Thursday, April 11, 2013

ਕਿਓਂ ਮਿੱਟੀ ਹੋਈ ਪਲੀਤ ਜਹੀ
ਕਿਓਂ ਮੱਤ ਹੋਈ ਭੈਭੀਤ ਜਿਹੀ
ਕਿਓਂ ਅਣਖਾਂ ਨੂ ਘੁਣ ਲੱਗ ਗਿਆ ਏ
ਕਿਓਂ ਰੱਤ ਹੋ ਗਈ ਸੀਤ ਜਿਹੀ

ਕਿਓਂ ਪਿਆਰ ਹੋਈ ਜਿਸਮਾਨੀ ਜੀ
ਰੂਹਾਂ ਦੀ ਹੋ ਗਈ ਹਾਨੀ ਜੀ
ਓਹੀ ਗੱਲ ਬੇਅਕਲੀ ਕਰਦਾ ਹੈ
ਜਿਹਿਨੂ ਸਮਝਿਆ ਅਸੀਂ ਗਿਆਨੀ ਜੀ

ਕਿਓਂ ਰੱਤ ਦੀ ਰੋਟੀ ਪੱਕਦੀ ਏ
ਤੇ ਖਲ੍ਕਤ ਫਿਰ ਵੀ ਸ਼ੱਕਦੀ ਏ
ਕੋਈ ਫਿਕਰ ਨਾ ਬੁੱਢੇ ਝਾਟੇ ਦੀ
ਹੋਈ ਫੈਨ ਜੋ ਪਤਲੇ ਲੱਕ ਦੀ ਏ

ਅਣਖਾਂ ਦੇ ਬੂਹੇ ਬੰਦ ਪਏ
ਥੋਡੇ ਨੁੱਕਰ ਦੇ ਵਿਚ ਸੰਦ ਪਏ
ਇਤਿਹਾਸ ਨੂ ਰੁਲਦੇ ਦੇਖਿਆ ਹੈ
ਜੀ ਡਸਟਬਿਨਾਂ ਵਿਚ ਛੰਦ ਪਏ

ਕਿੰਜ ਇਸ਼੍ਕ਼ ਦਾ ਮਤਲਬ ਦੱਸਾਂ ਮੈਂ
ਹੁਣ ਰੋਵਾਂ ਮੈਂ ਕੇ ਹੱਸਾਂ ਮੈਂ
ਏਦਰ ਖੂਹ ਓਦਰ ਖਾਈ ਹੈ
ਮੌਲਾ ਜੀ ਕਿੱਦਰ ਨੱਸਾਂ ਮੈਂ

ਜਦ ਚੁੰਨੀ ਸਿਰ ਤੋਂ ਲੱਥੀ ਜੀ
ਫਿਰ ਵਿਕ ਗਈ ਹੱਥੋ ਹੱਥੀ ਜੀ
ਐਥੇ ਕਿਸੇ ਨਿਆ ਤੇਰਾ ਕਰਨਾ ਨਹੀਂ
ਚਲੋ ਕਾਗਜ਼ ਕਰਲੋ ਨੱਥੀ ਜੀ

ਰੂਹਾਂ ਦਾ ਬਾਲਣ ਬਣਿਆ ਏ
ਲਾਲਚ ਦਾ ਸਾਲਣ ਬਣਿਆ ਏ
ਐਥੇ ਹਵਸ ਨੂ ਠੰਡੀ ਕਰਨੇ ਨੂੰ
ਜਿਸਮਾਂ ਨੂੰ ਜਾਲਣ ਬਣਿਆ ਏ

ਗੱਲ ਦੂਨਿਓਂ ਹੋਗੀ ਡੇਢ ਜਹੀ
ਅਣਖਾਂ ਨਾਲ ਹੋਈ ਖੇਡ ਜਹੀ
ਜਿਹੜਾ ਬੱਬਰ ਸ਼ੇਰ ਸੀ ਗਰਜਦਾ
ਹੁਣ ਕਾਹਨੂੰ ਬਣ ਗਿਆ ਭੇਡ ਜਹੀ


ਅਣਾਖਾਂ ਦੇ ਹਿੱਲ ਗਏ ਥਮਲੇ ਜਦ
ਵਿਰਸੇ ਤੇ ਹੋਏ ਹਮਲੇ ਜਦ
ਨਾ ਲੱਭੇ ਸਾਦਕ ਯਮਲੇ ਜਦ
ਮਸਤਾਨੇ ਨਾ ਹੀ ਰਮਲੇ ਜਦ
ਫਿਰ ਕਿੱਸਿਆਂ ਵਿਚ ਵੀ ਲਬਣੇ ਨਹੀਂ
ਤੇ ਰੋ ਰੋ ਹੋਣਾ ਕਮਲੇ ਤਦ

ਕਿਓਂ ਵਿਰਸਾ ਹੋ ਗਿਆ ਫਾਡੀ ਜੀ
ਕਿਥੇ ਢੱਡ ਗਈ ਕਿਥੇ ਢਾਡੀ ਜੀ
ਕਿਥੇ ਕਾਂਟੋਂ ਤੇ ਅਲਗੋਜ਼ੇ ਨੇ
ਦੱਸੋ ਬਿੱਲੂ ਜੀ ਦੱਸੋ ਲਾਡੀ ਜੀ

ਇਹ ਮੁੱਲ ਨਹੀਂ ਮਿਲਦੇ ਵਿਰਸੇ ਜੀ
ਨਾ ਨਾਭੇ ਨਾ ਹੀ ਸਿਰਸੇ ਜੀ
ਫਿਰ ਮੈਨੂ ਮੁੜ ਮੁੜ ਆਖੋਗੇ
ਜ਼ਰਾ ਬਾਤ ਸੁਨਾਨਾ ਫਿਰ ਸੇ ਜੀ

ਐਥੇ ਜੋ ਵੀ ਬੋਲਦਾ ਸੱਚਾ ਏ
ਓਹਨੂ ਕਹਿੰਦੇ ਨੇ ਅਜੇ ਬੱਚਾ ਏ
ਜਿਸ ਘੜੇ ਨੇ ਪਾਰ ਲੰਘਾਓਨਾ ਏ
ਓਹਨੂ ਕਹਿੰਦੇ ਨੇ ਅਜੇ ਕੱਚਾ ਏ

ਐਥੇ ਨਕਲਾਂ ਵਾਲੀ ਗੱਲ ਕਰੋ
ਐਥੇ ਸ਼ਕਲਾਂ ਵਾਲੀ ਗੱਲ ਕਰੋ
ਕੀ ਪਿਆਰ ਪਿਆਰ ਕਰੀ ਜਾਨੇ ਓ
ਕੋਈ ਅਕਲਾਂ ਵਾਲੀ ਗੱਲ ਕਰੋ

ਚਲੋ ਨੀਂਦ ਗੁਆਈ ਗੱਲ ਨਹੀਂ
ਨਾ ਖਾਬ ਗੁਆ ਕੇ ਬਹਿ ਜਾਇਓ
ਨਾ ਹਿੰਦੁਸਤਾਨ ਦੇ ਨਕਸ਼ੇ ਚੋਂ
ਪੰਜਾਬ ਗੁਆ ਕੇ ਬਹਿ ਜਾਇਓ

ਜਿਹਦੇ ਖੀਸੇ ਵਿਚ ਰੁਪਈਏ ਜੀ
ਓਹਨੂ ਅਸੀਂ ਕਿਵੇਂ ਕੁਜ ਕਹੀਏ ਜੀ
ਐਥੇ ਝੂਠ ਦੇ ਪੈਸੇ ਮਿਲਦੇ ਨੇ
ਭਾਵੇਂ ਜਿੰਨੇ ਮਰਜ਼ੀ ਲਈਏ ਜੀ

ਐਥੇ ਜੈਲੀ ਵਰਗੇ ਕਾਇਰ ਜੀ
ਐਵੇਂ ਬਣੇ ਨੇ ਫਿਰਦੇ ਸ਼ਇਰ ਜੀ
ਗੱਲਾਂ ਵਿਚ ਭੋਰਾ ਵਜ਼ਨ ਨਹੀਂ
ਐਵੇ ਕਰਦੇ ਫੋਕੇ ਫਾਇਰ ਜੀ

ਐਥੇ ਗਲਾਂ ਚ ਪਾਓਂਦੇ ਟਾਇਰ ਜੀ
ਲੱਖਾਂ ਜੀ ਜਨਰਲ ਡਾਇਰ ਜੀ
ਕਿ ਗੱਲ ਕਰੀਏ ਇਨ੍ਸਾਫਾਂ ਦੀ
ਓਹਨਾਂ ਦੇ ਹੀ ਜੱਜ ਤੇ ਲਾਇਰ ਜੀ

ਸਾਨੂ ਹੋ ਗਈਆਂ ਕਈ ਵੀਕਾਂ ਜੀ
ਅਸੀਂ ਨੱਕ ਨਾਲ ਵਾਹੀਆਂ ਲੀਕਾਂ ਜੀ
ਇਨਸਾਫ ਅਜੇ ਤੱਕ ਮਿਲਿਆ ਨਹੀਂ
ਉਂਜ ਮਿਲੀਆਂ ਬਹੁਤ ਤਰੀਕਾਂ ਜੀ

ਏ ਕਲਮ ਤਾਂ ਮੇਰੀ ਰੁਕਨੀ ਨਹੀਂ
ਮੇਰੀ ਗੱਲ ਤਾ ਛੇਤੀ ਮੁੱਕਣੀ ਨਹੀਂ
ਏ ਰਤ ਮੇਰੇ ਦੀ ਸਿਆਹੀ ਹੈ
ਏਹ ਏਨੀ ਛੇਤੀ ਸੁੱਕਣੀ ਨਹੀਂ











No comments:

Post a Comment