Wednesday, December 28, 2011

ਜਜ਼ਬੇ ਹੋ ਗਏ ਪੱਕੇ, ਖਾ ਖਾ ਧੱਕੇ, ਹੁਣ ਤਾਂ ਥੱਕੇ


ਜਜ਼ਬੇ ਹੋ ਗਏ ਪੱਕੇ, ਖਾ ਖਾ ਧੱਕੇ, ਹੁਣ ਤਾਂ ਥੱਕੇ
ਨਾ ਰੱਬ ਮੰਦਰ ਮਸਜਦ ਮਿਲਿਆ, ਨਾਂ ਹੀ ਮਿਲਿਆ ਮੱਕੇ, ਹੁਣ ਤਾਂ ਥੱਕੇ

ਧਰਮ ਦੇ ਨਾਂ ਤੇ ਥਾਂ ਥਾਂ ਦੇਖੋ, ਖੋਲੀਆਂ ਪਈਆਂ ਦੁਕਾਨਾਂ, ਬੇਈਮਾਨਾਂ, ਮੁਲਖ ਦੀਵਾਨਾ
ਕਿਹ੍ੜਾ ਤੈਨੂ ਗੱਲ ਸਮਝਾਊ, ਸਿਰੇ ਦਿਆ ਸ਼ੈਤਾਨਾ, ਬੁਰਾ ਜ਼ਮਾਨਾ, ਓਏ ਇਨਸਾਨਾ
ਵੇਚ ਜ਼ਮੀਰ ਤੂੰ ਰੱਬ ਖਰੀਦੇ, ਕਿਹ੍ੜਾ ਤੈਨੂ ਡੱਕੇ,  ਹੁਣ ਤਾਂ ਥੱਕੇ
ਜਜ਼ਬੇ ਹੋ ਗਏ ਪੱਕੇ, ਖਾ ਖਾ ਧੱਕੇ, ਹੁਣ ਤਾਂ ਥੱਕੇ
ਨਾ ਰੱਬ ਮੰਦਰ ਮਸਜਦ ਮਿਲਿਆ, ਨਾਂ ਹੀ ਮਿਲਿਆ ਮੱਕੇ, ਹੁਣ ਤਾਂ ਥੱਕੇ

ਕਹਿੰਦਾ ਸੀ ਦਸਵੰਦ ਕੱਡੁਂ ਮੈਂ, ਦੇਊਂ ਰੁਮਾਲਾ ਜਾਕੇ, ਹੱਥ ਸੁਆ ਕੇ, ਗੋਟਾ ਲਾ ਕੇ
ਕੱਮ ਬਣ ਗਿਆ, ਲੰਘੇ ਦੂਰ ਦੀ ਅੱਧਾ ਸੀਸ ਝੁਕਾ ਕੇ, ਨੀਵੀਂ ਪਾ ਕੇ, ਗੱਡੀ ਭਜਾ ਕੇ
ਉਂਜ ਭੰਗ ਸ਼ਰਾਬਾਂ ਪੀਣ ਲਈ ਪਰ ਟੈਮ ਬਥੇਰਾ ਰੱਖੇ, ਹੁਣ ਤਾਂ ਥੱਕੇ
ਜਜ਼ਬੇ ਹੋ ਗਏ ਪੱਕੇ, ਖਾ ਖਾ ਧੱਕੇ, ਹੁਣ ਤਾਂ ਥੱਕੇ
ਨਾ ਰੱਬ ਮੰਦਰ ਮਸਜਦ ਮਿਲਿਆ, ਨਾਂ ਹੀ ਮਿਲਿਆ ਮੱਕੇ, ਹੁਣ ਤਾਂ ਥੱਕੇ

ਜੀ ਸਾਡਾ ਕੀ ਏ ਮਸਤਾਂ ਵਾਂਗਰ ਜੋ ਦਿਲ ਆਏ ਕਹਿਣਾ, ਚੁੱਪ ਨਾ ਰਹਿਣਾ, ਗਲ ਨੂ ਪੈਣਾ
ਸਮਝੋਗੇ ਤਾਂ ਸਮਝ ਆਏਗੀ, ਉਂਜ ਪੱਲੇ ਨੀ ਪੈਣਾ, ਵਾਂਝੇ ਰਹਿਣਾ, ਫਿਰ ਨਾ ਕਹਿਣਾ
ਜੀ ਭੀੜ ਪਈ ਸਬ ਭੱਜ ਜਾਂਦੇ ਨੇ ਜਿੰਨੇ ਹੋਵਣ ਸੱਕੇ, ਹੁਣ ਤਾਂ ਥੱਕੇ
ਜਜ਼ਬੇ ਹੋ ਗਏ ਪੱਕੇ, ਖਾ ਖਾ ਧੱਕੇ, ਹੁਣ ਤਾਂ ਥੱਕੇ
ਨਾ ਰੱਬ ਮੰਦਰ ਮਸਜਦ ਮਿਲਿਆ, ਨਾਂ ਹੀ ਮਿਲਿਆ ਮੱਕੇ, ਹੁਣ ਤਾਂ ਥੱਕੇ

ਸੁਣ ਓਏ ਅੜਿਆ ਨਿੱਮ ਤੇ ਚੜਿਆ, ਚੰਗਾ ਨਹੀ ਕਰੇਲਾ, ਇਹ ਜੱਗ ਮੇਲਾ, ਯੱਬ ਝਮੇਲਾ
ਨੇਕੀ ਕਰ੍ਲੈ ਗਾਗਰ ਭਰਲੈ, ਕਾਹਨੂੰ ਫਿਰਦੈਂ ਵੇਹ੍ਲਾ, ਕੱਮ ਨੀ ਔਣਾ ਪੈਸਾ ਧੇਲਾ
ਜੀ ਯਾਰ ਤੋਂ ਹਰਜੋ ਭਾਵੇਂ ਕੋਲੇ ਚਾਰੇ ਈ ਹੋਵਣ ਯੱਕੇ, ਹੁਣ ਤਾਂ ਥੱਕੇ
ਜਜ਼ਬੇ ਹੋ ਗਏ ਪੱਕੇ, ਖਾ ਖਾ ਧੱਕੇ, ਹੁਣ ਤਾਂ ਥੱਕੇ
ਨਾ ਰੱਬ ਮੰਦਰ ਮਸਜਦ ਮਿਲਿਆ, ਨਾਂ ਹੀ ਮਿਲਿਆ ਮੱਕੇ, ਹੁਣ ਤਾਂ ਥੱਕੇ

ਜਦ ਆਈਐਂ ਸੈਂ ਕਹਿੰਦਾ ਸੈਂ ਮੈਂ ਭਲਾ ਕਰੂੰਗਾ ਸਬ ਦਾ, ਜੀ ਰਗ-ਰਗ ਦਾ, ਸਾਰੇ ਜਗ ਦਾ
ਮੈਨੂ ਤਾਂ ਨਹੀਂ ਬੋਲ ਪੂਗੇਂਦਾ, ਭਲਾ ਕਰੇਂਦਾ ਲਗਦਾ, ਫਿਰਦਾ ਠੱਗਦਾ, ਪੁੱਠਾ ਵੱਗਦਾ
ਹੁਣ ਲੱਖ ਗੁਨਾਹ ਵੀ ਕਰਨ ਲੱਗਿਆਂ ਜੈਲਦਾਰ ਨਾ ਥੱਕੇ ਤੇ ਨਾਂ ਅੱਕੇ
ਜਜ਼ਬੇ ਹੋ ਗਏ ਪੱਕੇ, ਖਾ ਖਾ ਧੱਕੇ, ਹੁਣ ਤਾਂ ਥੱਕੇ
ਨਾ ਰੱਬ ਮੰਦਰ ਮਸਜਦ ਮਿਲਿਆ, ਨਾਂ ਹੀ ਮਿਲਿਆ ਮੱਕੇ, ਹੁਣ ਤਾਂ ਥੱਕੇ

Thursday, December 22, 2011

ਐਨੀ ਮੇਰੀ ਹੈਗੀ ਨੇ ਔਕਾਤ ਮੇਰੇ ਰੱਬਾ


ਐਨੀ ਮੇਰੀ ਹੈਗੀ ਨੇ ਔਕਾਤ ਮੇਰੇ ਰੱਬਾ
ਕਿੱਥੇ ਮੈਂ ਤੇ ਕਿੱਥੇ ਤੇਰੀ ਬਾਤ ਮੇਰੇ ਰੱਬਾ

ਹੈ ਉੱਚਿਆਂ ਨੂ ਬੱਸ ਉੱਚੀ ਬੋਲਣੇ ਦਾ ਹੱਕ
ਤੇ ਨੀਵੀਆਂ ਤੋਂ ਨੀਵੀਂ ਮੇਰੀ ਜ਼ਾਤ ਮੇਰੇ ਰੱਬਾ

ਕਰੀਂ ਕਿਰ੍ਪਾ ਕੇ ਲੰਗੇ ਤੇਰੇ ਆਸਰੇ ਨਾ ਦਿਨ
ਤੇਰੀ ਓਟ ਥੱਲੇ ਲੰਗੇ ਮੇਰੀ ਰਾਤ ਮੇਰੇ ਰੱਬਾ

ਭਾਵੇਂ ਦਿਲ ਮੇਰਾ ਹੋ ਗਿਆ ਪੱਥਰ ਦੇ ਜੈਸਾ
ਮੇਰੇ ਅੱਖਰਾਂ ਚ ਮੇਰੇ ਜਜ਼ਬਾਤ ਮੇਰੇ ਰੱਬਾ

ਰੱਖੀਂ ਰਹਿਮਤਾਂ ਤੂ ਜੈਲੀ ਜਹੇ ਬੇਅਕਲਾਂ ਤੇ ਸਦਾ
ਹੋਣ ਚੰਗੇ ਚਾਹੇ ਮਾੜੇ ਹੀ ਹਾਲਾਤ ਮੇਰੇ ਰੱਬਾ

Tuesday, December 20, 2011

--------ਸਾਕਾ ਗੜ੍ਹੀ ਚਮਕੌਰ------




--------ਸਾਕਾ ਗੜ੍ਹੀ ਚਮਕੌਰ------
ਸ਼ਹੀਦੀ ਬਾਬਾ ਅਜੀਤ ਸਿੰਘ ਜੁਝਾਰ ਸਿੰਘ
--ਲਿਖਤੂਮ- ਜੈਲਦਾਰ ਪਰਗਟ ਸਿੰਘ--
-------------------------------
ਪਿਆ ਘੇਰਾ ਸੀ ਸਿੰਘਾਂ ਨੂ ਘੜੀ ਕੱਚੀ ਸੀ
ਸੇਨਾ 10 ਲੱਖ ਖੜੀ ਸੀ ਜੀ ਬਾਹਰ

ਪਿਤਾ ਗੁਰੂ ਦਸ਼ਮੇਸ਼ ਪਿਐ ਸੋਚਦਾ
ਵੇਲਾ ਆਇਆ ਚੁੱਕਣੇ ਦਾ ਹਥਿਆਰ

ਵੇਖ ਦੁਸ਼ਮਣ ਸਿਰ ਉੱਤੇ ਚੜ੍ਹਦੇ
ਆਗੇ ਜੋਸ਼ ਚ ਅਜੀਤ ਤੇ ਜੁਝਾਰ

ਕਹਿੰਦਾ ਨਾਮ ਹੈ ਅਜੀਤ ਆਊ ਜੀਤ ਕੇ
ਜੇ ਨਾ ਜਿੱਤਿਆ ਨਾ ਪਰਤਾਂਗਾ ਬਾਰ

ਕਹਿੰਦਾ ਆਗਿਆ ਦਿਓ ਮੈਨੂ ਪਿਤਾ ਜੀ
ਯੋਧਾ ਕੱਡ ਕੇ ਮਿਆਨੋਂ ਤਲਵਾਰ

ਅੱਜ ਵੱਡ ਵੱਡ ਮੁਗਲਾਂ ਦੇ ਸੀਸ ਮੈਂ
ਪਾਊਂ ਧਰਤੀ ਦੇ ਗਲ ਵਿਚ ਹਾਰ

ਆਏ ਮੁਗਲ ਅਜੀਤ ਸਿੰਘ ਸਾਹਮਣੇ
ਹੱਥ ਨੇਜੇ ਤੇ ਸਿਰਾਂ ਤੇ ਹੰਕਾਰ

ਲੱਖਾਂ ਬਾਜਾਂ ਉੱਤੇ ਭਾਰੀ ਵੇਖੀ ਪੈ ਰਹੀ
ਜੀ ਇਹ ਚੰਦ ਚਿੜੀਆਂ ਦੀ ਡਾਰ

ਹੱਸ ਹੱਸ ਕੇ ਸ਼ਹੀਦੀ ਜਾਮ ਪੀ ਗਿਆ
ਦੇਵੇ ਮੌਤ ਵੀ ਸਿੰਘਾਂ ਨੂ ਸਤਕਾਰ

( ਅਤੇ ਜਦੋਂ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋ ਗਏ ਤੇ ਜੁਝਾਰ ਸਿੰਘ ਇਕੱਲੇ ਹੀ ਰਹਿਗੇ, ਦਸ਼ਮੇਸ਼ ਪਿਤਾ ਨੂ ਕਹਿਣ ਲੱਗੇ ਕਿ ਪਿਤਾ ਜੀ ਮੇਰੇ ਛੋਟੇ ਭਰਾ ਵੀ ਤੁਸੀਂ ਕੌਮ ਦੇ ਨਾਮ ਲਾ ਦਿੱਤੇ, ਮੈਂ ਇਕੱਲਾ ਰਹਿ ਗਿਆ ਹਾਂ , ਜੇ ਕੋਈ ਆਖਰੀ ਇੱਛਾ ਹੈ ਤੇ ਬਿਆਨ ਕਰੋ, ਮੈਂ ਆਪਣੀ ਜਾਣ ਦੇ ਕੇ ਵੀ ਪੂਰੀ ਕਰਾਂਗਾ, ਮੈਂ ਵੀ ਜੰਗ ਚ ਜਾਣਾ ਚਾਹੁਣਾ )

ਕੋਈ ਆਖਰੀ ਇੱਛਾ ਹੈ ਦੱਸੋ ਪਿਤਾ ਜੀ
ਪੂਰੀ ਕਰੂੰਗਾ ਮੈਂ ਜਾਣ ਦੇਵਾਂ ਵਾਰ

ਬਾਜਾਂ ਵਾਲਾ ਕਹਿੰਦਾ ਵੱਜਦੀ ਏ ਵੇਖਣੀ
ਤੇਰੀ ਛਾਤੀ ਉੱਤੇ ਪੁੱਤਰਾ ਕਟਾਰ

ਲੱਗੀ ਕੰਬਣ ਧਰਤ ਚਮਕੌਰ ਦੀ
ਸੁਣ ਦਈਆ ਸਿੰਘ ਦੀ ਲਲਕਾਰ

ਸਿੰਘ ਗਰਜੇ ਜਿਓਂ ਸ਼ੇਰ ਬੁੱਕੇ ਜੰਗਲੀਂ
ਮੱਚੀ ਮੁਗ੍ਲਾਂ ਚ ਹਾਹਾਕਾਰ

ਜਿਹੜੇ ਬੰਨ ਬੰਨ ਔਂਦੇ ਸੀਗੇ ਟੋਲੀਆਂ
ਦਿੱਤੇ ਕਾਨਿਆਂ ਦੇ ਵਾਂਗਰ ਖਿਲਾਰ

ਜਾਂਦੇ ਸੀਨਾ ਜੀ ਹਵਾਵਾਂ ਦਾ ਵੀ ਚੀਰਦੇ
ਛੱਡੇ ਤੀਰ ਸਿੰਘਾਂ ਬੰਨ ਕੇ ਕਤਾਰ

ਸਵਾ ਲੱਖ ਨਾਲ ਕੱਲਾ ਕੱਲਾ ਜੂਝਦਾ
ਜੀ ਢਹਿੰਦੀ ਜ਼ੁਲਮਾਂ ਦੀ ਸਰਕਾਰ .

ਦਾਗ ਜਾਂਦੀ ਏ ਗੁਲਾਮੀ ਵਾਲੇ ਧੋਂਵਦੀ
ਡੁੱਲੇ ਖਾਲ੍ਸੇ ਦੀ ਖੂਨ ਦੀ ਜੋ ਧਾਰ

ਪਿਤਾ ਵਾਰ ਤਾ ਤੇ ਮਾਤਾ ਵਾਰੀ ਦੇਸ ਤੋਂ
ਜੀ ਵਾਰੇ ਸਾਹਿਬਜ਼ਾਦੇ ਚਾਰ

ਆਪਾ ਵਾਰ ਤਾ ਤੂੰ ਕੌਮ ਬਚੌਣ ਲਈ
ਦਿੱਤਾ ਵਾਰ ਸਾਰਾ ਪਰਵਾਰ

ਕੌਮ ਖਾਲਸਾ ਸ਼ਹੀਦ ਹੋਏ ਸਿੰਘਾਂ ਦਾ
ਕਦੇ ਸੱਕਦੀ ਨੀ ਕਰਜ਼ ਉਤਾਰ

ਤੂੰ ਦਾਤਾ - ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੂਤ ਚਾਰ
ਜੀ ਕਹਿੰਦੇ - ਚਾਰ ਮੁਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ

ਲੱਖਾਂ ਝੁੱਲਣ ਜੀ ਜੱਗ ਤੇ ਹਨੇਰੀਆਂ
ਸਦਾ ਰੱਖਾਂ ਜੈਲਦਾਰ ਉੱਤੇ ਤੇਰੀਆਂ
ਹਾਂ ਰਹਿਮਤਾਂ ਦਸ਼ਮੇਸ਼ ਪਿਤਾ ਤੇਰੀਆਂ
ਹਾਂ ਅਜੀਤ ਸਿੰਘ ਤੇਰੀਆਂ ਹਾਂ ਜੀ ਹਾਂ ਜੁਝਾਰ ਸਿੰਘ ਤੇਰੀਆਂ
ਹਾਂ ਬਈ ਹਾਂ ਵਾਰਾਂ ਸੁਣੀਆਂ ਜਾਣ

Saturday, December 17, 2011

ਕੀ ਦੱਸਾਂ ਕੀ ਫੈਦੇ ਨੇ ਜੀ ਪਿੰਡ ਵਿਚ ਵੱਸਣ ਦੇ


ਚਟਨੀ ਦੇ ਵਿਚ ਪਾਏ ਪੁਦੀਨੇ, ਗੰਡੇ ਲੱਸਣ ਦੇ
ਕੀ ਦੱਸਾਂ ਕੀ ਫੈਦੇ ਨੇ ਜੀ ਪਿੰਡ ਵਿਚ ਵੱਸਣ ਦੇ

ਸੁਬਹ ਸਵੇਰੇ ਉਠਦੇ ਈ ਗੁਰ੍ਬਾਣੀ ਸੁਣਦੇ ਆਂ
ਤੋਕੜ ਮਜ ਦੇ ਦੁਧ ਵਿਚ ਪਈ ਮਧਾਣੀ ਸੁਣਦੇ ਆਂ
ਮੰਜੇ ਬੈਠੀ ਕਰਦੀ ਪਾਠ ਸੁਆਨੀ ਸੁਣਦੇ ਆਂ
ਪੋਹ ਦੀ ਰਾਤ ਵਿਚ ਖਾਲ ਚ ਵਗਦਾ ਪਾਣੀ ਸੁਣਦੇ ਆਂ
ਰੋਕ ਨਾ ਪੀ ਕੇ ਬੋਲਣ ਤੋਂ ਅੱਜ ਸਬ ਕੁਜ ਦੱਸਣ ਦੇ
ਕੀ ਦੱਸਾਂ ਕੀ ਫੈਦੇ ਨੇ ਜੀ ਪਿੰਡ ਵਿਚ ਵੱਸਣ ਦੇ

ਵੱਡੀ ਜਹੀ ਹਵੇਲੀ ਉੱਤੇ ਇੱਕ ਚੁਬਾਰਾ ਜੀ
ਨਲਕੇ ਮੋਟਰ ਲੱਗੀ ਇੱਕ ਝਿੱਜਣ ਦਾ ਢਾਰਾ ਜੀ
ਵਿਹੜੇ ਦੇ ਵਿਚ ਸੌਂ ਕੇ ਗਿਣ ਲੌ ਇੱਕ ਇੱਕ ਤਾਰਾ ਜੀ
ਮੋਟਰ ਤੇ ਭਾਵੇਂ ਨੰਗੇ ਈ ਨਹਾਓ ਬੜਾ ਨਜ਼ਾਰਾ ਜੀ
ਪੱਤਾ ਹੋ ਗਿਆ ਲੀਕ ਕੇ ਲਾ ਕੇ ਪਾਨਾ ਕੱਸਣ ਦੇ
ਕੀ ਦੱਸਾਂ ਕੀ ਫੈਦੇ ਨੇ ਜੀ ਪਿੰਡ ਵਿਚ ਵੱਸਣ ਦੇ

ਦਾਦੀ ਦਿੱਤਾ ਸਿਓਂ ਕੇ ਸਾਨੂ ਬਸਤਾ ਤੱਪੜ ਦਾ
ਮਰਤਬਾਨ ਵਿਚ ਪਿਆ ਏ ਗੁੜ ਪਰ ਹੱਥ ਨੀ ਅੱਪੜਦਾ
ਜੀ ਅੱਗੇ ਲਾ ਕੇ ਡੰਗਰ ਪਿਓਨਾ ਪਾਣੀ ਛੱਪੜ ਦਾ
ਹਾਲੇ ਤੱਕ ਖੜਾਕ ਸੁਣੇ ਬਾਪੂ ਦੇ ਲੱਫੜ ਦਾ
ਅੱਧੀ ਛੁੱਟੀ ਬਸਤਾ ਚੱਕ ਸ੍ਕੂਲੋਂ ਨੱਸਣ ਦੇ
ਕੀ ਦੱਸਾਂ ਕੀ ਫੈਦੇ ਨੇ ਜੀ ਪਿੰਡ ਵਿਚ ਵੱਸਣ ਦੇ

ਨਾ ਇਂਟਰਨੇਟ ਦਾ ਰੌਲਾ ਨਾ ਕੋਈ ਭੀੜ ਬਜ਼ਾਰ ਹੁੰਦੈ
ਸੱਥ ਵਿਚ ਬੈਠਾ ਹਰ ਇੱਕ ਬੰਦਾ ਹੀ ਅਖ੍ਬਾਰ ਹੁੰਦੈ
ਜੇ ਦੁਸ਼ਮਣ ਵੀ ਕੋਈ ਹੋਵੇ ਤੇ ਹੁੰਦਾ ਏ ਚੋਟੀ ਦਾ
ਨਹੀ ਤਾਂ ਮਾਂ ਦੇ ਜਾਏਆਂ ਵਰਗਾ ਹਰ ਇੱਕ ਯਾਰ ਹੁੰਦੈ
ਜੀ ਨਿੱਤ ਹੀ ਮਿਲਦੇ ਮੌਕੇ ਪ੍ਰੇਮਜੀਤ ਨਾਲ ਹੱਸਣ ਦੇ
ਕੀ ਦੱਸਾਂ ਕੀ ਫੈਦੇ ਨੇ ਜੀ ਪਿੰਡ ਵਿਚ ਵੱਸਣ ਦੇ

ਜੈਲਦਾਰ ਦੇ ਪਿੰਡ ਵਰਗਾ ਪਿੰਡ ਹੋਰ ਨਾ ਹੋਣਾ ਜੀ
ਲੋਕੀਂ ਆਖਣ ਜੰਨਤ ਪਰ ਏ ਉਸਤੋਂ ਸੋਹਣਾ ਜੀ
ਖੂਹ ਤੋਂ ਚੱਕੇ ਨਿੱਤ ਬੇਗੋ ਪਾਣੀ ਦਾ ਦੋਹਨਾ ਜੀ
ਪਿਆਰ ਲੈਣ ਲਈ ਦਾਦੀ ਮੂਹਰੇ ਆਣ ਖਲੋਣਾ ਜੀ
ਦੇਸੀ ਘਿਓ ਦਾਦੀ ਨੂ ਮੇਰੇ ਸਿਰ ਵਿਚ ਝੱਸਣ ਦੇ
ਕੀ ਦੱਸਾਂ ਕੀ ਫੈਦੇ ਨੇ ਜੀ ਪਿੰਡ ਵਿਚ ਵੱਸਣ ਦੇ

Friday, December 16, 2011

ਸੱਚ ਹੈ ਪਰਮਾਤਮਾ


ਸੱਚ ਹੈ ਪਰਮਾਤਮਾ
ਸਚ ਹੈ ਉਹਦੀ ਆਤਮਾ
ਇਹ ਸਬ ਤੋਂ ਵੱਡਾ ਸੱਚ ਹੈ
ਨਾ ਸੱਚ ਦਾ ਹੋਣੈ ਖਾਤਮਾ

ਜੀ ਸੱਚ ਕਦੇ ਡਰਦਾ ਨਹੀਂ
ਇਹ ਸੱਚ ਕਦੇ ਹਰਦਾ ਨਹੀਂ
ਸੱਚ ਤੋਂ ਕੋਈ ਪਰਦਾ ਨਹੀਂ
ਸੱਚ ਤੇ ਕੋਈ ਗਰ੍ਦਾ ਨਹੀਂ
ਇਹ ਸੱਚ ਕਦੇ ਮਰਦਾ ਨਹੀ
ਤੇ ਸੱਚ ਬਿਨਾ ਸਰ੍ਦਾ ਨਹੀਂ

ਦਿਲ ਦਾ ਏ ਟੁੱਟਣਾ ਸੱਚ ਹੈ
ਸੱਜਣਾਂ ਤੋਂ ਲੂਟਨਾ ਸੱਚ ਹੈ
ਹੰਜੁਆਂ ਦਾ ਫੁੱਟਣਾ ਸੱਚ ਹੈ
ਦਮ ਦਮ ਦਾ ਘੁਟਣਾ ਸੱਚ ਹੈ

ਜੀ ਮੌਤ ਔਣੀ ਸੱਚ ਹੈ
ਜਿੰਦ ਹੈ ਪਰੌਹਣੀ ਸੱਚ ਹੈ
ਫਿਰ ਨਾ ਥਿਔਣੀ ਸੱਚ ਹੈ
ਮਰ੍ਗਤ ਮਨੌਣੀ ਸੱਚ ਹੈ

ਇਲ੍ਮ ਏ ਖੁਦਾਈ ਸਚ ਹੈ
ਸਿਰ ਮੌਤ ਆਈ ਸੱਚ ਹੈ
ਬੰਦਿਆਂ ਭੁਲਾਈ ਸੱਚ ਹੈ
ਕੁਦਰਤ ਚੇਤਾਈ ਸੱਚ ਹੈ

ਅੱਖੀਆਂ ਨੇ ਲੜਨਾ, ਸੱਚ ਹੈ
ਦੁਨੀਆ ਨੇ ਸੜਣਾ, ਸੱਚ ਹੈ

"ਮੈਂ" ਵਿਚ ਫਨਾ ਹਾਂ ਸੱਚ ਹੈ
ਮੈਂ ਖੁਦ ਖੁਦਾ ਹਾਂ ਸੱਚ ਹੈ
ਅੱਜ ਦਿੱਸ ਰਿਹਾ ਹਾਂ ਸੱਚ ਹੈ
ਕਲ ਹਾਂ ਨਹੀ ਹਾਂ ਸੱਚ ਹੈ

ਜੈਲੀ ਬੇਅਕਲਾ ਸੱਚ ਹੈ
ਨਿਤ ਕਰਦਾ ਨਕਲਾਂ ਸੱਚ ਹੈ
ਐਥੇ ਦਿਲ ਨੇ ਵਿਕਦੇ ਸੱਚ ਹੈ
ਤੇ ਵਿਕਣ ਸ਼ਕਲਾਂ ਸੱਚ ਹੈ

ਰੋਟੀ ਪਕਾ ਲੈ ਸੱਚ ਦੀ
ਸਬਜ਼ੀ ਬਣਾ ਲੈ ਸੱਚ ਦੀ
ਸਾਈਂ ਬਰੂਹਾਂ ਤੇ ਖੜਾ
ਦਾਵਤ ਸਜਾ ਲੈ ਸੱਚ ਦੀ

ਤੇਰੇ ਨਾਲ ਜਾਣਾ ਸੱਚ ਨੇ
ਰੱਬ ਨੂ ਮਿਲਾਣਾ ਸੱਚ ਨੇ
ਤੇਰੀ ਮੈਂ ਨੂ ਖਾਣਾ ਸੱਚ ਨੇ
ਬੰਦਾ ਬਣਾਨਾ ਸੱਚ ਨੇ

Thursday, December 15, 2011

ਦਰ੍ਦ-ਏ-ਹਿਜਰਾਂ ਨਾਲ ਹੋਈ ਮੁਲਾਕਾਤ ਮੇਰੀ



ਜੀ ਕਿਹਨੂੰ ਕਿੱਦਾਂ ਦੱਸਾਂ ਹੋਈ ਬਾਤ ਮੇਰੀ
ਦਰ੍ਦ-ਏ-ਹਿਜਰਾਂ ਨਾਲ ਹੋਈ ਮੁਲਾਕਾਤ ਮੇਰੀ

ਉਂਜ ਸੀ ਲੱਖਾਂ ਤਾਰੇ, ਸਾਡਾ ਇੱਕ ਵੀ ਨਾ
ਪੁੱਛੋ ਨਾ ਬਸ ਕਿੱਦਾਂ ਲੰਗੀ ਰਾਤ ਮੇਰੀ

ਥੋਡਾ ਸਿਰਨਾਵਾਂ ਵੱਡਾ, ਥੋਡੀ ਗੱਲ ਵੱਡੀ
ਮੈਂ ਨੀਵਾਂ ਹਾਂ ਜੀ ਆਸ਼ਿਕ ਹੈ ਜ਼ਾਤ ਮੇਰੀ

ਜੈਲੀ ਤੇਰਾ ਭੇਦ ਕਦੇ ਨਹੀ ਪਾ ਸਕਦਾ
ਤੇਰੇ ਅੱਗੇ ਸਾਈਆਂ ਕੀ ਔਕਾਤ ਮੇਰੀ


Wednesday, December 14, 2011

ਜੀ ਇਸ਼੍ਕ ਵੀ ਕਰਨਾ ਸੌਖਾ ਨਹੀ ਹਰਜਾਨੇ ਭਰਨੇ ਪੈਂਦੇ ਨੇ ||| ਅੱਖੀਆਂ ਨਾਲ ਕੀਤੀ ਗਲਤੀ ਦੇ ਜੁਰਮਾਨੇ ਭਰਨੇ ਪੈਂਦੇ ਨੇ


ਜੀ ਇਸ਼੍ਕ ਵੀ ਕਰਨਾ ਸੌਖਾ ਨਹੀ ਹਰਜਾਨੇ ਭਰਨੇ ਪੈਂਦੇ ਨੇ
ਅੱਖੀਆਂ ਨਾਲ ਕੀਤੀ ਗਲਤੀ ਦੇ ਜੁਰਮਾਨੇ ਭਰਨੇ ਪੈਂਦੇ ਨੇ

ਜੇ ਕਿਦਰੇ ਵੀ ਇਸ਼੍ਕ ਦਾ ਦੇਸ ਵਸੌਣਾ ਏ
ਫੁੱਲ ਮੁਰਝਾਈਆਂ ਨੂ ਵੀ ਹੱਸਣ ਲੌਣਾ ਏ
ਓਸ ਸ਼ਹਿਰ ਦੇ ਵਿਚ ਫਿਰ ਲੱਖਾਂ ਦੀਵਾਨੇ ਭਰਨੇ ਪੈਂਦੇ ਨੇ
ਜੀ ਇਸ਼੍ਕ ਵੀ ਕਰਨਾ ਸੌਖਾ ਨਹੀ ਹਰਜਾਨੇ ਭਰਨੇ ਪੈਂਦੇ ਨੇ

ਸੱਚ ਦਾ ਦੀਵਾ ਦਿਲ ਦੇ ਅੰਦਰ ਧਰ੍ਨੇ ਨੂ
ਜੀ ਕਾਲੀਆਂ ਰਾਤਾਂ ਨੂ ਵੀ ਰੌਸ਼ਨ ਕਰਨੇ ਨੂ
ਲੱਖਾਂ ਹੀ ਤਾਰੇ ਫਿਰ ਤਾਂ ਅਸਮਾਨੇ ਭਰਨੇ ਪੈਂਦੇ ਨੇ
ਜੀ ਇਸ਼੍ਕ ਵੀ ਕਰਨਾ ਸੌਖਾ ਨਹੀ ਹਰਜਾਨੇ ਭਰਨੇ ਪੈਂਦੇ ਨੇ

ਆਸ਼ਿਕਾਂ ਨੂ ਲੱਖ ਦੁਖੜੇ ਸਹਿਣੇ ਪੈਂਦੇ ਨੇ
ਸਿਰ ਦੇ ਵਿਚ ਪੱਥਰਾਂ ਦੇ ਗਹਿਣੇ ਪੈਂਦੇ ਨੇ
ਧੱਕੇ ਖਾ ਖਾ ਹੀ ਅਕਲਾਂ ਦੇ ਖਾਨੇ ਭਰਨੇ ਪੈਂਦੇ ਨੇ
ਜੀ ਇਸ਼੍ਕ ਵੀ ਕਰਨਾ ਸੌਖਾ ਨਹੀ ਹਰਜਾਨੇ ਭਰਨੇ ਪੈਂਦੇ ਨੇ

ਇਸ਼੍ਕ ਦੇ ਨਾਲ ਬਿਤੌਨੀ ਜ਼ਿੰਦਗੀ ਸੌਖੀ ਨਹੀ
ਇਹ ਬਦ੍ਨਾਮੀ ਮੱਥੇ ਲੌਣੀ ਸੌਖੀ ਨਹੀ
ਉਮਰ ਦੇ ਕੈਦੇ ਵਿਚ ਲੱਖਾਂ ਅਫ੍ਸਾਣੇ ਭਰਨੇ ਪੈਂਦੇ ਨੇ
ਜੀ ਇਸ਼੍ਕ ਵੀ ਕਰਨਾ ਸੌਖਾ ਨਹੀ ਹਰਜਾਨੇ ਭਰਨੇ ਪੈਂਦੇ ਨੇ

ਇੱਕ ਦੇ ਨਾਲ ਬਿਤੌਨੀ ਕਿਹ੍ੜਾ ਸੌਖੀ ਏ
ਯਾਰ ਦੇ ਨਾਂ ਜਿੰਦ ਲੌਣੀ ਕਿਹ੍ੜਾ ਸੌਖੀ ਏ
ਇੱਕ ਸ਼ਮਾਂ ਤੇ ਸੜਨੇ ਨੂ ਲੱਖਾਂ ਪਰਵਾਨੇ ਭਰਨੇ ਪੈਂਦੇ ਨੇ
ਜੀ ਇਸ਼੍ਕ ਵੀ ਕਰਨਾ ਸੌਖਾ ਨਹੀ ਹਰਜਾਨੇ ਭਰਨੇ ਪੈਂਦੇ ਨੇ

ਜੈਲਦਾਰ ਵੀ ਇਸ਼੍ਕ ਦਾ ਮਾਰਾ ਫਿਰਦਾ ਏ
ਅੱਖਰਾਂ ਦੇ ਵਿਚ ਪਿਆ ਵਿਚਾਰਾ ਫਿਰਦਾ ਏ
ਓਹਨੂ ਹਂਜੂਆ ਦੇ ਨਾਲ ਨੈਣਾਂ ਦੇ ਪੈਮਾਨੇ ਭਰਨੇ ਪੈਂਦੇ ਨੇ
ਜੀ ਇਸ਼੍ਕ ਵੀ ਕਰਨਾ ਸੌਖਾ ਨਹੀ ਹਰਜਾਨੇ ਭਰਨੇ ਪੈਂਦੇ ਨੇ

ਚਰਨਾਂ ਤੋਂ ਕਰੀਂ ਨਾ ਤੂੰ ਦੂਰ ਮੇਰੇ ਮਾਲਕਾ


ਏਨਾ ਜੰਗਲਾਂ ਪਹਾੜੀਆਂ ਚ ਰੁੱਖਾਂ ਅਤੇ ਝਾੜੀਆਂ ਚ
ਮਹਿਲਾਂ ਅਤੇ ਮਾੜੀਆਂ ਚ ਬੱਚੇ ਦੀਆਂ ਤਾੜੀਆਂ ਚ
ਹਰ ਥਾਂ ਤੇ ਦਿੱਸੇ ਤੇਰਾ ਨੂਰ ਮੇਰੇ ਮਾਲਕਾ
ਚਰਨਾਂ ਤੋਂ ਕਰੀਂ ਨਾ ਤੂੰ ਦੂਰ ਮੇਰੇ ਮਾਲਕਾ

ਦੁੱਖਾਂ ਅਤੇ ਸੁੱਖਾਂ ਵਿਚ ਪੰਛੀਆਂ ਤੇ ਰੁੱਖਾਂ ਵਿਚ
ਬਾਪੂ ਦੇ ਕੰਧਾੜੇ ਉੱਤੇ ਮਾਵਾਂ ਦੀਆਂ ਕੁੱਖਾਂ ਵਿਚ
ਹਰ ਜਗਹ ਤੇ ਤੂੰ ਹਾਜ਼ਰ ਹਜ਼ੂਰ ਮੇਰੇ ਮਾਲਕਾ
ਚਰਨਾਂ ਤੋਂ ਕਰੀਂ ਨਾ ਤੂੰ ਦੂਰ ਮੇਰੇ ਮਾਲਕਾ

ਰੋਸਿਆਂ ਚ ਹਾਸਿਆਂ ਚ ਵੇਹਲਿਆਂ ਚ ਵਾਸਿਆਂ ਚ
ਰੱਜਿਆਂ ਚ ਪੁੱਜਿਆਂ ਚ ਭੁੱਖਿਆਂ ਪਿਆਸਿਆਂ ਚ
ਕੋਈ ਵੀ ਨਾ ਹੋਵੇ ਮਜਬੂਰ ਮੇਰੇ ਮਾਲਕਾ
ਚਰਨਾਂ ਤੋਂ ਕਰੀਂ ਨਾ ਤੂੰ ਦੂਰ ਮੇਰੇ ਮਾਲਕਾ

ਜੱਗ ਤੋਂ ਬੇਗਾਨੇਆਂ ਨੂ ਅਕਲੋਂ ਦੀਵਾਨਿਆਂ ਨੂ
ਸੂਫੀਆਂ ਨੂ ਸੋਫੀਆਂ ਨੂ ਅਤੇ ਪਰਵਾਨਿਆਂ ਨੂ
ਇੱਕੋ ਤੇਰੇ ਨਾਮ ਦਾ ਸਰੂਰ ਮੇਰੇ ਮਾਲਕਾ
ਚਰਨਾਂ ਤੋਂ ਕਰੀਂ ਨਾ ਤੂੰ ਦੂਰ ਮੇਰੇ ਮਾਲਕਾ

ਜੈਲੀ ਜੈਲਦਾਰ ਵਿਚ ਓਹਦੇ ਪਰਵਾਰ ਵਿਚ
ਮਿੱਤਰਾਂ ਤੇ ਬੇਲੀਆਂ ਚ ਸਾਰੇ ਸੰਸਾਰ ਵਿਚ
ਭੋਰਾ ਕੁ ਵੀ ਛੱਡੀਂ ਨਾ ਗਰੂਰ ਮੇਰੇ ਮਾਲਕਾ
ਚਰਨਾਂ ਤੋਂ ਕਰੀਂ ਨਾ ਤੂੰ ਦੂਰ ਮੇਰੇ ਮਾਲਕਾ

ਸਾਡੀ ਕਲਮ ਚੋਂ ਲਾਵਾ ਨਿੱਕਲਦਾ ਦਸ ਅੱਗੇ ਕਿੱਦਾਂ ਖੜ ਜਾਏਂਗਾ


ਸਾਡੀ ਕਲਮ ਚੋਂ ਲਾਵਾ ਨਿੱਕਲਦਾ ਦਸ ਅੱਗੇ ਕਿੱਦਾਂ ਖੜ ਜਾਏਂਗਾ


ਇਹਨੇਂ ਪਾਣੀ ਵਾਂਗੂ ਮੁੜਣਾ ਨਹੀਂ ਤੂੰ ਕਾਗਜ ਵਾਂਗੂ ਸੜ ਜਾਏਂਗਾ


ਤੂੰ ਬਣਿਆ ਫਿਰਦੈਂ ਫੰਨੇ ਖਾਂ ਕਿੰਜ ਅਣਖਾਂ ਅੱਗੇ ਅੜ ਜਾਏਂਗਾ


ਜੇ ਜੈਲੀ ਅਪਣੀ ਤੇ ਆਇਆ ਕੋਰੇ ਵਰਕੇ ਵੀ ਪੜ ਜਾਏਂਗਾ

Tuesday, December 13, 2011

ਐਥੇ ਨੀਤਾਂ ਨਾਲੋਂ ਕਪੜੇ ਦੀ ਵਧ ਕੀਮਤ ਹੈ


ਐਥੇ ਨੀਤਾਂ ਨਾਲੋਂ ਕਪੜੇ ਦੀ ਵਧ ਕੀਮਤ ਹੈ
ਰੇਸ਼ਮ ਵਿਚ ਹੋਵੇ ਕੂੜ ਵੀ ਹੈ ਪਰਵਾਨ ਐਥੇ

ਐਥੇ ਰੁਤਬੇ ਦੀ ਏ ਕੀਮਤ ਰੱਬ ਤੋਂ ਵੀ ਜ਼ਿਆਦਾ
ਅਤੇ ਸਬ ਤੋਂ ਸਸਤਾ ਵਿਕਦਾ ਏ ਇਨ੍ਸਾਨ ਐਥੇ

ਐਥੇ ਸੂਰਜ ਮੱਘਦਾ ਏ ਬੱਸ ਕੱਮੀਆਂ ਦੇ ਵਿਹੜੇ
ਹਰ ਧਰਮ ਦੇ ਵਖਰੇ ਵਖਰੇ ਨੇ ਅਸਮਾਨ ਐਥੇ

ਜਿਥੇ ਇੰਚ ਵੀ ਧਰਤੀ ਨਿਕਲੇ ਕਬਜ਼ੇ ਹੋ ਜਾਂਦੇ
ਇਹਨਾਂ ਮਹਿਲਾਂ ਥੱਲੇ ਦੱਬੇ ਨੇ ਸ਼ਮਸ਼ਾਨ ਐਥੇ

ਐਥੇ ਸੱਚ ਬੋਲਣ ਤੇ ਯਾਰੋ ਸੰਘੀਆਂ ਘੁੱਟ ਦਿੰਦੇ
ਪਰ ਝੂਠ ਦਾ ਭਾਸ਼ਨ ਦਿੰਦੇ ਨੇ ਬੇਈਮਾਨ ਐਥੇ

ਐਥੇ ਕਾਜ਼ੀ,ਬਾਹਮਣ, ਮੁੱਲਾ ਸਬ ਵਿਕਦੇ ਲਾਲੋ
ਸਬ ਕੂੜ ਦੇ ਪੁਤਲੇ ਫਿਰਦੇ ਨੇ ਪਰਧਾਨ ਐਥੇ

ਐਨੇ ਬੰਦਿਆਂ ਲੀ ਨਰਕ ਦੇ ਵਿਚ ਵੀ ਜਗਾਹ ਨਹੀ
ਖੁਦ ਧਰਮਰਾਜ ਵੀ ਬੈਠਾ ਹੋ ਪਰੇਸ਼ਾਨ ਐਥੇ

ਅੱਜ ਮਾੜੇ ਬੰਦੇ ਦੀ ਕੁੱਤੇ ਜਿੰਨੀ ਕਦਰ ਨਹੀਂ
ਅਤੇ ਖੁਦ ਨੂ ਰਬ ਅਖਵਾਓਂਦੇ ਨੇ ਧਨਵਾਨ ਐਥੇ

ਛੱਡ ਜੈਲਦਾਰਾ ਕਿਓਂ ਮਗਜ਼ ਖਪਾਈ ਜਾਨਾ ਐਂ
ਤੇਰੇ ਲਿਖਣ ਨਾਲ ਕਿਹ੍ੜਾ ਬਦਲ ਜਾਣੈਂ ਭਗਵਾਨ ਐਥੇ

Saturday, December 10, 2011

ਤੁਸੀਂ ਏਨੂ ਦੁਨੀਆ ਕਹਿੰਦੇ ਹੋ ? ਮੈਨੂ ਤੇ ਦੋਜ਼ਖ ਦਿਸਦੀ ਏ


ਹਰ ਇੱਕ ਰੁੱਖ ਹੋਇਆ ਫੱਟੜ ਹੈ ਹਰ ਟਾਹਣੀ ਵੇਖੀ ਰਿਸਦੀ ਹੈ
ਤੁਸੀਂ ਏਨੂ ਦੁਨੀਆ ਕਹਿੰਦੇ ਹੋ ? ਮੈਨੂ ਤੇ ਦੋਜ਼ਖ ਦਿਸਦੀ ਏ

ਸੁਬਹਾ ਚਰਚਾਂ ਤੇ ਮੰਦਰਾਂ ਨੂ, ਜਦ ਰਾਤ ਪਈ ਤੇ ਅੰਦਰਾਂ ਨੂ
ਪਰ ਦੱਸੇ ਕੌਣ ਪਤੰਦਰਾਂ ਨੂ, ਹਰ ਸ਼ੈ ਵਿਚ ਸੂਰਤ ਕਿਸਦੀ ਹੈ

ਮੂਹ ਰਾਮ ਬਗਲ ਵਿਚ ਖੰਜਰ ਹੈ, ਅਕਲਾਂ ਦੀ ਧਰਤੀ ਬੰਜਰ ਹੈ
ਕੁਰਸੀ ਤੇ ਬੈਠਾ ਕੰਜਰ ਹੈ ਏਥੇ ਮਰਜ਼ੀ ਚਲਦੀ ਜਿਸਦੀ ਹੈ

ਏਥੇ ਝੂਠ ਦੀ ਰੋਟੀ ਪੱਕੀ ਏ  ਸੱਚਾਈ ਬੈਠੀ ਥੱਕੀ ਏ
ਜਿਹਦੀ ਡਾਂਗ ਓਸੇ ਦੀ ਚੱਕੀ ਏ , ਖਲ੍ਕਤ ਵੇਚਾਰੀ ਪਿਸਦੀ ਏ

ਕਦੋਂ ਮਾਈ ਬੁੱਡੀ ਛੱਟੇਗੀ ਕਦੋਂ ਛੱਟ ਭੜੋਲੇ ਪਾਵੇਗੀ
ਪਰ ਸਮਝ ਤੇਰੇ ਕਦ ਆਵੇਗੀ ਜਿਹਦੇ ਬੋਲ ਕਲਮ ਵੀ ਤਿਸ੍ਦੀ ਏ

Wednesday, December 7, 2011

ਘੋੜਾ ਸਾਡਾ ਪੈਂਚਰ ਨੀ ਤੇ ਸੈਕਲ ਖੜਾ ਤਿਹਾਇਆ ਨੀ


ਘੋੜਾ ਸਾਡਾ ਪੈਂਚਰ ਨੀ ਤੇ ਸੈਕਲ ਖੜਾ ਤਿਹਾਇਆ ਨੀ
ਟੂੰਡੇ ਮੁੱਕੇ ਮਾਰ ਮਾਰ ਕੇ ਲੰਗੜਾ ਬਹੁਤ ਭਜਾਇਆ ਨੀ

ਗੰਜਾ ਕੰਘੀ ਕਰਦਾ ਤੱਕਿਆ ਅੰਨ੍ਹੇ ਸੂਰਮਾ ਪਾਇਆ ਨੀ
ਗੂੰਗਾ ਹੇਕਾਂ ਉਚੀਆਂ ਲਾਕੇ ਬੋਲੇ ਤਾਈਂ ਸੁਣਾਇਆ ਨੀ

ਹੇਕ ਸੁਣੀ ਗੂੰਗੇ ਦੀ ਲੰਗੜਾ ਭੱਜਿਆ ਭੱਜਿਆ ਆਇਆ ਨੀ
ਕੋਰੇ ਸਫੇ ਤੋਂ ਪੜ੍ਹ ਪੜ੍ਹ ਕੇ ਸੀ ਗਾਣਾ ਲੱਮਾ ਗਾਇਆ ਨੀ

ਪਾਗਲਖਾਨਿਓਂ ਆ ਕੇ ਪਾਗਲਾਂ ਬਾਹਲਾ ਮਗਜ਼ ਖਪਾਇਆ ਨੀ
ਸ਼ੇਰ ਬਣ ਗਿਆ ਵੇਹੰਦੇ ਵੇਹੰਦੇ ਓਹ ਕਾਂਟੋ ਦਾ ਜਾਇਆ ਨੀ

ਬੋਤੇ ਤੋਂ ਉੱਤਰਨ ਲੱਗੀ ਨੇ ਚੈਨ ਚ ਪੈਰ ਫਸਾਇਆ ਨੀ
ਅਕਲਾਂ ਨੂ ਲਾ ਲਾ ਕੇ ਤੜਕਾ ਚਮਚੇ ਨਾਲ ਖੁਆਇਆ ਨੀ

ਡੰਗਰਾਂ ਵਾਂਗੂ ਬੰਦਾ ਬਣਜਾ ਬੰਦਿਆਂ ਨੂ ਸਮਝਾਇਆ ਨੀ
 ਬਾਰੀਂ ਬਰਸੀ ਖਟਣ ਗਏ ਦਾ ਰੱਜ ਕੇ ਮਾੰਜਾ ਲਾਹਿਆ ਨੀ

ਸੂਰਜ ਨਾਲ ਜੀ ਮੁੜਕਾ ਪੂੰਜੇ ਸਾਡਾ ਆਪਣਾ ਤਾਇਆ ਨੀ
ਜੈਲੀ ਨੇ ਅੱਜ ਬੇਮਤਲਬ ਦਾ ਲਿਖ ਲਿਖ ਕੇ ਗਾਹ ਪਾਇਆ ਨੀ

Tuesday, December 6, 2011

ਹਰ ਇੱਕ ਸਰ ਤੇ ਜ਼ਖਮ ਹਰ ਹੱਥ ਚ ਪੱਥਰ ਕਿਓਂ ਹੈ


ਹਰ ਗਲੀ ਚ ਇੱਕ ਮਸਜਿਦ ਤੇ ਇੱਕ ਮੰਦਰ ਕਿਓਂ ਹੈ
ਹਰ ਇੱਕ ਸਰ ਤੇ ਜ਼ਖਮ ਹਰ ਹੱਥ ਚ ਪੱਥਰ ਕਿਓਂ ਹੈ

ਕਿ ਸਬ ਜਾਣਦੇ ਨੇ ਹਰ ਜ਼ੱਰੇ ਵਿਚ ਖੁਦ ਖੁਦਾ ਵਸਦੈ
ਕਿ ਹਰ ਜ਼ੱਰੇ ਚ ਫਿਰ ਇਹ ਖੌਫ ਦਾ ਮੰਜ਼ਰ ਕਿਓਂ ਹੈ

ਜੀ ਮੇਰੇ ਦੁਸ਼ਮਣਾਂ ਤੇ ਕਸਰ ਪਹਿਲਾਂ ਹੀ ਨਹੀ ਛੱਡੀ
ਕਿ ਹੁਣ ਮੇਰੇ ਦੋਸਤਾਂ ਦੇ ਹੱਥ ਚ ਵੀ ਖੰਜਰ ਕਿਓਂ ਹੈ

ਜੀ ਮੈਂ ਤਾਂ ਇਸ਼੍ਕ਼ ਦੇ ਰਾਹ ਤੇ ਕਦੀ ਨਹੀ ਪੈਰ ਧਰਿਆ
ਕਿ ਫਿਰ ਵੀ ਕਸਕ ਜਹੀ ਪੈਂਦੀ ਮੇਰੇ ਅੰਦਰ ਕਿਓਂ ਹੈ

ਮਰਨਾ ਤੂੰ ਵੀ ਇੱਕ ਦਿਨ ਹੈ ਤੇਰਾ ਵੀ ਅੰਤ ਔਣਾ ਹੈ
ਖਾਮਖਾਂ ਬਣ ਰਿਹਾ ਜੈਲੀ ਤੂੰ ਸਿਕੰਦਰ ਕਿਓ ਹੈ