Friday, November 25, 2011

ਜੁਰ੍ਮ ਤਾਂ ਮੇਰਾ ਕੋਈ ਉਂਜ ਵੀ ਨਹੀ ਸੀ


ਜੁਰ੍ਮ ਤਾਂ ਮੇਰਾ ਕੋਈ ਉਂਜ ਵੀ ਨਹੀ ਸੀ
ਤਾਹਵੀਂ ਮੁੱਦਤਾਂ ਤੋਂ ਮੈਂ ਭੰਡਿਆ ਜਾ ਰਿਹਾਂ

ਓਹ ਸੋਚ੍ਦੈ ਓਹ ਕੁੱਟ ਰਿਹੈ ਤਲਵਾਰ ਨੂ
ਓ ਭੁੱਲ ਗਿਐ ਮੈਂ ਹੋਰ ਚੰਡਿਆ ਜਾ ਰਿਹਾਂ

Thursday, November 24, 2011

ਮੇਰੇ ਖੇਤਾਂ ਵਿਚੋਂ ਉੱਗਣ ਬੰਦੂਕਾਂ, ਮੈਂ ਵਾਰਸ ਭਗਤ ਸਿੰਘ ਦਾ


ਮੇਰੇ ਖੇਤਾਂ ਵਿਚੋਂ ਉੱਗਣ ਬੰਦੂਕਾਂ, ਮੈਂ ਵਾਰਸ ਭਗਤ ਸਿੰਘ ਦਾ
ਯਾਰੋ ਫਾਂਸੀਆਂ ਨੇ ਮੇਰੀਆਂ ਮਸ਼ੂਕਾਂ , ਮੈਂ ਵਾਰਸ ਭਗਤ ਸਿੰਘ ਦਾ

ਬੋਲੀ ਸਰਕਾਰ ਨੂ, ਸੁਣੌਣਾ ਅਸੀਂ ਜਾਣਦੇ,
ਹੱਕ ਵਾਲੀ ਗੱਲ ਨੂ ਮਨੌਣਾ ਅਸੀਂ ਜਾਣਦੇ
ਜਾਕੇ ਵਿਚ ਮੈਂ ਅਸੇਂਬ੍ਲੀ ਦੇ ਕੂਕਾਂ
ਮੈਂ ਵਾਰਸ ਭਗਤ ਸਿੰਘ ਦਾ
ਮੇਰੇ ਖੇਤਾਂ ਵਿਚੋਂ ਉੱਗਣ ਬੰਦੂਕਾਂ, ਮੈਂ ਵਾਰਸ ਭਗਤ ਸਿੰਘ ਦਾ

ਹਾਣੀ ਮੇਰੇ ਹਾਣ ਦਿਓ, ਸੁਣਦੇ ਨੀ ਗੱਲ ਕਿਓਂ
ਪਹਿਲਾਂ ਗੋਰੇ ਸੀ ਭਜਾਏ, ਹੁਣ ਭੱਜੋ ਓਹ੍ਨਾ ਵੱਲ ਕਿਓਂ
ਥੋਡੇ ਵੀਜ਼ੀਆਂ ਨੂ ਅੱਗ ਲਾ ਕੇ ਫੂਕਾਂ
ਮੈਂ ਵਾਰਸ ਭਗਤ ਸਿੰਘ ਦਾ
ਯਾਰੋ ਫਾਂਸੀਆਂ ਨੇ ਮੇਰੀਆਂ ਮਸ਼ੂਕਾਂ , ਮੈਂ ਵਾਰਸ ਭਗਤ ਸਿੰਘ ਦਾ

ਤੁਰ ਗਏ ਵਦੇਸ ਸੁੰਨਾ ਕਰ ਕੇ ਪੰਜਾਬ ਨੂ
ਕੌਣ ਕਰੂ ਪੂਰਾ ਭਗਤ ਸਰਾਭੇ ਦੇ ਖੂਆਬ ਨੂ
ਸੁਣਾਂ ਧਰਤੀ ਦੇ ਦਿਲ ਦੀਆਂ ਹੂਕਾਂ
ਮੈਂ ਵਾਰਸ ਭਗਤ ਸਿੰਘ ਦਾ
ਮੇਰੇ ਖੇਤਾਂ ਵਿਚੋਂ ਉੱਗਣ ਬੰਦੂਕਾਂ, ਮੈਂ ਵਾਰਸ ਭਗਤ ਸਿੰਘ ਦਾ

ਸੋਨੇ ਦੀ ਚਿੜੀ ਤੇ ਗਏ ਬਾਜ਼ ਪੰਜੇ ਮਾਰ ਜੀ
ਇੱਜ਼ਤ ਅਸਾਡੀ ਕਰ ਦਿੱਤੀ ਤਾਰ ਤਾਰ ਜੀ
ਕੁਜ ਆਪਣਿਆਂ ਕੁਜ ਮਸ਼ਕੂਕਾਂ
ਮੈਂ ਵਾਰਸ ਭਗਤ ਸਿੰਘ ਦਾ
ਮੇਰੇ ਖੇਤਾਂ ਵਿਚੋਂ ਉੱਗਣ ਬੰਦੂਕਾਂ, ਮੈਂ ਵਾਰਸ ਭਗਤ ਸਿੰਘ ਦਾ
ਯਾਰੋ ਫਾਂਸੀਆਂ ਨੇ ਮੇਰੀਆਂ ਮਸ਼ੂਕਾਂ , ਮੈਂ ਵਾਰਸ ਭਗਤ ਸਿੰਘ ਦਾ

Wednesday, November 23, 2011

ਲਹੂ ਦਾ ਦੌਰ ਹੈ ਮੇਰੀ ਕਲਮ ਚ ਸਿਆਹੀ ਨਾ ਭਰੋ


ਲਹੂ ਦਾ ਦੌਰ ਹੈ ਮੇਰੀ ਕਲਮ ਚ ਸਿਆਹੀ ਨਾ ਭਰੋ
ਲਿਖੋ ਗਲ ਅਮਨ ਦੀ ਕਾਗਜ਼ ਚ ਤਬਾਹੀ ਨਾ ਭਰੋ

ਕਰੋ ਜੋ ਦਿਲ ਕਰੇ ਪਰ ਦਿਲ ਕਿਸੇ ਦਾ ਨਾ ਦੁਖਾਓ
ਤੁਸੀ ਸਬ ਕਤਰੇ ਹੋ ਸਾਗਰ ਤੇ ਨਾ ਇੰਜ ਰੋਬ ਪਾਓ
(ਸਾਗਰ = ਪਰਮਾਤਮਾ )

ਤੂੰ ਮਾੜਾ ਬੋਲ ਨਾ ਜੇ ਕੁਜ ਵੀ ਨਹੀ ਚੰਗਾ ਕਹਿਣਾ
ਕਿ ਮਾੜਾ ਕਹਿਣ ਤੋਂ ਚੰਗਾ ਹੁੰਦਾ ਏ ਚੁੱਪ ਰਹਿਣਾ

ਜਦੋਂ ਤੇਰੀ ਨੇਕੀਆਂ ਦੀ ਹਾਂ ਦੇ ਵਿਚ ਹਾਂ ਮਿਲ ਜਾਏਗੀ
ਖੁਦਾ ਨੇ ਚਾਹਿਆ ਤੇ ਜੰਨਤ ਚ ਵੀ ਥਾਂ ਮਿਲ ਜਾਏਗੀ

ਬਣਾ ਲੈ ਲੱਖ ਹਜ਼ਾਰਾਂ ਹਮਸਫਰ ਤੂੰ ਜ਼ੈਲਦਾਰਾ
ਅਖੀਰੀ ਚਾਰ ਹੀ ਬੰਦੀਆਂ ਨੇ ਦੇਣਾ ਏ ਸਹਾਰਾ


Tuesday, November 22, 2011

ਜਦੋਂ ਖੁੱਲੀ ਮੇਰੇ ਪਾਪਾਂ ਦੀ ਕਿਤਾਬ ਮੇਰੇ ਸਾਹ ਵੀ ਔਣੋ ਬੰਦ ਹੋ ਗਏ


ਜੀ ਕੋਈ ਚੱਲਿਆ ਨਾ ਜ਼ੋਰ ਜਦੋਂ ਧੁਰ ਦਰਗਾਹੇ ਨਾਪਸੰਦ ਹੋ ਗਏ
ਜਦੋਂ ਖੁੱਲੀ ਮੇਰੇ ਪਾਪਾਂ ਦੀ ਕਿਤਾਬ ਮੇਰੇ ਸਾਹ ਵੀ ਔਣੋ ਬੰਦ ਹੋ ਗਏ

ਬੰਦਾ ਕਿਹੜੇ ਕੱਮ ਭੇਜੇ ਪਰਮਾਤਮਾ, ਤੇ ਏਥੇ ਕੀ ਕੀ ਕਾਰੇ ਕਰਦਾ
ਜਿੰਨਾ ਕੱਮਾਂ ਤੋਂ ਸੀ ਡੱਕਿਆ ਜੀ ਰੱਬ ਨੇ ਇਹ ਗਿਣ ਗਿਣ ਸਾਰੇ ਕਰਦਾ
ਓਹੀ ਰੂਹਾਂ ਨੇ ਸੁਭਾਗੀਆਂ ਜਿਹਨਾ ਦੇ ਕੀਤੇ ਕੱਮ ਲਾਹੇਵੰਦ ਹੋ ਗਏ
ਜਦੋਂ ਖੁੱਲੀ ਮੇਰੇ ਪਾਪਾਂ ਦੀ ਕਿਤਾਬ ਮੇਰੇ ਸਾਹ ਵੀ ਔਣੋ ਬੰਦ ਹੋ ਗਏ

ਜਿੰਨੇ ਕਰ ਛੱਡੇ ਪਾਪ ਹੁਣ ਤੱਕ ਮੈਂ ਓਹ੍ਨਾ ਨੂ ਧੋਣਾ ਸੌਖੀ ਗੱਲ ਨਹੀ
ਜਿਸ ਪਿਆਂ ਏ ਕੁਰਾਹੇ ਇਸ ਰਾਹ ਤੋਂ ਪਰਤ ਔਣਾ ਸੌਖੀ ਗੱਲ ਨਹੀ
ਵਾਂਗ ਨਰਮੇ ਦੇ ਕੁਜ ਪੀੜੇ ਜਾਣਗੇ ਜੀ ਚੰਗੇ ਨੇ ਜੋ ਤੰਦ ਹੋ ਗਏ
ਜਦੋਂ ਖੁੱਲੀ ਮੇਰੇ ਪਾਪਾਂ ਦੀ ਕਿਤਾਬ ਮੇਰੇ ਸਾਹ ਵੀ ਔਣੋ ਬੰਦ ਹੋ ਗਏ

ਫਲ ਕੀਤੇ ਕਰਮਾਂ ਦੀ ਹੀ ਏ ਮਿਲਣਾ ਤੇ ਕੱਮ ਕਰ ਸੋਚ ਸੋਚ ਕੇ
ਜਿਵੇਂ ਖਾਨਾ ਏ ਗਰੀਬਾਂ ਦਾ ਤੂ ਹੱਕ, ਜਮਾਂ ਤੈਨੂ ਖਾਣਾ ਨੋਚ ਨੋਚ ਕੇ
ਕੁਜ ਪੱਤਰ ਗੁਲਾਬ ਦੇ ਮਧੋਲੇ ਗਏ,  ਚੰਗੇ ਜੋ ਗੁਲਕੰਦ ਹੋ ਗਏ
ਜਦੋਂ ਖੁੱਲੀ ਮੇਰੇ ਪਾਪਾਂ ਦੀ ਕਿਤਾਬ ਮੇਰੇ ਸਾਹ ਵੀ ਔਣੋ ਬੰਦ ਹੋ ਗਏ

ਬੰਦਾ ਹੋਇਆ ਏ ਮੁਰੀਦ ਅੱਜ ਪੈਸੇ ਦਾ ਜੀ ਭਾਈਚਾਰਾ ਪਾਸੇ ਧਰਿਆ
ਵੱਡਾ ਬਣੇ ਜੈਲਦਾਰ ਅੱਗੇ ਦੁਨੀਆ ਦੇ ਅੰਦਰੋਂ ਗੁਨਾਹਾਂ ਭਰਿਆ
ਅੱਜ ਸੋਚ ਦਾ ਜਹਾਨ ਗਿਆ ਸੁੰਗੜ ਦਿਲਾਂ ਦੇ ਬੂਹੇ ਤੰਗ ਹੋ ਗਏ
ਜਦੋਂ ਖੁੱਲੀ ਮੇਰੇ ਪਾਪਾਂ ਦੀ ਕਿਤਾਬ ਮੇਰੇ ਸਾਹ ਵੀ ਔਣੋ ਬੰਦ ਹੋ

Monday, November 21, 2011

ਮੇਰੇ ਦਿਲ ਚ ਕੀ ਕੀ ਏ, ਏ ਰੱਬ ਜਾਣਦੈ


ਨੀਤ ਚੰਗੀ ਜਾ ਬੁਰੀ ਏ, ਏ ਰੱਬ ਜਾਣਦੈ
ਮੇਰੇ ਦਿਲ ਚ ਕੀ ਕੀ ਏ, ਏ ਰੱਬ ਜਾਣਦੈ

ਗਲ ਤੇਰੀ ਵੀ ਸਚ ਹੈ, ਗਲ ਮੇਰੀ ਵੀ ਸਚ ਹੈ
ਪਰ ਕਿਹੜੀ ਸਹੀ ਏ,  ਏ ਰੱਬ ਜਾਣਦੈ

ਕਲ੍ਹ ਰੂੜੀ ਤੇ ਵੇਖੀ ਸੀ ਲਾਸ਼ ਇੱਕ ਪਰੀ ਦੀ
ਖਬਰੇ ਕਿਸ ਦੀ ਧੀ ਹੈ,  ਏ ਰੱਬ ਜਾਣਦੈ

ਕਿ ਇਸ਼ਕੇ ਦੇ ਰਾਹ ਦੀ ਕੋਈ ਮੰਜ਼ਿਲ ਨਹੀ ਹੁੰਦੀ
ਇਹ ਗੱਲ ਤੇ ਪੱਕੀ ਏ ,  ਏ ਰੱਬ ਜਾਣਦੈ

ਇਹ ਸੁਖ ਦੁਖ ਤੇ ਖੁਸ਼ੀਆਂ ਇਹ ਰੋਸੇ ਤੇ ਗਮ ਵੀ
ਬਸ ਘੜੀ ਦੋ ਘੜੀ ਏ,  ਏ ਰੱਬ ਜਾਣਦੈ

ਗੱਲ ਮੈਂ ਵੀ ਸੁਣੀ ਸੀ ਕਿ ਜੈਲੀ ਹੈ ਪਾਗਲ
ਪਰ ਕਿਸ ਨੇ ਕਹੀ ਏ, ਏ ਰੱਬ ਜਾਣਦੈ

Sunday, November 20, 2011

ਮੈਂ ਤੇਰੀਆਂ ਅੱਖਾਂ ਚ ਦੁਨੀਆ ਵੇਖ ਰਿਹਾ ਹਾਂ


ਸਬ ਤੇਰੀਆਂ ਅੱਖਾਂ ਨਾ ਦੁਨੀਆ ਵੇਖਦੇ ਹੋਣੇ
ਮੈਂ ਤੇਰੀਆਂ ਅੱਖਾਂ ਚ ਦੁਨੀਆ ਵੇਖ ਰਿਹਾ ਹਾਂ

ਸਹਿਬਾ ਨੂ ਡਰ, ਵੀਰ ਨਾ ਬਣ ਜਾਵੇ ਨਿਸ਼ਾਨਾ
ਮੈਂ ਮਿਰਜ਼ੇ ਦੇ ਟੁੱਟੇ ਤੀਰ ਕਮਾਂ ਵੇਖ ਰਿਹਾ ਹਾਂ

ਮੇਰਾ ਕ਼ਤਲ ਵੀ ਹੋਯੈ ਅਤੇ ਕਾਤਿਲ ਵੀ ਕੋਲ ਹੈ
ਹਥਿਆਰ ਤੇ ਪਰ ਆਪਣੇ ਨਿਸ਼ਾਂ ਵੇਖ ਰਿਹਾ ਹਾਂ

ਸ਼ਹਿਰਾਂ ਦੇ ਵਾਂਗੂ ਖੁਸ਼੍ਕ ਨਾ ਪਿੰਡਾਂ ਨੂ ਕਰ ਦਵੇ
ਮੈਂ ਪਿੰਡ ਦੇ ਵੱਲ ਨੂ ਔਂਦੀ ਹਵਾ ਦੇਖ ਰਿਹਾ ਹਾਂ

ਸਾਡੇ ਲਈ ਨਹੀਂ ਸੀ ਟੈਮ ਤੇ ਹੋਰਾਂ ਤੋ ਨਹੀ ਫੁਰਸਤ
ਕਿਸ ਭਾਅ ਨੁੰ ਵਿਕ ਰਿਹਾ ਹੈ ਸਮਾਂ ਦੇਖ ਰਿਹਾ ਹਾਂ

ਕਹਿੰਦੇ ਆ ਵੇਖੋ ਜ਼ੁਲਮ ਦੀ ਪਈ ਇੰਤਿਹਾ ਹੁੰਦੀ
ਮੈਂ ਵੀ ਕਹਿ ਦਿੱਤਾ ਹਾਂ ਬਈ ਹਾਂ ਦੇਖ ਰਿਹਾ ਹਾਂ

ਓਹ ਲੱਬਦੀ ਫਿਰ ਰਹੀ ਹੈ ਮੇਨੂ ਐਵੇਂ ਦਰ ਬਦਰ
ਮੈਂ ਦੋਜ਼ਖ ਚ ਬੈਠਾ ਮੌਤ ਦਾ ਰਾਹ ਵੇਖ ਰਿਹਾ ਹਾਂ

ਜੈਲੀ ਨੂ ਨਾ ਛੇੜੋ ਇਹ ਸਮੇਂ ਦਾ ਹੈ ਸਤਾਇਆ
ਓਹ੍ਦੀ ਕਲਮ ਨੂ ਹੁੰਦੇ ਮੈਂ ਜਵਾਂ ਵੇਖ ਰਿਹਾ ਹਾਂ

Friday, November 18, 2011

ਮੈਂ ਕਲਗੀਧਰ ਦਾ ਲਾਲ ਹਾਂ, ਤੇ ਸਿੰਘ ਮੇਰਾ ਨਾਮ ਹੈ


ਨੀਂ ਜਾ ਪਰਾਂ ਨੀ ਹੋਣੀਏ ਤੂੰ ਜ਼ੋਰ ਲਾ ਕੇ ਵੇਖ੍ਲੈ
ਸਿੰਘ ਨਹੀ ਮੁੱਕਣੇ, ਕਿਤੇ ਤੂੰ ਹੋਰ ਲਾਕੇ ਵੇਖ੍ਲੈ

ਸਿੰਘ ਨਾ ਡਰ੍ਦੇ ਨਾ ਜ਼ੁਲਮਾਂ ਤੋਂ ਤੇ ਨਾ ਸਰਕਾਰ ਤੋਂ
ਇਹ ਕੌਮ ਹੈ ਐਸੀ ਜੋ ਜੱਮਦੀ ਏ ਖੰਡੇ ਦੀ ਧਾਰ ਤੋਂ

ਨਾ ਦੂਸਰਾ ਦਿੱਸਦਾ ਕੋਈ ਜੋ ਦੂਜਿਆਂ ਲਈ ਮਰ ਲਵੇ
ਕੋਈ ਧੌਣ ਵੱਡ ਕੇ ਆਪਣੀ ਅਪਣੀ ਤਲੀ ਤੇ ਧਰ ਲਵੇ

ਕੋਈ ਦੁਸ਼ਮਣਾਂ ਨੂ ਹੋਰ ਨਾ ਕਿਦਰੇ ਪਿਲੌਂਦੇ ਨੀਰ ਜੀ
ਨਾ ਦੁਸ਼ਮਣਾਂ ਦਾ ਟਾਕਰਾ ਕਰਦੀ ਕਿਤੇ ਸ਼ਮਸ਼ੀਰ ਜੀ

ਹਰ ਜ਼ਾਤ ਦੀ ਇੱਜ਼ਤ ਕਰਾ ਹਰ ਧਰਮ ਨੂ ਸਲਾਮ ਹੈ
ਮੈਂ ਕਲਗੀਧਰ ਦਾ ਲਾਲ ਹਾਂ, ਤੇ ਸਿੰਘ ਮੇਰਾ ਨਾਮ ਹੈ

Thursday, November 17, 2011

ਤੈਨੂ ਪਈਆਂ ਉਡੀਕਦੀਆਂ ਦੋ ਅੱਖੀਆਂ ਗਿੱਲੀਆਂ


ਤੁਰ ਗਿਓਂ ਵਦੇਸੀਂ ਵੇ
ਤੂੰ ਛੱਡ ਕੇ ਦੇਸ, ਬਦਲ ਕੇ ਭੇਸ
ਤੂੰ ਮੁੜ ਆ ਵਤਨੀਂ, ਉਡੀਕੇ ਪਤਨੀ
ਵੇ ਦੁੱਖੜੇ ਸਹਿੰਦੀ

ਤੈਨੂ ਪਈਆਂ ਉਡੀਕਦੀਆਂ
ਦੋ ਅੱਖੀਆਂ ਗਿੱਲੀਆਂ, ਜ਼ਰਾ ਕੁ ਹਿੱਲੀਆਂ
ਜੋ ਪਲਕਾਂ ਸਿੱਲ੍ਹੀਆਂ, ਪੂੰਜਦੀ ਰਹਿੰਦੀ
_____
ਘਰ ਭਾਗਾਂ ਵਾਲੀ ਜੋ
ਵੇ ਖਿੱਲਰੇ ਵਾਲ, ਤੇ ਮੰਦੜਾ ਹਾਲ
ਗੋਦੀ ਵਿਚ ਬਾਲ, ਬਰੂਹਾਂ ਨਾਲ
ਜੋ ਕੱਖ ਪਰਾਲ, ਹੂੰਜਦੀ ਰਹਿੰਦੀ

ਤੈਨੂ ਪਈਆਂ ਉਡੀਕਦੀਆਂ
ਦੋ ਅੱਖੀਆਂ ਗਿੱਲੀਆਂ, ਜ਼ਰਾ ਕੁ ਹਿੱਲੀਆਂ
ਜੋ ਪਲਕਾਂ ਸਿੱਲ੍ਹੀਆਂ, ਪੂੰਜਦੀ ਰਹਿੰਦੀ
____
ਰਹੇ ਸੁੱਖਾਂ ਮੰਗਦੀ ਜੋ
ਭੈਣ ਤੇਰੀ ਤੱਤੜੀ, ਹੋਈ ਸੁੱਕ ਲੱਕੜੀ
ਵੇ ਕੌਣ ਬਨ੍ਹਾਉ, ਆ ਗੁੱਟ ਤੇ ਰੱਖੜੀ
ਮੁੱਠੀ ਵਿਚ ਜਿੰਦ ਕੂੰਜ ਦੀ ਰਹਿੰਦੀ

ਤੈਨੂ ਪਈਆਂ ਉਡੀਕਦੀਆਂ
ਦੋ ਅੱਖੀਆਂ ਗਿੱਲੀਆਂ, ਜ਼ਰਾ ਕੁ ਹਿੱਲੀਆਂ
ਜੋ ਪਲਕਾਂ ਸਿੱਲ੍ਹੀਆਂ, ਪੂੰਜਦੀ ਰਹਿੰਦੀ
____

ਘਰ ਤਰਸਨ ਪੁੱਤਰਾਂ ਨੂ
ਰੋਂਦੀਆਂ ਮਾਵਾਂ, ਤਕਦੀਆਂ ਰਾਹਵਾਂ
ਵੇ ਮੁੜ ਆ ਵਤਨੀਂ ਮੈਂ ਸ਼ਗਨ ਮਨਾਵਾਂ
ਜੀ ਏਹੀ ਗੂੰਜ ਗੂੰਜਦੀ ਰਹਿੰਦੀ

ਤੈਨੂ ਪਈਆਂ ਉਡੀਕਦੀਆਂ
ਦੋ ਅੱਖੀਆਂ ਗਿੱਲੀਆਂ, ਜ਼ਰਾ ਕੁ ਹਿੱਲੀਆਂ
ਜੋ ਪਲਕਾਂ ਸਿੱਲ੍ਹੀਆਂ, ਪੂੰਜਦੀ ਰਹਿੰਦੀ
____

ਕੋਈ ਜ਼ੋਰ ਨਾ ਚਲਦਾ ਵੇ
ਬਾਪ ਦੀ ਪਗੜੀ, ਰਹੀ ਨਾ ਤਗੜੀ
ਜੀ ਕੱਮ ਦੇ ਭਾਰ,  ਕਰਜ਼ਿਆਂ ਰਗੜੀ
ਕੇ ਡਾਲਰਾਂ ਨਾਲ਼ ਭੂਖ ਨਾ ਲਹਿੰਦੀ

ਕਹੇ ਜੈਲਦਾਰ ਸੁਣ ਲਓ
ਜੀ ਰੋਟੀ ਘਰ ਦੀ, ਉਡੀਕਾਂ ਕਰਦੀ
ਕੇ ਏਸੇ ਸਰਦੀ, ਲਾਹ ਦਿਓ ਵਰਦੀ
ਜੀ ਟਿਕਟਾਂ ਫੜ ਲਓ ਜਹਾਜ਼ੇਂ ਚੜ ਲਓ
ਐਥੇ ਤੇਰੇ ਖੇਤ ਐਥੇ ਈ ਵੱਟ ਜੀ
ਜੀ ਆਪਣਾ ਪਿੰਡ ਨਈਂ ਲੰਦਨ ਤੋਂ ਘੱਟ ਜੀ
ਬਚਾ ਲਓ ਕੌਮ ਜੀ ਡਿੱਗਦੀ ਢਹਿੰਦੀ

ਤੈਨੂ ਪਈਆਂ ਉਡੀਕਦੀਆਂ
ਦੋ ਅੱਖੀਆਂ ਗਿੱਲੀਆਂ, ਜ਼ਰਾ ਕੁ ਹਿੱਲੀਆਂ
ਜੋ ਪਲਕਾਂ ਸਿੱਲ੍ਹੀਆਂ, ਪੂੰਜਦੀ ਰਹਿੰਦੀ
____


Wednesday, November 16, 2011

ਨਾ ਮੇਰੇ ਸਾਹਮਣੇ ਆ ਤੂੰ ਵੀ ਐਵੇਂ ਸੜ ਜਾਏਂਗਾ


ਬੜਾ ਤੰਗ ਹੈ ਦੁਨੀਆ ਤੋਂ, ਮੇਰਾ ਦਿਲ ਜਲ ਰਿਹਾ ਹੈ
ਨਾ ਮੇਰੇ ਸਾਹਮਣੇ ਆ ਤੂੰ ਵੀ ਐਵੇਂ ਸੜ ਜਾਏਂਗਾ

ਏਥੇ ਚਲਦੇ ਨੇ ਮਦਰਸੇ ਜੀ ਮਾਇਆ ਦੇ ਇਸ਼ਾਰੇ ਤੇ
ਤੂੰ ਦੱਸ ਕਿੰਜ ਜੱਗ ਤੋਂ ਵੱਖਰੀ ਪੜ੍ਹਾਈ ਪੜ੍ਹ ਜਾਏਂਗਾ

ਤੇਰੇ ਦੁਸ਼ਮਣ ਤਾਂ ਪੰਜ ਹੀ ਨੇ ਤੇ ਲੜਨਾ ਵੀ ਇਕੱਲਿਆਂ ਏ
ਬੜਾ ਚੰਗਾ ਰਹੇਂਗਾ ਪੰਜਾਂ ਨਾਲ ਜੇ ਲੜ ਜਾਏਂਗਾ

ਦੁਖਾਂ ਦੀ ਇਹ ਨ੍ਹੇਰੀ ਸੱਜਣਾਂ ਚਲਦੀ ਹੀ ਰਹਿਣੀ ਏ
ਜੜਾਂ ਰੱਖ ਡੂੰਗੀਆਂ ਨਹੀ ਤੇ, ਬੇਟੈਮਾਂ ਝੜ ਜਾਏਂਗਾ

ਜਿੰਨਾ ਧਰਤੀ ਤੋਂ ਉੱਤੇ ਹੈ ਓਹ੍ਨਾ ਨੀਵਾਂ ਵੀ ਹੋਣਾ ਸਿੱਖ
ਕਿ ਰੱਖ ਹਿੱਮਤ, ਤੂੰ ਮੂਹਰੇ ਮੌਤ ਦੇ ਵੀ ਖੜ ਜਾਏਂਗਾ

ਬੜੀ ਦੁਨੀਆ ਕਮੀਨੀ ਏ ਤੂੰ ਇਸਤੋਂ ਵਧ ਕੇ ਹੈਂ ਯਾਰਾ
ਕਿ ਹੌਲੀ ਹੌਲੀ ਤੂੰ ਵੀ ਇੱਕ ਦੋ ਵਲ ਤੇ ਫੜ ਜਾਏਂਗਾ

ਤੂੰ ਕਰ ਕੋਸ਼ਿਸ਼, ਕੇ ਚਲਨਾ ਸਿੱਖ ਲਵੇਂ ਕੇਰਾਂ ਹਵਾ ਤੇ
ਕਿ ਇੰਜ ਕਰਦਾ ਰਿਹਾ ਤੇ ਆਸਮਾਂ ਤੇ ਚੜ ਜਾਏਂਗਾ

ਨਾ ਸੁਣ ਤੂੰ ਜੋ ਵੀ ਕਹਿੰਦਾ ਹੈ ਇਹ ਜੈਲੀ ਅਕਲਹੀਣਾ
ਇਹਦੀ ਮੰਨੇਗਾ ਤੇ ਘਰ ਮੌਤ ਦੇ ਤੂੰ ਵੜ ਜਾਏਂਗਾ

Tuesday, November 15, 2011

ਕਿਦਰੇ ਰੁੱਖ ਹਰਾ ਅੱਜ ਫਿਰ ਕਿਸੇ ਵੱਡਿਆ ਹੋਣੈ


ਬੜਾ ਅਸਮਾਨ ਵਿਚ ਅੱਜ ਸ਼ੋਰ ਪਾਇਆ ਪੰਛੀਆਂ
ਕਿਦਰੇ ਰੁੱਖ ਹਰਾ ਅੱਜ ਫਿਰ ਕਿਸੇ ਵੱਡਿਆ ਹੋਣੈ

ਧੀ ਦਾ ਬਾਪ, ਝੋਲਾ ਭਰ ਰਿਹੈ ਨੋਟਾਂ ਦੇ ਨਾਲ ਜੀ
ਕਿਸੇ ਨੇ ਦਾਜ ਦੇ ਲਈ ਮੁਹ ਕਿਤੇ ਅੱਡਿਆ ਹੋਣੈ

ਕੇ ਸੁਣੀਂਦੀ ਦੂਰ ਕਿਦਰੇ ਹੋ ਰਹੀ ਬਿਰਹੇ ਦੀ ਪੂਜਾ
ਕਿਸੇ ਇਸ਼੍ਕ਼ ਦਾ ਹੱਥ ਫੜ ਕੇ ਫਿਰ ਛੱਡਿਆ ਹੋਣੈ

ਹਰ ਇੱਕ ਸ਼ੇਰ ਚੋਂ, ਅੱਗ ਜਹੀ ਨਿਕਲ ਰਹੀ ਏ
ਜੈਲੀ ਅੱਜ ਫਿਰ ਗੁੱਸਾ ਕਲਮ ਤੇ ਕੱਡਿਆ ਹੋਣੈ

Sunday, November 13, 2011

--ਹੋ ਜਵੇ ਜੇ ਕਿਤੇ ਸ਼ਾਇਰ ਬੀਮਾਰ ਜੀ---


--ਹੋ ਜਵੇ ਜੇ ਕਿਤੇ ਸ਼ਾਇਰ ਬੀਮਾਰ ਜੀ---

ਗ਼ਜ਼ਲਾਂ ਦਾ ਟੀਕਾ ਭਰ, ਮੂਧਾ ਓਹਨੂ ਲਵੋ ਕਰ
ਸਹੀ ਥਾਂ ਤੇ ਲਾਓ ਫੇਰ ਤਿੰਨ ਚਾਰ ਜੀ
ਹੋ ਜਵੇ ਜੇ ਕਿਤੇ ਸ਼ਾਇਰ ਬੀਮਾਰ ਜੀ

ਗੀਤਾਂ ਵਾਲਾ ਗੁਲੂਕੋਜ਼, ਓਸਨੂੰ ਚੜਾਓ ਰੋਜ਼
ਜਿੰਨਾ ਚਿਰ ਅੱਡੀ ਨਾ ਚੁੱਕੇ ਭਾਰ ਜੀ
ਹੋ ਜਵੇ ਜੇ ਕਿਤੇ ਸ਼ਾਇਰ ਬੀਮਾਰ ਜੀ

ਸ਼ੇਰਾਂ ਦੀ ਖੁਰਾਕ, ਦਿੰਦੇ ਰਹੋ ਦਿਨ ਰਾਤ
ਵੇਖੋ ਹਾਲਤ ਚ ਫੇਰ ਆਵੰਦਾ ਸੁਧਾਰ ਜੀ
ਹੋ ਜਵੇ ਜੇ ਕਿਤੇ ਸ਼ਾਇਰ ਬੀਮਾਰ ਜੀ

ਨਜ਼ਮਾਂ ਦੇ ਪੰਨੇ ਪਾੜ, ਹਲਦੀ ਦੇ ਵਿਚ ਸਾੜ
ਉਹਦੇ ਜ਼ਖਮਾਂ ਤੇ ਬਨ੍ਹੋ ਫੇਰ ਫੂਕ ਮਾਰ ਜੀ
ਹੋ ਜਵੇ ਜੇ ਕਿਤੇ ਸ਼ਾਇਰ ਬੀਮਾਰ ਜੀ

ਪੈ ਜਵੇ ਜੇ ਕੀਤੇ ਚੀਰ, ਪਿੰਗਲ ਦੀ ਪਾੜ ਲੀਰ
ਬੰਨ ਦੇਣਾ ਨਿਕਲੇ ਨਾ ਖੂਨ ਬਾਹਰ ਜੀ
ਹੋ ਜਵੇ ਜੇ ਕਿਤੇ ਸ਼ਾਇਰ ਬੀਮਾਰ ਜੀ

ਕਵਿਤਾ ਦਾ ਕਾਹੜਾ, ਜੀ ਬਣਾਕੇ ਜ਼ਰਾ ਗਾਹੜਾ
ਦਵੋ ਚਮਚੇ ਨਾ ਥੋੜਾ ਥੋੜਾ ਵਾਰ ਵਾਰ ਜੀ
ਹੋ ਜਵੇ ਜੇ ਕਿਤੇ ਸ਼ਾਇਰ ਬੀਮਾਰ ਜੀ

ਰੁਬਾਈਆਂ ਵਾਲਾ ਰਸ ਚ ਰਲਾ ਕੇ ਖਸ੍ਖਸ
ਜੀ ਪਿਆਓ ਪਰਤੇ ਜੇ ਚਿਹਰੇ ਦੀ ਨੁਹਾਰ ਜੀ
ਹੋ ਜਵੇ ਜੇ ਕਿਤੇ ਸ਼ਾਇਰ ਬੀਮਾਰ ਜੀ

ਐਨਾ ਸਾਬ ਕੁਜ ਕਰਨ ਦੇ ਬਾਵਜੂਦ ਵੀ ਗੱਲ ਨਾ ਬਣੇ ਫੇਰ ਸਮਝੋ ਸ਼ਾਇਰ ਬੀਮਾਰ ਹੈ ਹੀ ਨਹੀ,
 ਫੇਰ ਇੱਕੋ ਤਰੀਕਾ ਬਚਦਾ ਹੈ ਜੀ

ਸਾਰੇ ਕਰਕੇ ਇਲਾਜ, ਮਾਰੇ ਫੇਰ ਵੀ ਆਵਾਜ਼
ਲੱਮਾ ਪਾਕੇ ਕੁੱਟੋ ਫੇਰ ਜ਼ੈਲਦਾਰ ਜੀ
ਹੋ ਜਵੇ ਜੇ ਕਿਤੇ ਸ਼ਾਇਰ ਬੀਮਾਰ ਜੀ





Tuesday, November 8, 2011

ਬਹੱਤਰ ਕਲਾ ਛੰਦ -------ਸਿਰੇ ਦਾ ਠੱਗ, ਹੈ ਸਾਰਾ ਜੱਗ |


ਦਿਲ ਬੜੇ ਕੀਮਤੀ ਜੀ,
ਸਾਂਭ ਕੇ ਰਖੋ,
ਤਜੋਰੀ ਡੱਕੋ,
ਨਹੀ ਤੇ ਦਿਲ ਕੱਖ
ਝਨਾ ਵਿਚ ਵਹਿਜੂ

ਸਿਰੇ ਦਾ ਠੱਗ,
ਹੈ ਸਾਰਾ ਜੱਗ,
ਮਿਲੂ ਜ੍ਦ ਮੌਕਾ,
ਏ ਠੱਗ ਕੇ ਲੈਜੂ

ਇਸ਼੍ਕ਼ ਦੀ ਖੇਡ,
ਨਹੀ ਕੋਈ ਝੇਡ,,
ਏ ਮਾਇਆਜਾਲ,
ਸੱਜਣ ਦੀ ਭਾਲ,
ਚ ਪੱਟ ਨਾ ਵਾਲ,
ਤੂ ਸੂਰਤ ਸੰਭਾਲ,
ਗੁੰਜਲ ਕੋਈ ਪੈਜੂ,

ਸਿਰੇ ਦਾ ਠੱਗ,
ਹੈ ਸਾਰਾ ਜੱਗ,
ਮਿਲੂ ਜ੍ਦ ਮੌਕਾ,
ਏ ਠੱਗ ਕੇ ਲੈਜੂ

ਕੇਰਾਂ ਵੇਖ ਨਜ਼ਰ ਭਰ ਕੇ,
ਜੀ ਆਸ਼ਿਕ਼ ਜ਼ਾਤ,
ਮਾਰ ਕੇ ਝਾਤ
ਹੋਏ ਦਿਨ ਰਾਤ,
ਇਸ਼੍ਕ਼ ਦੀ ਬਾਤ
ਯਾਦ ਦਿਲ ਛੁਹਨੀ,
ਮਾਰ ਗਈ ਕੂਹਣੀ,
ਤਾ ਸਿਰ ਫੜ ਬੈਜੂ,

ਸਿਰੇ ਦਾ ਠੱਗ,
ਹੈ ਸਾਰਾ ਜੱਗ,
ਮਿਲੂ ਜ੍ਦ ਮੌਕਾ,
ਏ ਠੱਗ ਕੇ ਲੈਜੂ

ਰੱਖ ਸਾਂਭ ਕੇ ਅੱਖੀਆਂ ਨੂ
ਤੂ ਸੁਣ ਲੈ ਯਾਰ,
ਇਸ਼੍ਕ਼ ਦੀ ਮਾਰ
ਬਡ਼ੀ ਬਦਕਾਰ,
ਖੰਡੇ ਦੀ ਧਾਰ,
ਤੇਜ ਤਲਵਾਰ,
ਦਿਲਾਂ ਤੇ ਵਾਰ,
ਕਿਦਾਂ ਦੱਸ ਸਹਿਜੁ,

ਸਿਰੇ ਦਾ ਠੱਗ,
ਹੈ ਸਾਰਾ ਜੱਗ,
ਮਿਲੂ ਜ੍ਦ ਮੌਕਾ,
ਏ ਠੱਗ ਕੇ ਲੈਜੂ


ਜੋ ਇਸ਼੍ਕ਼ ਸਤਾਏ ਨੇ
ਮਿਲਾ ਕੇ ਨੈਣ
ਰੋਣ ਦਿਨ ਰੈਣ
ਹੌਲ ਜਹੇ ਪੈਣ
ਜੀ ਹੌਕੇ ਲੈਣ
ਨਾ ਆਵੇ ਚੈਣ
ਜੀ ਕੁਜ ਨਾ ਕਹਿਣ
ਜੀ ਪਾ ਪਾ ਵੈਣ
ਇਹ ਸਬ ਨੂ ਕਹਿਜੂ

ਸਿਰੇ ਦਾ ਠੱਗ,
ਹੈ ਸਾਰਾ ਜੱਗ,
ਮਿਲੂ ਜ੍ਦ ਮੌਕਾ,
ਏ ਠੱਗ ਕੇ ਲੈਜੂ

ਕੀ ਜ਼ੈਲਦਾਰ ਦਾ ਜੀ,
ਅਕਲ ਤੋ ਹੀਣ,
ਬੜਾ ਮਸਕੀਨ,
ਅਮ੍ਬਰ ਸਿਰ ਉੱਤੇ,
ਤੇ ਹੇਠ ਜ਼ਮੀਨ,
ਸੱਜਣ ਦੀ ਯਾਦ,
ਦਿੰਦੀ ਨੀ ਜੀਣ,
ਜੀ ਜੈਲੀ ਲਿਖਦਾ,
ਸਮੇ ਤੋ ਸਿੱਖਦਾ ,
ਕੇ ਮੌਲਾ ਬਾਜ,
ਨਹੀ ਕੁਜ ਦਿਖਦਾ ,
ਖਾਕ ਦਾ ਮਹਿਲ,
ਏ ਜਿੰਦਰੀ ਢਹਿਜੁ,

ਸਿਰੇ ਦਾ ਠੱਗ,
ਹੈ ਸਾਰਾ ਜੱਗ,
ਮਿਲੂ ਜ੍ਦ ਮੌਕਾ,
ਏ ਠੱਗ ਕੇ ਲੈਜੂ

Monday, November 7, 2011

ਜੀ ਜ਼ੈਲਦਾਰ ਦੀਆਂ ਸੁਨਿਓ ਨਾ ਓਹ ਜੱਮ ਤੋਂ ਪਾਗਲ ਹੈ


----------ਕੁਜ ਮਿਕ੍ਸ ਸ਼ੇਰ -------------
___________________________________
ਜੀ ਜ਼ੈਲਦਾਰ ਦੀਆਂ ਸੁਨਿਓ ਨਾ ਓਹ ਜੱਮ ਤੋਂ ਪਾਗਲ ਹੈ
ਕੱਲ ਉਂਗਲਾਂ ਨਾਲ ਹਵਾਵਾਂ ਤੇ ਕੁਜ ਲਿਖਦਾ ਤੱਕਿਆ ਮੈਂ
__________________________________
ਏ ਨਾ ਸੋਚੀਂ ਮੌਤ ਆਈ ਤੇ ਮੈਂ ਮਰ ਜਾਵਾਂਗਾ
ਮੈਂ ਤੇ ਖੁਸ਼ਬੂ ਹਾਂ, ਹਵਾ ਚ ਬਿਖਰ ਜਾਵਾਂਗਾ

ਆਵਾਂਗਾ ਹਵਾ ਦੇ ਨਾਲ ਗਲੀ ਤੇਰੀ ਵਿਚ ਵੀ
ਤੈਨੂ ਬਾਰੀ ਚੋਂ ਵੇਖ ਚੁਪਚਾਪ ਗੁਜ਼ਰ ਜਾਵਾਂਗਾ

ਡੁੱਬਣਗੇ ਓਹੀ ਸਿਰ ਜਿਹਨਾ ਦੇ ਭਾਰ ਹੈ
ਮੈਂ ਤੇ ਹਵਾ ਹਾਂ ਪਾਣੀ ਤੇ ਵੀ ਤਰ ਜਾਵਾਂਗਾ
______________________________
ਕਿ ਦੱਸਾਂ;  ਕੀਹਦਾ ;  ਖਿਆਲ ਆਇਆ ਹੈ
ਗੱਲਾਂ ਤੇ ; ਜੋ ਇਹ ;  ਗੁਲਾਲ ਆਇਆ ਹੈ

ਕਬਜ਼ਾ ਕਰ ਬੈਠਾ ; ਨਾ ਚਲਦਾ ; ਹੁਣ ਜ਼ੋਰ ਮੇਰਾ
ਮੇਹਮਾਂ ਦਿਲ ਮੇਰੇ ਚ ; ਇਹ ; ਕਮਾਲ ਆਇਆ ਹੈ
______________________________
ਇੱਕ ਮੈਨੂ ਹੀ ਮਿਲਿਆ ਨਾ ਮਹਿਰਮ ਦਿਲ ਦਾ ਯਾਰੋ
ਉਂਜ ਹੋਣ ਨੂ ਦੁਨੀਆ ਦੇ ਵਿਚ ਕੀ ਕੀ ਨਹੀ ਹੋਇਆ

ਮੱਜੀਆਂ ਚਰਾਵਣ ਵਿਚ ਕਸਰ ਆਪਾਂ ਵੀ ਨਾ ਛੱਡੀ
ਕੋਸ਼ਿਸ਼ ਬਥੇਰੀ ਕੀਤੀ ਪਰ ਕੁਜ ਵੀ ਨਹੀ ਹੋਇਆ
______________________________

Sunday, November 6, 2011

ਮੌਤ ਨੇ ਮਿੱਟੀ ਚ ਮਿੱਟੀ ਕਰ ਤਾ ਮਿੱਟੀ ਜਾਣ ਕੇ


ਮਖਮਲਾਂ ਦੀ ਸੇਜ ਚੋਂ ਵੀ ਨੁਕ੍ਸ ਸੀ ਜੋ ਕੱਡ ਰਹੇ
ਖਾਕ ਵਿਚ ਸਬ ਸੌਂ ਰਹੇ ਨੇ ਅੱਜ ਲੱਤਾਂ ਤਾਣ ਕੇ

ਜੀ ਨਾ ਕਿਸੇ ਧਾਗੇ ਤਵੀਤਾਂ ਰੋਕਣਾ ਏ ਕਾਲ ਨੂ
ਮੌਤ ਨਹੀ ਰੁਕਦੀ ਏ ਔਂਦੀ ਏ ਇਰਾਦਾ ਠਾਣ ਕੇ

ਤੂੰ ਬਣਦਾ ਸੀ ਚੰਗੇਜ਼ ਖਾਂ ਐਵੇਂ ਜ਼ਈਫ਼ਾਂ ਦੇ ਅੱਗੇ
ਮੌਤ ਮੂਹਰੇ ਖੜ ਭਲਾ ਹੁਣ ਆਸਤੀਨਾਂ ਤਾਣ ਕੇ

ਜ਼ਿੰਦਾ ਤੇ ਮਰ੍ਦੇ ਦੇ ਮੂਹ ਚ ਪਾਣੀ ਵੀ ਨਾ ਪਾ ਸਕੇ
ਹੱਡੀਆਂ ਨੇ ਹੁਣ ਲਬ ਰਹੇ ਜੀ ਖਾਕ ਛਾਣ ਛਾਣ ਕੇ

ਜੀ ਪੈਰ ਤੇ ਲੱਗੀ ਮਿੱਟੀ ਵੀ ਜਰ ਨਹੀ ਹੋਈ ਕਦੇ
ਮੌਤ ਨੇ ਮਿੱਟੀ ਚ ਮਿੱਟੀ ਕਰ ਤਾ ਮਿੱਟੀ ਜਾਣ ਕੇ

ਜੀੰਦਿਆਂ ਜੀ ਜੀ ਸੀ ਕਰਦਾ ਹਰ ਕੋਈ ਜੀ ਬੇਵਜਾਹ
ਹੁਣ ਕਿਸੇ ਨਾ ਹਾਲ ਪੁੱਛਣਾ ਕਬਰ ਦੇ ਵਿਚ ਆਣ ਕੇ

ਸ਼ਿਵ ਜਹੇ ਤਾਰੇ ਅਨੇਕਾਂ ਟੁੱਟ ਗਏ ਜੋਬਣ ਦੀ ਰੁੱਤ
ਜੀ ਕੀ ਪਤਾ ਜੈਲੀ ਵੀ ਤੁਰ ਜਾਏ ਜਵਾਨੀ ਮਾਣ ਕੇ

Friday, November 4, 2011

ਜੇਲੋਂ ਜਾਂਦਾ ਪੁੱਟਦਾ ਸੁਰੰਗ ਸੂਰਮਾ ਸਿੰਘ ਜਗਤਾਰ ਬਈ


ਅਣਖੀ ਦਲੇਰ ਸੀ ਜਵਾਨ ਗੱਬਰੂ ਜੀ ਹਵਾਰਾ ਪਿੰਡ ਦਾ
ਰੱਬ ਦੀ ਰਜ਼ਾ ਚ ਰਹਿੰਦਾ ਮਨ ਆਈ ਕਰਦਾ ਸੀ ਪੱਕਾ ਹਿੰਡ ਦਾ
ਐਸਾ ਕਾਰਾ ਕਰ ਗਿਆ ਸੂਰਮਾ ਜੀ ਦੇਖ ਕੰਬੀ ਸਰਕਾਰ ਬਈ
ਜੇਲੋਂ ਜਾਂਦਾ ਪੁੱਟਦਾ ਸੁਰੰਗ ਸੂਰਮਾ ਸਿੰਘ ਜਗਤਾਰ ਬਈ

ਸੋਧਾ ਲਾਏਆ ਸੂਰੇਆਂ ਬੇਅੰਤੇ ਪਾਪੀ ਨੂ ਗੱਡੀ ਮੌਤ ਦੀ ਚੜ੍ਹਾ
12 ਸਾਲ ਬਾਦ ਮਿਲੀ ਫਾਂਸੀ ਦੀ ਸਜ਼ਾ ਸਿੰਘ ਹੱਸਦਾ ਖੜਾ
ਸਿਰ ਝੁਕਣਾ ਨਹੀ ਈ ਭਾਵੇਂ ਫਾਂਸੀਆਂ ਵੀ ਤੁਸੀਂ ਦੇ ਲਵੋ ਹਜ਼ਾਰ ਬਈ
ਜੇਲੋਂ ਜਾਂਦਾ ਪੁੱਟਦਾ ਸੁਰੰਗ ਸੂਰਮਾ ਸਿੰਘ ਜਗਤਾਰ ਬਈ

ਨਾਲ ਬਲਵੰਤ ਤੇ ਪਰਮਜੀਤ ਦੇ ਬਣ ਗਈ ਸਕੀਮ ਜੀ
ਕਹਿੰਦੇ ਜੇਲੋਂ ਬਾਹਰ ਨਿਕੱਲ ਕੇ ਛੱਡਣਾ ਏ ਬਣਾਕੇ ਟੀਮ ਜੀ
ਅਸੀਂ ਸ਼ੇਰ ਕਲਗੀਆਂ ਵਾਲੇ ਦੇ ਹਾਂ ਮਰਨੇ ਨੂ ਵੀ ਤਿਆਰ ਬਈ
ਜੇਲੋਂ ਜਾਂਦਾ ਪੁੱਟਦਾ ਸੁਰੰਗ ਸੂਰਮਾ ਸਿੰਘ ਜਗਤਾਰ ਬਈ

ਪਹਿਲੀ ਹੀ ਸੁਰੰਗ ਨੂ ਸਲਾਭ ਖਾ ਗਈ ਪੈ ਗਈ ਸੀ ਪੂਰਨੀ
ਦੂਜੀ ਉੱਤੇ ਗਾਰਡ ਨੂ ਸੀ ਸ਼ੱਕ ਹੋ ਗਿਆ ਲਾ ਲਾ ਵੇਖੇ ਘੂਰਣੀ
ਤੀਜੀ ਵਾਰੀਂ ਕਹਿੰਦਾ ਹੁਣ ਨਾਹੀਓਂ ਹਾਰਨਾ ਕਰਕੇ ਵਿਚਾਰ ਜੀ
ਜੇਲੋਂ ਜਾਂਦਾ ਪੁੱਟਦਾ ਸੁਰੰਗ ਸੂਰਮਾ ਸਿੰਘ ਜਗਤਾਰ ਬਈ

ਤੀਜੀ ਤੇ ਤਜੁਰਬਾ ਸੀ ਪੂਰਾ ਲਾ ਲਿਆ ਜੀ ਸਕੀਮ ਘੜਕੇ
ਸਾਰੀ ਰਾਤ ਪੁੱਟਦੇ ਸੁਰੰਗ ਸੂਰਮੇ, ਨਿਕਲਦੇ ਤੜਕੇ
ਵੇਟ ਲਿਫਟਿੰਗ ਵਾਲੇ ਹੀ ਸਾਮਾਨ ਦੇ ਬਣਗੇ ਔਜ਼ਾਰ ਬਈ
ਜੇਲੋਂ ਜਾਂਦਾ ਪੁੱਟਦਾ ਸੁਰੰਗ ਸੂਰਮਾ ਸਿੰਘ ਜਗਤਾਰ ਬਈ

ਲਮੀ ਸੀ ਸੁਰੰਗ ਪੂਰੀ ਪੈਂਤੀ ਫੁੱਟ ਅਤੇ ਚੌੜੀ ਸਵਾ ਗਜ ਜੀ
ਮਿੱਟੀ ਕੱਡ ਕੇਰਦੇ ਕਿਆਰੀ ਵਿਚ ਜੀ ਮਾਲੀਆਂ ਦੇ ਪੱਜ ਜੀ
ਮਣਾ ਮੂਹੀ ਮਿੱਟੀ ਜੀ ਪ੍ਲੇ ਗ੍ਰਾਉਂਡ ਵਿਚ ਦਿੱਤੀ ਸੀ ਖਿਲਾਰ ਬਈ
ਜੇਲੋਂ ਜਾਂਦਾ ਪੁੱਟਦਾ ਸੁਰੰਗ ਸੂਰਮਾ ਸਿੰਘ ਜਗਤਾਰ ਬਈ

ਜਗਤਾਰ, ਬਲਵੰਤ ਤੇ ਪਰਮਜੀਤ ਜਹੇ ਜੱਮਦੇ ਹੀ ਰਹਿਣਗੇ
ਵਾਰਾਂ ਗੌਣਗੇ ਕਵੀਸ਼ਰ ਤੇ ਸ਼ਾਇਰ ਵੀ ਸਿਫਤਾਂ ਸੁਣੌਂਦੇ ਰਹਿਣਗੇ
ਇੱਕ ਇੱਕ ਗੱਲ ਦੱਸੇ ਸੌਲਾਂ ਆਨੇ ਸਚ ਅੱਜ ਜ਼ੈਲਦਾਰ ਬਈ
ਓ ਵੇਖੋ ਜੇਲੋਂ ਜਾਂਦਾ ਪੁੱਟਦਾ ਸੁਰੰਗ ਸੂਰਮਾ ਸਿੰਘ ਜਗਤਾਰ ਬਈ

Tuesday, November 1, 2011

ਦੁੱਖ ਮੇਰੇ ਵੰਡੌਣ ਦੇ ਲਈ ਚੰਨ ਤਾਰੇ ਆ ਗਏ


ਵਸਲ ਦੀ ਰਾਤੀਂ ਸਨਮ ਜੱਦ ਹੱਥ ਸੀ ਛੁੜਵਾ ਗਏ
ਦੁੱਖ ਮੇਰੇ ਵੰਡੌਣ ਦੇ ਲਈ ਚੰਨ ਤਾਰੇ ਆ ਗਏ

ਬਦਲੀਆਂ ਅਥਰੂ ਸੀ ਪੂੰਝੇ, ਤੇ ਹਵਾ ਸੁਣਦੀ ਰਹੀ
ਕੁਜ ਕੁ ਦੁਖੜੇ ਬੁੱਲਾਂ ਚੋਂ ਕੁਜ ਅੱਖੀਆਂ ਵਿਚੋਂ ਆ ਗਏ

ਯਾਰ ਦੇ ਢਾਏ ਤਸ਼ੱਦੱਦ ਦੀ ਜਦੋ ਮੈਂ ਗੱਲ ਦੱਸੀ
ਰਾਤ ਦੀ ਰਾਣੀ ਦੇ ਫੁੱਲ ਵੀ ਸੁਣ ਕੇ ਨੀਵੀ ਪਾ ਗਏ

ਆਸ਼ਿਕ਼ਾਂ ਨੂ ਬੇਵਫਾਈਆਂ ਮੁੱਡ ਤੋਂ ਹੀ ਨਸੀਬ ਨੇ
ਜੁਗਨੂਆਂ ਦੇ ਟੋਲੇ ਵੀ ਗੱਲ ਕੰਨ ਚ ਸਮਝਾ ਗਏ

ਬੀਂਡੇ ਵੀ ਤੇ ਸੰਘ ਪਾੜੀ ਇੱਕੋ ਗੱਲ ਸੀ ਦੱਸ ਰਹੇ
ਇਸ਼੍ਕ਼ ਦੀ ਗਲੀਓਂ ਨਾ ਪਰਤੇ ਇੱਕ ਵਾਰੀਂ ਜੋ ਆ ਗਏ

ਦਿਨ ਚੜੇ ਨੂ ਠੰਡ ਪਾਈ ਸ਼ਬਨਮਾਂ ਦੀਆਂ ਚਾਦਰਾਂ
ਹੱਸਦੇ ਵੱਸਦੇ ਗੁਲਸ਼ਨਾਂ ਨੂ ਅੱਗ ਸੀ ਓਹ ਲਾ ਗਏ

ਤੜਫਦਾ ਰਹਿੰਦਾ ਹੈ ਜੈਲੀ ਤਾਰੀਆਂ ਨਾ ਰਾਤ ਭਰ
ਦਿਲ ਮੇਰੇ ਤੇ ਹਿਜਰ ਦਾ ਐਸਾ ਜ਼ਖ਼ਮ ਓ ਪਾ ਗਏ
/|_Z___A___I___L___D___A___R_|\