Friday, May 1, 2015

ਸੁਣ ਲਓ ਗੱਲ ਸੌਲਾਂ ਆਨੇ
ਪਰਖੀ ਹੈ ਕੁੱਲ ਜ਼ਮਾਨੇ
ਲੱਗਦਾ ਹੈ ਤੀਰ ਨਿਸ਼ਾਨੇ
ਅੱਖ ਜਿਹੜਾ ਦੱਬਦਾ ਜੀ
ਮੁੱਡ ਤੋਂ ਹੀ ਵੈਰ ਰਿਹਾ ਏ, ਅੱਤ ਦਾ ਤੇ ਰੱਬ ਦਾ ਜੀ

ਮਾਂ ਪਿਓ ਦੀ ਸੇਵਾ ਕਰੀਏ, ਨਾਲੇ ਖੁਸ਼ ਤੀਵੀਂ ਰੱਖੀਏ
ਘਰ ਵਿੱਚ ਧੀ ਭੈਣ ਜੇ ਹੋਵੇ ਬਾਹਰ ਅੱਖ ਨੀਵੀਂ ਰੱਖੀਏ
ਪਾਣੀ ਤਾਂ ਆਖਿਰ ਬੰਦਿਆ ਨੀਵੇਂ ਨੂ ਵੱਗਦਾ ਜੀ
ਮੁੱਡ ਤੋਂ ਹੀ ਵੈਰ ਰਿਹਾ ਏ, ਅੱਤ ਦਾ ਤੇ ਰੱਬ ਦਾ ਜੀ

ਹੱਕ ਦੀ ਏ ਖਾਂਦਾ ਤਾਹੀਂ ਵੱਸਦਾ ਏ ਗਗਨ ਕੋਕਰੀ
ਕੰਨ ਲਾ ਕੇ ਸੁਣ ਲਓ ਗੱਲ ਨੂੰ ਦੱਸਦਾ ਏ ਗਗਨ ਕੋਕਰੀ
ਸੰਧੂ ਤਾਂ ਹੱਥ ਜੋੜ ਕੇ ਮੰਗਦਾ ਭਲਾ ਸਬ ਦਾ ਜੀ
ਮੁੱਡ ਤੋਂ ਹੀ ਵੈਰ ਰਿਹਾ ਏ, ਅੱਤ ਦਾ ਤੇ ਰੱਬ ਦਾ ਜੀ

ਚੜ੍ਹਦਾ ਨਹੀ ਸਿਰੇ ਕੋਈ ਕੱਮ ਦਿਲ ਦੇ ਵਿੱਚ ਖੋਟ ਜੇ ਹੋਵੇ
ਕੱਮ ਕੋਈ ਵੀ ਨਹੀ ਰੁਕਦਾ ਮਾਲਕ ਦੀ ਓਟ ਜੇ ਹੋਵੇ
ਮਾਂ ਪਿਓ ਦੇ ਚਰਨਾਂ ਦੇ ਵਿੱਚ ਹੀ ਤਾਂ ਰੱਬ ਲਬਦਾ ਜੀ
ਮੁੱਡ ਤੋਂ ਹੀ ਵੈਰ ਰਿਹਾ ਏ, ਅੱਤ ਦਾ ਤੇ ਰੱਬ ਦਾ ਜੀ

ਕੱਮ ਨਹੀ ਕੋਈ ਚੰਗਾ ਹੁੰਦਾ, ਮਾੜੀ ਜੇ ਨੀਅਤ ਰੱਖੀਏ
ਮਨ ਨੀਵਾਂ ਮੱਤ ਉੱਚੀ ਤੇ ਸੁੱਚੀ ਸ਼ਖਸੀਅਤ ਰੱਖੀਏ
ਡਿੱਗਿਆ ਨਹੀਂ ਮੁੜਦਾ ਉੱਠ ਕੇ , ਹੱਕ ਜਿਹੜਾ ਦੱਬਦਾ ਜੀ
ਮੁੱਡ ਤੋਂ ਹੀ ਵੈਰ ਰਿਹਾ ਏ, ਅੱਤ ਦਾ ਤੇ ਰੱਬ ਦਾ ਜੀ

ਸਿਖ ਲਓ ਭਾਵੇਂ ਸੌ ਤਕਨੀਕਾਂ, ਲੇਕਿਨ ਇਤਿਹਾਸ ਨਾ ਭੁੱਲੋ
ਲੱਖ ਭਾਵੇਂ ਮਾਡਨ ਹੋਜੋ  , ਕਰਨੀ ਅਰਦਾਸ ਨਾ ਭੁੱਲੋ
ਬਣ ਗਿਆ ਏ ਜੈਲਦਾਰ ਲਈ ਮਸਲਾ ਏ ਪੱਗ ਦਾ ਜੀ
ਮੁੱਡ ਤੋਂ ਹੀ ਵੈਰ ਰਿਹਾ ਏ, ਅੱਤ ਦਾ ਤੇ ਰੱਬ ਦਾ ਜੀ

Monday, February 16, 2015

ਜੇ ਹੋਵੇ ਜ਼ੋਰ ਜ਼ੁਬਾਨ ਦੇ ਅੰਦਰ
ਫਿਰ ਤਲਵਾਰ ਮਿਆਨ ਦੇ ਅੰਦਰ

ਜੇ ਮਾਰੇਂਗਾ ਖਾਏਂਗਾ ਵੀ
ਰੱਖੀਂ ਗੱਲ ਧਿਆਨ ਦੇ ਅੰਦਰ

ਵੇਚਣ ਲਈ ਹੁਣ ਕੋਈ ਵੀ ਭਾਂਡਾ
ਬਚਿਆ ਨਹੀਂ ਮਕਾਨ ਦੇ ਅੰਦਰ

ਲਾਂਗਰੀਏ ਨੂ ਕਹੇ ਭਿਖਾਰੀ
ਭੁੱਖ ਲੱਗੀ ਏ ਜਾਣ ਦੇ ਅੰਦਰ

ਜਿਓਂਦੇਆਂ ਉੱਤੇ ਹੱਸਦੇ ਪਏ ਸਨ
ਮੁਰਦੇ ਕੱਲ ਸ਼ਮਸ਼ਾਨ ਦੇ ਅੰਦਰ

ਜਦ ਤੂੰ ਹੱਸ ਕੇ ਤੱਕ ਲੈਨਾ ਏ
ਜਾਨ ਔਂਦੀ ਏ ਜਾਨ ਦੇ ਅੰਦਰ

ਇੱਕ ਵੀ ਬੰਦਾ ਸੱਚਾ ਨਹੀਂ ਏ
ਮੇਰੀ ਤਾਂ ਪਹਿਚਾਣ ਦੇ ਅੰਦਰ

ਭਾਂਤ ਭਾਂਤ ਦੇ ਰੱਬ ਮਿਲਦੇ ਨੇ
ਧਰਮਾਂ ਵਾਲੀ ਦੁਕਾਨ ਦੇ ਅੰਦਰ

ਬੱਕਰੇ ਵੱਡੋ ਈਦਾਂ ਉੱਤੇ
ਤੇ ਰੋਜ਼ੇ ਰਮਜ਼ਾਨ ਦੇ ਅੰਦਰ

ਰੱਖੋ ਸਦਾ ਯਕੀਨ ਖੁਦਾ ਤੇ
ਲਿਖਿਆ ਪਿਐ ਕੁਰਾਨ ਦੇ ਅੰਦਰ

ਕੋਈ ਸਾਧੂ ਲੁਕਿਆ ਹੁੰਦੈ
ਕਿਦਰੇ ਹਰ ਸ਼ੈਤਾਨ ਦੇ ਅੰਦਰ

ਜੈਲਦਾਰ ਜਿਹਾ ਬਦਕਿਸਮਤ ਕੋਈ
ਹੋਣਾਂ ਨਹੀਂ ਜਹਾਨ ਦੇ ਅੰਦਰ ........
ਲੋਕਾਂ ਦੀਆਂ ਧੀਆਂ ਭੈਣਾਂ ਘਰਾਂ ਚੋਂ ਚਕਾਈ ਜਾਵੇਂ ਆਪਣੀ ਤੇ ਲਾਵੇਂ ਕਾਹਤੋਂ ਜੰਦਰੇ
ਲੋਕਾਂ ਦੀਆਂ ਕੁੜੀਆਂ ਨੂ ਆਖੇਂ ਮਿਲ ਕੱਲਿਆਂ ਤੇ ਆਪਣੀ ਨੂ ਕਹੇਂ ਬਹਿਜਾ ਅੰਦਰੇ
ਮੰਨਿਆਂ ਕੇ ਗੰਦੇ ਗਾਣੇ ਲਿਖਿਆਂ ਬਥੇਰਾ ਪੈਸਾ ਮਿਲੇ ਤੈਨੂ ਅੱਜ ਗੀਤਕਾਰਾ ਓਏ
ਤੇਰੀਆਂ ਵੀ ਧੀਆਂ ਬਾਰੇ ਕਿਸੇ ਗੀਤਕਾਰ ਕੱਲ ਏਹੋਈ ਗੱਲ ਲਿਖਣੀ ਦੁਬਾਰਾ ਓਏ

ਤੇਰੀ ਵੀ ਤਾਂ ਭੈਣ ਕਿਤੇ ਕਾਲਜ ਨੂ ਜਾਂਦੀ ਨੂੰ, ਪੁਰਜਾ ਪਟੋਲਾ ਮੁੰਡੇ ਕਹਿੰਦੇ ਹੋਣਗੇ
ਜਿਹੋ ਜਹੇ ਗੀਤ ਲਿਖ ਲਿਖ ਪੈਸੇ ਵੱਟੀ ਜਾਵੇਂ ਓਹਦੇ ਵੀ ਜ਼ਰੂਰ ਕੰਨੀ ਪੈਂਦੇ ਹੋਣਗੇ
ਜੈਲਦਾਰ ਗੱਲ ਕਰੇ ਮਤਲਬ ਵਾਲੀ ਬਸ ਸਮਝੀਦਾ ਹੁੰਦਾ ਏ ਇਸ਼ਾਰਾ ਓਏ
ਤੇਰੀਆਂ ਵੀ ਧੀਆਂ ਬਾਰੇ ਕਿਸੇ ਗੀਤਕਾਰ ਕੱਲ ਏਹੋਈ ਗੱਲ ਲਿਖਣੀ ਦੁਬਾਰਾ ਓਏ

ਜਿਹੋ ਜਹੀ ਕੁੜੀ ਨੂ ਤੂੰ ਗਾਣਿਆਂ ਚ ਲਿਖਦਾ ਏ ਮੈਂ ਨਹੀਂ ਕੀਤੇ ਵੇਖੀ ਓਹਦੇ ਨਾਲ ਦੀ
ਕੁੜੀ ਭਾਵੇਂ ਕੱਮੀ ਦੀ ਕੇ ਭਾਵੇਂ ਹੋਵੇ ਰਾਜੇ ਦੀ ਓ ਇੱਜ਼ਤਾਂ ਨੂ ਕਦੇ ਨਹੀ ਉਛਾਲਦੀ
ਔਰਤਾਂ ਦੇ ਬਾਰੇ ਬਾਬੇ ਨਾਨਕ ਕੀ ਲਿਖਿਆ ਏ ਪੜ੍ਹ ਕਿਤੇ ਮੂਰਖਾ ਗਵਾਰਾ ਓਏ
ਤੇਰੀਆਂ ਵੀ ਧੀਆਂ ਬਾਰੇ ਕਿਸੇ ਗੀਤਕਾਰ ਕੱਲ ਏਹੋਈ ਗੱਲ ਲਿਖਣੀ ਦੁਬਾਰਾ ਓਏ
ਕਦੀ ਹੜ ਤੇ ਸੋਕੇ ਕਚਹਿਰੀ ਮੁਕੱਦਮੇ
ਜੱਟਾਂ ਨੂੰ ਹਰ ਪਾਸੋਂ ਸਦਮੇ ਹੀ ਸਦਮੇ

ਲੁੱਟਿਆ ਸ਼ਰੀਕਾਂ ਨੇ ਦੇ ਦੇ ਦਲੀਲਾਂ
ਕਿਤੇ ਸ਼ਾਹੂਕਾਰਾਂ ਤੇ ਕਿਦਰੇ ਵਕੀਲਾਂ

ਵਿਕਣੇ ਤੇ ਆ ਗਈਏ ਹਲ਼ ਤੇ ਪੰਜਾਲ਼ੀ
ਕਿਸਾਨਾ ਨਹੀਂ ਤੇਰੀ ਜ਼ਿੰਦਗੀ ਸੁਖਾਲ਼ੀ


ਸ਼ਤੀਰਾਂ ਤੋਂ ਉੱਚੇ ਹੋਈ ਜਾਣ ਕਰਜੇ
ਹੈਰਾਨੀ ਨਹੀਂ ਕੋਈ ਫਾਹ ਲੈਕੈ ਮਰਜੇ

ਕੇ ਰਾਜੇ ਨੂੰ ਰੋਂਦੀ ਪਈ ਏਥੇ ਪਰਜਾ
ਕਰਜੇ ਨੂੰ ਤਾਰਣ ਲਈ ਲੈਣ ਕਰਜਾ

ਤੇਰੇ ਲਈ ਤਾਂ ਇੱਕੋ ਜਹੀ ਹਾੜੀ ਸਿਆਲ਼ੀ
ਕਿਸਾਨਾ ਨਹੀਂ ਤੇਰੀ ਜ਼ਿੰਦਗੀ ਸੁਖਾਲ਼ੀ

ਕੇ ਉਂਜ ਭਾਂਵੇਂ ਲੱਖਾਂ ਕਿਸਾਨਾਂ ਨੂੰ ਯੱਭ ਨੇ
ਪਰ ਦਿੱਤਾ ਬੜਾ ਹੌਸਲਾ ਸਾਨੂੰ ਰੱਬ ਨੇ

ਏ ਇੱਕੋ ਮੇਰੀ ਆਖਰੀ ਏ ਤਮੱਨਾ
ਮੈਂ ਅਗਲੇ ਜਨਮ ਵੀ ਕਿਸਾਨਾਂ ਦੇ ਜੰਮਾ

ਉੱਠੀਂ ਡਿੱਗਦੀ ਖੇਤੀ ਨੂੰ ਫੜ ਕੇ ਸਭਾਲੀਂ
ਕਿਸਾਨਾ ਨਹੀਂ ਤੇਰੀ ਜ਼ਿੰਦਗੀ ਸੁਖਾਲ਼ੀ ...
ਕੀ ਦੱਸਾਂ ਇਹ ਪਿਆਰ ਦੀ ਗੱਲ ਹੈ
ਤੇਰੀ ਸਮਝ ਤੋਂ ਬਾਹਰ ਦੀ ਗੱਲ ਹੈ
ਮੇਰੇ ਲਈ ਗੱਲ ਮਤਲਬ ਦੀ ਹੈ
ਤੇਰੇ ਲਈ ਬੇਕਾਰ ਦੀ ਗੱਲ ਹੈ

ਤੂੰ ਪਿਛਲੀ ਵਾਰੀਂ ਮਿਲਣ ਲਈ ਮੈਨੂ ਜਦੋਂ ਬੁਲਾਇਆ ਸੀ
ਮੇਰੇ ਖਾਲੀ ਹੱਥ ਤੂੰ ਵੇਖ ਕੇ ਵਾਹਵਾ ਨੱਕ ਚੜ੍ਹਾਇਆ ਸੀ
ਬਹੁਤੀ ਗੱਲ ਪੁਰਾਣੀ ਨਹੀਂ ਇਹ
ਇਹ ਪਿਛਲੇ ਬੁਧਵਾਰ ਦੀ ਗੱਲ ਹੈ
ਕੀ ਦੱਸਾਂ ਇਹ ਪਿਆਰ ਦੀ ਗੱਲ ਹੈ
ਤੇਰੀ ਸਮਝ ਤੋਂ ਬਾਹਰ ਦੀ ਗੱਲ ਹੈ

ਰੱਬ ਜੇ ਦੇਵੇ ਰੂਪ ਤੇ ਰੱਬ ਦਾ ਸ਼ੁਕਰ ਮਨਾਈਦਾ
ਦੋ ਦਿਨ ਦੀ ਹੈ ਖੇਡ ਮਾਣ ਨਹੀਂ ਕਰਨਾ ਚਾਹੀਦਾ
ਤੂੰ ਆਖੇਂ ਮੈਂ ਸਬ ਤੋਂ ਸੋਹਣਾ
ਪਰ ਇਹ ਤਾਂ ਹੰਕਾਰ ਦੀ ਗੱਲ ਹੈ
ਕੀ ਦੱਸਾਂ ਇਹ ਪਿਆਰ ਦੀ ਗੱਲ ਹੈ
ਤੇਰੀ ਸਮਝ ਤੋਂ ਬਾਹਰ ਦੀ ਗੱਲ ਹੈ

ਪਿਆਰ ਦੇ ਵਿੱਚ ਗੱਲ ਮੰਨਨੀ ਪੈਂਦੀ ਕਈ ਕਈ ਕਿਸਮਾਂ ਦੀ
ਸਾਡੇ ਲਈ ਗੱਲ ਰੂਹਾਂ ਦੀ ਤੇਰੇ ਲਈ ਜਿਸਮਾਂ ਦੀ
ਨਾ ਤੇਰੀ ਨਾ ਮੇਰੀ ਸੱਜਣਾਂ
ਇਹ ਸਾਰੇ ਸੰਸਾਰ ਦੀ ਗੱਲ ਹੈ
ਕੀ ਦੱਸਾਂ ਇਹ ਪਿਆਰ ਦੀ ਗੱਲ ਹੈ
ਤੇਰੀ ਸਮਝ ਤੋਂ ਬਾਹਰ ਦੀ ਗੱਲ ਹੈ ...
ਹਰਮੰਦਰ ਤੇ ਹਮਲਾ ਹੋ ਗਿਆ
ਲੱਗਦੈ ਹਾਕਮ ਕਮਲਾ ਹੋ ਗਿਆ

ਢਾਹ ਕੇ ਤਖਤ ਨੂੰ ਆਖੇ ਇੰਦਿਰਾ
ਮੇਰਾ ਪੂਰਾ ਬਦਲਾ ਹੋ ਗਿਆ

ਮੱਥਾ ਟੇਕਣ ਬਾਪ ਗਿਆ ਸੀ
ਲਾਲ ਖੂਨ ਨਾਲ ਸ਼ਮਲਾ ਹੋ ਗਿਆ

ਨਿਰਦੋਸ਼ਾਂ ਤੇ ਚੱਲੀ ਗੋਲੀ
ਐਨਾ ਈ ਵਾਧੂ ਅਸਲਾ ਹੋ ਗਿਆ ?

ਹਰਮੰਦਰ ਵਿੱਚ ਟੈਂਕ ਨਾ ਵਾੜੋ
ਫੌਜ ਦਾ ਖਾਰਿਜ ਤਰਲਾ ਹੋ ਗਿਆ

ਐਨੀਆਂ ਲਾਸ਼ਾਂ ਪਰਕਰਮਾ ਵਿੱਚ
ਵੇਖ ਕੇ ਪਰਗਟ ਪੁਤਲਾ ਹੋ ਗਿਆ ..
ਮਾਰ ਕੇ ਜੱਫਾ ਬਹਿ ਗਈ ਸੀ ਲਾ ਜ਼ਿੰਦਗੀ ਨੂ ਦਾਅ
ਕੱਲ ਰਾਤੀਂ ਮੈਨੂ ਸੁਪਨੇ ਦੇ ਵਿੱਚ ਮੌਤ ਗਈ ਸੀ ਆ

ਮੈਂ ਕਿਆ ਕੱਮ ਬਥੇਰੇ ਰਹਿੰਦੇ ਦੋ ਦਿਨ ਦੇ ਦੇ ਹੋਰ
ਕਹਿੰਦੀ ਹੁਣ ਨਹੀਂ ਗੱਲ ਸੁਣਨੀ, ਲਾ ਲੈ ਕਿੰਨਾ ਜ਼ੋਰ

ਮੈਂ ਕਿਹਾ ਅਮੜੀ ਮੇਰੀ ਦਾ ਜ਼ਰਾ ਬੁੱਢਾ ਝਾਟਾ ਵੇਖ
ਕਹਿੰਦੀ ਮਿਲਦਾ ਓਹੀ ਏ ਜਿਹੋ ਜਏ ਹੁੰਦੇ ਲੇਖ

ਕਾਲ ਕਹੇ ਚੱਲ ਟੈਮ ਹੋ ਗਿਆ ਫੜਕੇ ਮੇਰੀ ਬਾਂਹ
ਛੱਡ ਆਇਆ ਮੈਂ ਘੂਕ ਨੀਂਦ ਵਿੱਚ ਸੁੱਤੀ ਪਈ ਸੀ ਮਾਂ