਫੇ ਮਿਲਦਾ ਸਹਾਰਾ ਯਾਰਾ ਮੀਹਾਂ ਝੱਖੜਾਂ ਤੋਂ
ਕੱਚੀ ਕੁੱਲੀ ਵਾਲੀ ਜਦੋਂ ਕਿਤੇ ਛੱਤ ਡਿੱਗ ਪੈਂਦੀ ਏ
ਓਥੇ ਓਥੇ ਬਣ ਜਾਂਦੇ ਨੇ ਸ਼ਹਾਦਤਾਂ ਦੇ ਮਹਿਲ
ਜਿਥੇ ਯੋਧੇ ਸੂਰਵੀਰਾਂ ਵਾਲੀ ਰੱਤ ਡਿੱਗ ਪੈਂਦੀ ਏ

ਤਾਕਤਾਂ ਦਾ ਜੀ ਬੁਖਾਰ
ਬਸ ਰਹਿੰਦਾ ਦਿਨ ਚਾਰ
ਪੈਂਦੀ ਸਮੇਂ ਦੀ ਜੋ ਮਾਰ
ਵੱਡੇ ਵੱਡੇ ਜਾਂਦੇ ਹਾਰ
ਹੁੰਦਾ ਸ਼ੇਰ ਦਾ ਵੀ ਯਾਰੋ ਜੀ ਅਯਾਲ ਨਾਲ ਰੋਹਬ
ਕੋਈ ਪੁੱਛਦਾ ਨਾ ਜਦੋਂ ਉਹਦੀ ਜਤ ਡਿੱਗ ਪੈਂਦੀ ਏ
ਓਥੇ ਓਥੇ ਬਣ ਜਾਂਦੇ ਨੇ ਸ਼ਹਾਦਤਾਂ ਦੇ ਮਹਿਲ
ਜਿਥੇ ਯੋਧੇ ਸੂਰਵੀਰਾਂ ਵਾਲੀ ਰੱਤ ਡਿੱਗ ਪੈਂਦੀ ਏ

ਕੌਮਾਂ ਦੀਆਂ ਅਣਖਾਂ ਚ
ਜਦੋਂ ਪੈਂਦੇ ਵਿੰਗ ਜੇਹੇ
ਓਦੋਂ ਓਦੋਂ ਪੈਦਾ ਹੁੰਦੇ
ਜੀ ਗੋਬਿੰਦ ਸਿੰਘ ਜੇਹੇ
ਜਦੋਂ ਚੁੱਕੇ ਸ਼ਮਸ਼ੀਰ ਕੋਈ ਜ਼ੁਲਮਾਂ ਦੇ ਅੱਗੇ
ਫੇਰ ਅਣਖਾਂ ਦੇ ਪੈਰੀ ਆਕੇ ਅੱਤ ਡਿੱਗ ਪੈਂਦੀ ਏ
ਓਥੇ ਓਥੇ ਬਣ ਜਾਂਦੇ ਨੇ ਸ਼ਹਾਦਤਾਂ ਦੇ ਮਹਿਲ
ਜਿਥੇ ਯੋਧੇ ਸੂਰਵੀਰਾਂ ਵਾਲੀ ਰੱਤ ਡਿੱਗ ਪੈਂਦੀ ਏ

ਰੱਬਾ ਸੋਚ ਰੱਖਾਂ ਉੱਚੀ
ਅਤੇ ਮਨ ਰੱਖਾਂ ਨੀਵਾਂ
ਸਦਾ ਹੌਸਲੇ ਹੀ ਖਾਵਾਂ
ਅਤੇ ਜ਼ਜ਼ਬੇ ਹੀ ਪੀਵਾਂ
ਰੱਖ ਅਕਲਾਂ ਤੇ ਜ਼ੋਰ ਨਾ ਕਿ ਸ਼ਕਲਾਂ ਤੇ ਜ਼ੋਰ
ਬੰਦਾ ਉਦੋਂ ਗਿਰ ਜਾਂਦਾ ਜਦੋਂ ਮੱਤ ਡਿੱਗ ਪੈਂਦੀ ਏ
ਓਥੇ ਓਥੇ ਬਣ ਜਾਂਦੇ ਨੇ ਸ਼ਹਾਦਤਾਂ ਦੇ ਮਹਿਲ
ਜਿਥੇ ਯੋਧੇ ਸੂਰਵੀਰਾਂ ਵਾਲੀ ਰੱਤ ਡਿੱਗ ਪੈਂਦੀ ਏ

ਜਿਹਨਾਂ ਲੱਗੀਆਂ ਪੂਗਾਈਆਂ
ਜਿਹਨਾਂ ਤੋੜ ਸੀ ਨਿਭਾਈਆਂ
ਜੈਲਦਾਰ ਨਾਲ ਨਾਲ
ਜਿਹਨਾਂ ਉਮਰਾਂ ਬਿਤਾਈਆਂ
ਪੱਤ ਹੋਵੇ ਜਦੋਂ ਨਾਲ ਬੰਦਾ ਹੁੰਦਾ ਨਹੀਂ ਕੰਗਾਲ
ਰਹਿੰਦਾ ਕੱਖ ਵੀ ਨਾ ਪੱਲੇ ਜਦੋਂ ਪੱਤ ਡਿੱਗ ਪੈਂਦੀ ਏ
ਓਥੇ ਓਥੇ ਬਣ ਜਾਂਦੇ ਨੇ ਸ਼ਹਾਦਤਾਂ ਦੇ ਮਹਿਲ
ਜਿਥੇ ਯੋਧੇ ਸੂਰਵੀਰਾਂ ਵਾਲੀ ਰੱਤ ਡਿੱਗ ਪੈਂਦੀ ਏ
ਕਿਓਂ ਮਿੱਟੀ ਹੋਈ ਪਲੀਤ ਜਹੀ
ਕਿਓਂ ਮੱਤ ਹੋਈ ਭੈਭੀਤ ਜਿਹੀ
ਕਿਓਂ ਅਣਖਾਂ ਨੂ ਘੁਣ ਲੱਗ ਗਿਆ ਏ
ਕਿਓਂ ਰੱਤ ਹੋ ਗਈ ਸੀਤ ਜਿਹੀ

ਕਿਓਂ ਪਿਆਰ ਹੋਈ ਜਿਸਮਾਨੀ ਜੀ
ਰੂਹਾਂ ਦੀ ਹੋ ਗਈ ਹਾਨੀ ਜੀ
ਓਹੀ ਗੱਲ ਬੇਅਕਲੀ ਕਰਦਾ ਹੈ
ਜਿਹਿਨੂ ਸਮਝਿਆ ਅਸੀਂ ਗਿਆਨੀ ਜੀ

ਕਿਓਂ ਰੱਤ ਦੀ ਰੋਟੀ ਪੱਕਦੀ ਏ
ਤੇ ਖਲ੍ਕਤ ਫਿਰ ਵੀ ਸ਼ੱਕਦੀ ਏ
ਕੋਈ ਫਿਕਰ ਨਾ ਬੁੱਢੇ ਝਾਟੇ ਦੀ
ਹੋਈ ਫੈਨ ਜੋ ਪਤਲੇ ਲੱਕ ਦੀ ਏ

ਅਣਖਾਂ ਦੇ ਬੂਹੇ ਬੰਦ ਪਏ
ਥੋਡੇ ਨੁੱਕਰ ਦੇ ਵਿਚ ਸੰਦ ਪਏ
ਇਤਿਹਾਸ ਨੂ ਰੁਲਦੇ ਦੇਖਿਆ ਹੈ
ਜੀ ਡਸਟਬਿਨਾਂ ਵਿਚ ਛੰਦ ਪਏ

ਕਿੰਜ ਇਸ਼੍ਕ਼ ਦਾ ਮਤਲਬ ਦੱਸਾਂ ਮੈਂ
ਹੁਣ ਰੋਵਾਂ ਮੈਂ ਕੇ ਹੱਸਾਂ ਮੈਂ
ਏਦਰ ਖੂਹ ਓਦਰ ਖਾਈ ਹੈ
ਮੌਲਾ ਜੀ ਕਿੱਦਰ ਨੱਸਾਂ ਮੈਂ

ਜਦ ਚੁੰਨੀ ਸਿਰ ਤੋਂ ਲੱਥੀ ਜੀ
ਫਿਰ ਵਿਕ ਗਈ ਹੱਥੋ ਹੱਥੀ ਜੀ
ਐਥੇ ਕਿਸੇ ਨਿਆ ਤੇਰਾ ਕਰਨਾ ਨਹੀਂ
ਚਲੋ ਕਾਗਜ਼ ਕਰਲੋ ਨੱਥੀ ਜੀ

ਰੂਹਾਂ ਦਾ ਬਾਲਣ ਬਣਿਆ ਏ
ਲਾਲਚ ਦਾ ਸਾਲਣ ਬਣਿਆ ਏ
ਐਥੇ ਹਵਸ ਨੂ ਠੰਡੀ ਕਰਨੇ ਨੂੰ
ਜਿਸਮਾਂ ਨੂੰ ਜਾਲਣ ਬਣਿਆ ਏ

ਗੱਲ ਦੂਨਿਓਂ ਹੋਗੀ ਡੇਢ ਜਹੀ
ਅਣਖਾਂ ਨਾਲ ਹੋਈ ਖੇਡ ਜਹੀ
ਜਿਹੜਾ ਬੱਬਰ ਸ਼ੇਰ ਸੀ ਗਰਜਦਾ
ਹੁਣ ਕਾਹਨੂੰ ਬਣ ਗਿਆ ਭੇਡ ਜਹੀ


ਅਣਾਖਾਂ ਦੇ ਹਿੱਲ ਗਏ ਥਮਲੇ ਜਦ
ਵਿਰਸੇ ਤੇ ਹੋਏ ਹਮਲੇ ਜਦ
ਨਾ ਲੱਭੇ ਸਾਦਕ ਯਮਲੇ ਜਦ
ਮਸਤਾਨੇ ਨਾ ਹੀ ਰਮਲੇ ਜਦ
ਫਿਰ ਕਿੱਸਿਆਂ ਵਿਚ ਵੀ ਲਬਣੇ ਨਹੀਂ
ਤੇ ਰੋ ਰੋ ਹੋਣਾ ਕਮਲੇ ਤਦ

ਕਿਓਂ ਵਿਰਸਾ ਹੋ ਗਿਆ ਫਾਡੀ ਜੀ
ਕਿਥੇ ਢੱਡ ਗਈ ਕਿਥੇ ਢਾਡੀ ਜੀ
ਕਿਥੇ ਕਾਂਟੋਂ ਤੇ ਅਲਗੋਜ਼ੇ ਨੇ
ਦੱਸੋ ਬਿੱਲੂ ਜੀ ਦੱਸੋ ਲਾਡੀ ਜੀ

ਇਹ ਮੁੱਲ ਨਹੀਂ ਮਿਲਦੇ ਵਿਰਸੇ ਜੀ
ਨਾ ਨਾਭੇ ਨਾ ਹੀ ਸਿਰਸੇ ਜੀ
ਫਿਰ ਮੈਨੂ ਮੁੜ ਮੁੜ ਆਖੋਗੇ
ਜ਼ਰਾ ਬਾਤ ਸੁਨਾਨਾ ਫਿਰ ਸੇ ਜੀ

ਐਥੇ ਜੋ ਵੀ ਬੋਲਦਾ ਸੱਚਾ ਏ
ਓਹਨੂ ਕਹਿੰਦੇ ਨੇ ਅਜੇ ਬੱਚਾ ਏ
ਜਿਸ ਘੜੇ ਨੇ ਪਾਰ ਲੰਘਾਓਨਾ ਏ
ਓਹਨੂ ਕਹਿੰਦੇ ਨੇ ਅਜੇ ਕੱਚਾ ਏ

ਐਥੇ ਨਕਲਾਂ ਵਾਲੀ ਗੱਲ ਕਰੋ
ਐਥੇ ਸ਼ਕਲਾਂ ਵਾਲੀ ਗੱਲ ਕਰੋ
ਕੀ ਪਿਆਰ ਪਿਆਰ ਕਰੀ ਜਾਨੇ ਓ
ਕੋਈ ਅਕਲਾਂ ਵਾਲੀ ਗੱਲ ਕਰੋ

ਚਲੋ ਨੀਂਦ ਗੁਆਈ ਗੱਲ ਨਹੀਂ
ਨਾ ਖਾਬ ਗੁਆ ਕੇ ਬਹਿ ਜਾਇਓ
ਨਾ ਹਿੰਦੁਸਤਾਨ ਦੇ ਨਕਸ਼ੇ ਚੋਂ
ਪੰਜਾਬ ਗੁਆ ਕੇ ਬਹਿ ਜਾਇਓ

ਜਿਹਦੇ ਖੀਸੇ ਵਿਚ ਰੁਪਈਏ ਜੀ
ਓਹਨੂ ਅਸੀਂ ਕਿਵੇਂ ਕੁਜ ਕਹੀਏ ਜੀ
ਐਥੇ ਝੂਠ ਦੇ ਪੈਸੇ ਮਿਲਦੇ ਨੇ
ਭਾਵੇਂ ਜਿੰਨੇ ਮਰਜ਼ੀ ਲਈਏ ਜੀ

ਐਥੇ ਜੈਲੀ ਵਰਗੇ ਕਾਇਰ ਜੀ
ਐਵੇਂ ਬਣੇ ਨੇ ਫਿਰਦੇ ਸ਼ਇਰ ਜੀ
ਗੱਲਾਂ ਵਿਚ ਭੋਰਾ ਵਜ਼ਨ ਨਹੀਂ
ਐਵੇ ਕਰਦੇ ਫੋਕੇ ਫਾਇਰ ਜੀ

ਐਥੇ ਗਲਾਂ ਚ ਪਾਓਂਦੇ ਟਾਇਰ ਜੀ
ਲੱਖਾਂ ਜੀ ਜਨਰਲ ਡਾਇਰ ਜੀ
ਕਿ ਗੱਲ ਕਰੀਏ ਇਨ੍ਸਾਫਾਂ ਦੀ
ਓਹਨਾਂ ਦੇ ਹੀ ਜੱਜ ਤੇ ਲਾਇਰ ਜੀ

ਸਾਨੂ ਹੋ ਗਈਆਂ ਕਈ ਵੀਕਾਂ ਜੀ
ਅਸੀਂ ਨੱਕ ਨਾਲ ਵਾਹੀਆਂ ਲੀਕਾਂ ਜੀ
ਇਨਸਾਫ ਅਜੇ ਤੱਕ ਮਿਲਿਆ ਨਹੀਂ
ਉਂਜ ਮਿਲੀਆਂ ਬਹੁਤ ਤਰੀਕਾਂ ਜੀ

ਏ ਕਲਮ ਤਾਂ ਮੇਰੀ ਰੁਕਨੀ ਨਹੀਂ
ਮੇਰੀ ਗੱਲ ਤਾ ਛੇਤੀ ਮੁੱਕਣੀ ਨਹੀਂ
ਏ ਰਤ ਮੇਰੇ ਦੀ ਸਿਆਹੀ ਹੈ
ਏਹ ਏਨੀ ਛੇਤੀ ਸੁੱਕਣੀ ਨਹੀਂ











Wednesday, April 10, 2013

ਸਬਰ ਜੇ ਹੈ ਸਿੱਖਣਾ ਫਕੀਰਾਂ ਤੋਂ ਸਿੱਖੋ

ਸਬਰ ਜੇ ਹੈ ਸਿੱਖਣਾ ਫਕੀਰਾਂ ਤੋਂ ਸਿੱਖੋ
ਜੇ ਆਕੜ ਹੈ ਸਿੱਖਣੀ ਅਮੀਰਾਂ ਤੋਂ ਸਿੱਖੋ
ਅੜੇ ਕਿੰਜ ਹੈ ਰਹੀਣਾਂ ਸ਼ਤੀਰਾਂ ਤੋਂ ਸਿੱਖੋ
ਜੇ ਸ਼ਰਧਾ ਹੈ ਸਿੱਖਣੀ ਤਾਂ ਮੀਰਾਂ ਤੋਂ ਸਿੱਖੋ
ਸਦਾ ਸਿੱਧੇ ਤੁਰਨਾ ਜੀ ਤੀਰਾਂ ਤੋਂ ਸਿੱਖੋ
ਕੇ ਨੀਵੇਂ ਨੂ ਜਾਣਾ ਤੇ ਨੀਰਾਂ ਤੋਂ ਸਿੱਖੋ
ਗਰੀਬਾਂ ਦੇ ਤਨ ਤੇ ਜੋ ਲੀਰਾਂ ਤੋਂ ਸਿੱਖੋ

ਨਾ ਰਾਂਝੇ ਤੋਂ ਸਿੱਖੋ ਨਾ ਹੀਰਾਂ ਤੋਂ ਸਿੱਖੋ
ਨਾ ਮਿਰਜ਼ੇ ਦੇ ਜਿਸਮਾਂ ਦੇ ਚੀਰਾਂ ਤੋਂ ਸਿੱਖੋ
ਨਾ ਕਰਨੀ ਮੁਹੱਬਤ ਸ਼ਰੀਰਾਂ ਤੋਂ ਸਿੱਖੋ
ਜੇ ਸਿੱਖਣੀ ਤੇ ਗੁਰੂਆਂ ਤੋਂ ਪੀਰਾਂ ਤੋਂ ਸਿੱਖੋ 

ਵਿਰਸੇ ਦੀ ਮੇਰੇ ਤੋਂ ਕਿਤਾਬ ਖੋਹ ਕੇ ਲੈ ਗਿਆ ..........................................ਤੂੰਬੀ ਖੋਹ ਕੇ ਲੈ ਗਿਆ ਰਬਾਬ ਖੋਹ ਕੇ ਲੈ ਗਿਆ

ਵਿਰਸੇ ਦੀ ਮੇਰੇ ਤੋਂ ਕਿਤਾਬ ਖੋਹ ਕੇ ਲੈ ਗਿਆ
ਤੂੰਬੀ ਖੋਹ ਕੇ ਲੈ ਗਿਆ ਰਬਾਬ ਖੋਹ ਕੇ ਲੈ ਗਿਆ

ਪੰਜਾਂ ਪਾਣੀਆਂ ਦਾ ਅੱਧਾ ਆਬ ਖੋਹ ਕੇ ਲੈ ਗਿਆ
ਜੇਹਲਮ ਤੇ ਰਾਵੀ ਤੇ ਚਨਾਬ ਖੋਹ ਕੇ ਲੈ ਗਿਆ

ਇੰਡੀਆ ਦੇ ਨਕਸ਼ੇ ਤੇ ਤਾਜ ਵਾਂਗ ਸਜਿਆ ਸੀ
ਕੋਹਿਨੂਰ ਹੀਰਾ ਜੋ ਨਾਯਾਬ ਖੋਹ ਕੇ ਲੈ ਗਿਆ

ਹੌਲੀ ਹੌਲੀ ਹੌਲੀ ਜੀ ਜਨਾਬ ਖੋਹ ਕੇ ਲੈ ਗਿਆ
ਸੋਨੇ ਵਾਲੀ ਚਿੜੀ ਦਾ ਖਿਤਾਬ ਖੋਹ ਕੇ ਲੈ ਗਿਆ

ਸਾਡੇਆਂ ਹੀ ਨੈਣਾਂ ਚੋਂ ਖੂਆਬ ਖੋਹ ਕੇ ਲੈ ਗਿਆ
ਕੋਈ ਸਾਥੋਂ ਸਾਡਾ ਹੀ ਪੰਜਾਬ ਖੋਹ ਕੇ ਲੈ ਗਿਆ

ਕੰਡਿਆਲੀ ਥੋਰ ਅਤੇ ਲੂਣਾ ਦੀ ਨਾ ਗੱਲ ਹੋਵੇ
ਸ਼ਿਵ ਦੇਆਂ ਗੀਤਾਂ ਦਾ ਸ਼ਬਾਬ ਖੋਹ ਕੇ ਲੈ ਗਿਆ

ਪਿਆਰ ਸਤਿਕਾਰ ਤੇ ਹਲੀਮੀ ਕਿਤੇ ਦਿੱਸਦੀ ਨਾਂ
ਫਤਿਹ ਖੋਹ ਕੇ ਲੈ ਗਿਆ ਆਦਾਬ ਖੋਹ ਕੇ ਲੈ ਗਿਆ

ਝੂਠ ਮੂਠ ਹੱਸਦੇ ਸੀ ਐਵੇਂ ਲੋਕਾਂ ਸਾਹਮਣੇ
ਸਾਡੇ ਚਿਹਰੇ ਉਤਲਾ ਨਕਾਬ ਖੋਹ ਕੇ ਲੈ ਗਿਆ

ਆਈ ਨਾ ਫੇ ਹਾਸੀ ਕੇਰਾਂ ਲੰਘੀ ਜੋ ਚੁਰਾਸੀ
ਕਿੰਨੀਆਂ ਹੀ ਲਾਸ਼ਾਂ ਦਾ ਹਿਸਾਬ ਖੋਹ ਕੇ ਲੈ ਗਿਆ

ਇੱਕ ਇੱਕ ਕਰ ਸਾਰੇ ਰੰਗ ਹੀ ਗੁਆਚ ਗਏ
ਸਾਡੇਆਂ ਹੀ ਬਾਗਾਂ ਚੋਂ ਗੁਲਾਬ ਖੋਹ ਕੇ ਲੈ ਗਿਆ

ਜੈਲਦਾਰਾ ਸਮੇਂ ਅੱਗੇ ਚੱਲਦੀ ਨਾ ਕਿਸੇ ਦੀ
ਸੂਰਵੀਰ ਯੋਧੇ ਤੇ ਨਵਾਬ ਖੋਹ ਕੇ ਲੈ ਗਿਆ