Monday, July 25, 2011

ਏ ਮੌਤ ਹੈ, ਬੜੀ ਸਨਸਨੀਖੇਜ਼ ਹੈ

ਏ     ਹੋਣੀ     ਹੈ,      ਏ     ਤਾਂ    ਹੋਣੀ    ਹੈ
ਜਿੰਦ ਅੱਜ ਦੀ ਨਹੀ, ਤੇ ਕਲ ਦੀ ਪਰ੍ਹੌਨੀ ਹੈ

ਏ ਇੱਕ ਹਾਦਸਾ  ਹੈ,  ਜੋ  ਗੁਜ਼ਰਨਾ  ਹੀ  ਸੀ
ਜੇ ਅੱਜ ਬਚ ਵੀ ਜਾਂਦਾ, ਕਲ ਮਰਨਾ ਹੀ ਸੀ

ਜਿੰਨਾ  ਮਰਜ਼ੀ  ਭੱਜ  ਲੈ,  ਏ  ਤੈਥੋਂ  ਤੇਜ਼ ਹੈ
ਏ      ਮੌਤ   ਹੈ,   ਬੜੀ    ਸਨਸਨੀਖੇਜ਼  ਹੈ 

ਜਿੰਨਾ ਅੱਗੇ ਭੱਜੇਂ, ਏ ਸਗੋਂ ਹੋਰ ਪਿੱਛੇ ਪੈਂਦੀ ਹੈ
ਇਹਨੇ   ਜੋ  ਕਰਨੈ ਇਹ  ਕਰਕੇ  ਰਹਿੰਦੀ  ਹੈ

ਮੌਤੋਂ ਦੱਸ ਤੈਨੂ ਕਿਹ੍ੜਾ ਪੀਰ ਫਕੀਰ ਬਚਾਵੇਗਾ
ਜੈਲਦਾਰ   ਇਹ  ਸਮਾਂ  ਤਾਂ  ਤੇਰੇ ਤੇ ਵੀ ਆਵੇਗਾ




ਏ ਬਸ ਇਨ੍ਸਾਨ ਹੀ ਨੇ ਜੋ ਹਵਾਵਾਂ ਕਰਦੇ ਨੇ

ਏ ਬਸ ਇਨ੍ਸਾਨ ਹੀ ਨੇ ਜੋ ਹਵਾਵਾਂ ਕਰਦੇ ਨੇ
ਰੁੱਖ ਵੀ ਤੇ ਨੇ ਜਿਹੜੇ ਸਬ੍ਨੁ ਛਾਵਾਂ ਕਰਦੇ ਨੇ

ਆਪਣੇ ਹਥੀਂ ਆਪਣੇ ਘਰ ਨੂ ਆਪੇ ਅੱਗ ਲਾਕੇ
ਫੇਰ ਆਪੇ ਹੀ ਬੂਝ ਜਾਏ ਏ ਦੁਆਵਾਂ ਕਰਦੇ ਨੇ

ਜੇ ਉੱਚਾ ਹੋਣਾ ਸਿਖੀਐਂ, ਤਾਂ ਝੁਕਣਾ ਵੀ ਸਿੱਖ ਲੈ
ਬਹੁਤੇ ਉੱਚੇ ਰੁੱਖ ਕਿਹਣੂ ਪਰਛਾਵਾਂ ਕਰਦੇ ਨੇ ?

ਮੇਰੀ ਅੱਖ ਬਨ੍ਹਾ ਕੇ, ਖੁਦ ਕਬਰਾਂ ਚ ਲੁੱਕ ਬੈਠੇ
"ਆਜਾ ਆਜਾ ਲੱਬਲੈ", ਹੁਣ ਸਦਾਵਾਂ ਕਰਦੇ ਨੇ

ਸਾਰੀ ਰਾਤ ਉਡੀਕਦੇ ਦਾ, ਖੂਨ ਵੀ ਜੱਮ ਗਿਆ
ਓ ਇੱਕੋ ਝਲਕ ਵਿਖਾ,"ਹੁਣ ਮੈਂ ਜਾਵਾਂ" ਕਰਦੇ ਨੇ

Wednesday, July 20, 2011

ਜਾ, ਸਾਥੋਂ ਹੁਣ ਤੇਰੀ ਖ਼ਿਦਮਤ ਨਹੀ ਹੋਣੀ

ਜਿੰਦ ਇਓਂ ਜਿਸ੍ਮ ਚੋਂ ਰੁਖ਼ਸਤ ਨਹੀ ਹੋਣੀ
ਜਾ, ਸਾਥੋਂ ਹੁਣ ਤੇਰੀ ਖ਼ਿਦਮਤ ਨਹੀ ਹੋਣੀ

ਕਿ ਜਾਂਦਾ ਜਾਂਦਾ ਮੇਰੀ ਲਾਸ਼ ਤੇ ਕੱਜ ਜਾ
ਜਾਂ,  ਤੈਥੋਂ ਏਨੀ ਵੀ ਜ਼ਹਿਮਤ ਨਹੀ ਹੋਣੀ

ਏਸੇ ਕਰਕੇ ਦੁਖ ਵੰਡਾਵਣ ਤੇਕੋ ਨਹੀ ਆਇਆ
ਮੈਂ  ਜਾਣਦਾ  ਸੀ ਤੇਰੇ ਕੋ ਫੁਰਸਤ ਨਹੀ ਹੋਣੀ

ਜੇ ਨਾ ਬੋਲਣ ਦੀ ਕਸਮ ਖਾਏਂਗਾ ਯਾਦ ਰਖੀਂ
ਜਿਸ੍ਮ ਮੇਰੇ ਚ ਵੀ ਕੋਈ ਹਰ੍ਕਤ ਨਹੀ ਹੋਣੀ

ਪਿਆਰ ਕਰੇ ਕਿਸੇ ਨਾ, ਬਦਨਾਮ ਕਹਾਵੇ ਨਾ
ਐਸੀ ਵੀ ਕੋਈ ਜੱਗ ਤੇ ਅਸਮਤ ਨਹੀ ਹੋਣੀ

ਜੈਲਦਾਰਾ ਪੱਥਰਾਂ ਵਿਚ ਰਬ ਲਬਦਾ ਫਿਰਦੈਂ
ਇਬਾਦਤ ਕੀਤੇ ਬਿਨਾ ਤੇ ਰਹਿਮਤ ਨਹੀ ਹੋਣੀ

ਝੱਟ ਗਮਲਿਆਂ ਚ ਗੁਲਾਬ ਲੌਨ ਲੱਗ ਪਏ

ਉਦੋਂ ਦੇ ਹੀ ਵਾਲਾਂ ਚ ਖਿਜ਼ਾਬ ਲੌਨ ਲੱਗ ਪਏ
ਉਮਰਾਂ ਦਾ ਜਦੋਂ ਦਾ ਹਿਸਾਬ ਲੌਨ ਲੱਗ ਪਏ

ਘਰ ਵਾਲੀ ਸੌਂਹ ਕਿ ਪਾਈ, ਮੁੱਠੀ ਵਿਚ ਜਾਣ ਆਈ
ਜ਼ਖਮਾਂ ਤੇ ਫਂਬੇ ਨਾਲ ਸ਼ਰਾਬ ਲੌਨ ਲੱਗ ਪਏ

ਜੀਨ ਬੁਰਸ਼ਟ, ਵਾਲ ਮਾਡਰ੍ਨ ਜਹੇ ਕੱਟ
ਖੌਰੇ ਕੀ ਕੀ ਫੈਸ਼ਨ ਜਨਾਬ ਲੌਨ ਲੱਗ ਪਏ

ਜਦੋਂ ਦਾ ਫ੍ਲੈਟ ਲਿਆ ਵੂਮਨ ਕਾਲਜ ਮੂਹਰੇ
ਝੱਟ ਗਮਲਿਆਂ ਚ ਗੁਲਾਬ ਲੌਨ ਲੱਗ ਪਏ

ਮੈਂ ਅਸਲੋਂ ਨਸਲੋਂ ਬਾਗੀ ਹਾਂ

ਮੈਂ ਅਸਲੋਂ ਨਸਲੋਂ ਬਾਗੀ ਹਾਂ, ਮੇਰੀ ਬਾਗੀ ਹੈ ਤਲਵਾਰ ਜੀ
ਮੇਰਾ  ਖਾਨਦਾਨ  ਵੀ  ਬਾਗੀ ਏ, ਬਾਗੀ ਨੇ ਮੇਰੇ ਯਾਰ ਜੀ
ਮੇਰੀ ਸੋਚ ਵੀ ਬਾਗੀ ਹੋ ਗਈ ਏ, ਉਂਜ ਸੋਚਣਾ ਹੈ ਬੇਕਾਰ ਜੀ
ਮੇਰਾ  ਰੋਮ ਰੋਮ ਹੀ ਬਾਗੀ ਏ, ਮੈਂ ਬਾਗੀਆਂ ਦਾ ਸਰਦਾਰ ਜੀ
ਮੇਰੀ ਕਲਮ ਨੂ ਵੀ ਹੁਣ ਹੋ ਗਿਆ "ਬਾਗੀ" ਨਾਲ ਪਿਆਰ ਜੀ
ਮੇਰਾ ਭਗਤ ਸਰਾਭਾ ਸੀ ਬਾਗੀ, ਬਾਗੀ ਉਸਦੇ ਹਥਿਆਰ ਜੀ
ਮੇਰਾ ਉਧਮ ਸਿੰਘ ਵੀ ਬਾਗੀ ਸੀ, ਲਂਡਨ ਜਾ ਕਰਦਾ ਵਾਰ ਜੀ
ਮੇਰੇ ਵੱਡ ਵਡੇਰੇ ਬਾਗੀਂ ਸਨ, ਬਾਗੀ ਸਨ ਸਬ ਅਵਤਾਰ ਜੀ
ਮੇਰਾ  ਦਸਮ  ਪਿਤਾ ਵੀ  ਬਾਗੀ ਸੀ, ਬਾਗੀ ਖੰਡੇ ਦੀ ਧਾਰ ਜੀ
ਬਾਗੀ  ਸਨ  ਪੰਜ  ਪਿਆਰੇ  ਵੀ  ਅਰ ਸਾਹਿਬਜ਼ਾਦੇ ਚਾਰ ਜੀ
ਸੀ ਬਾਗੀ ਸਿੰਘ ਹਰੀ ਸਿੰਘ ਦੇ ਬਾਰਾਂ ਵੱਜਣ ਤੇ ਤਿਆਰ ਜੀ
ਮੇਰੀ ਕੌਮ ਦਾ ਗਹਿਣਾ ਨੇ ਬਾਗੀ ਨਾਂ ਕਰਦਾ ਮੈਂ ਹੰਕਾਰ ਜੀ
ਪਰ ਬਾਗੀਆਂ  ਦੇ  ਗਲ ਸੋਹਿੰਦੇ ਨੇ, ਬਲਦੇ ਟੈਰਾਂ ਦੇ ਹਾਰ ਜੀ
ਏਨਾ  ਬਾਗੀਆਂ ਨੇ ਹੀ ਬਚ ਜਾਣਾ, ਜਦ ਪਈ ਸਮੇਂ ਦੀ ਮਾਰ ਜੀ
ਜਿਹਿਨੂ ਕਹਿਣ ਆਜ਼ਾਦੀ ਪਾ ਰੌਲਾ, ਓ ਬਾਗੀਆਂ ਦਾ ਉਪਕਾਰ ਜੀ
ਹੈ   ਠੰਡੇ   ਮੁਲ੍ਕਾਂ  ਵਾਲਿਆਂ  ਲਈ  ਮੇਰਾ ਬਾਗੀ ਸਭਿਆਚਾਰ ਜੀ
ਹੁਣ   ਜੈਲਦਾਰ   ਬਾਗੀ  ਬਨਣਾ,  ਕਿ  ਕਰ  ਲਉਗਾ  ਸੰਸਾਰ ਜੀ

Tuesday, July 19, 2011

ਸਲਾਹ ਦੁਸ਼ਮਣਾਂ ਦੀ ਵੀ ਲੈ ਲਈਏ ਤਾਂ ਕੀ ਮਾੜੈ

    .....ਕਿਸੇ ਦੀ ਦੋਸਤੀ ਚ ਪੈ ਲਈਏ ਤਾਂ ਕੀ ਮਾੜੈ
    ਸਲਾਹ ਦੁਸ਼ਮਣਾਂ ਦੀ ਵੀ ਲੈ ਲਈਏ ਤਾਂ ਕੀ ਮਾੜੈ

ਸੂਟ ਬੂਟ ਵਿਚ ਰਹਿਨੇ ਆਂ ਕੋਈ ਮਾੜੀ ਗੱਲ ਨਹੀ
ਕੁੜਤੇ ਚਾਦਰੇ ਵਿਚ ਵੀ ਰਹਿ ਲਈਏ ਤਾਂ ਕੀ ਮਾੜੈ

  ਜੋ ਜਿੱਤ ਆਵੇ ਸਦਾ, ਖਿਡਾਰੀ ਓਹੀ ਨਹੀ ਹੁੰਦਾ
   ਕਿਸੇ ਦੇ ਭਲੇ ਵਾਸ੍ਤੇ ਢਹਿ ਲਈਏ ਤਾਂ ਕੀ ਮਾੜੈ

ਸੱਜਣਾਂ ਦੇ ਮੁੱਖੜੇ ਤੇ ਇੱਕ ਮੁਸਕਾਨ ਲਿਓਨ ਲਈ
  ਥੋੜਾ ਨਖਰਾ ਯਾਰ ਦਾ ਸਹਿ ਲਈਏ ਤਾਂ ਕੀ ਮਾੜੈ

ਬੁੱਡਿਆਂ ਬੋਹੜਾਂ ਵਾਂਗ ਬਜ਼ੁਰਗਾਂ ਦੀ ਵੀ ਛਾਂ ਠੰਡੀ
.......ਜੇ ਪੰਜ ਮਿੰਟ ਹੀ ਬਹਿ ਲਈਏ ਤਾਂ ਕੀ ਮਾੜੈ

ਪੂਰੀ ਦੁਨੀਆ ਰੌਲਾ ਪੌਂਦੀ ਫਿਰਦੀ ਐ, ਐਵੇਈਂ
ਆਪਾਂ ਵੀ ਦੋ ਟੁੱਕ ਕਹਿ ਲਈਏ ਤਾਂ ਕੀ ਮਾੜੈ.......... Zaildar

......ਮਛਲੀ ਜਲ ਦੀ ਰਾਣੀ ਹੈ

......ਮਛਲੀ ਜਲ ਦੀ ਰਾਣੀ ਹੈ
....ਤੇ ਦਾਰੂ ਦੇ ਨਾਲ ਖਾਣੀ ਹੈ
....ਡੋਲੂ ਚੋਂ ਘੁੱਟ ਪਾਣੀ ਪਾ ਲੈ
...ਇਓਂ ਅੰਦਰ ਨਹੀ ਜਾਣੀ ਹੈ
ਜਾਣ ਤੋ ਪਹਿਲਾਂ ਲਾਚੀ ਚੱਬੀਂ
.....ਜੇ ਤੇਰੀ ਘਰੋਂ ਸਿਆਣੀ ਹੈ....... ਜ਼ੈਲਦਾਰ

Sunday, July 17, 2011

ਗਮ ਖਾਣ ਦੀ ਆਦਤ

.........ਕਿ ਹੁਣ ਕੋਈ ਖੁਸ਼ੀ ਵੀ ਹਲਕ ਤੋਂ ਜਾਂਦੀ ਨਹੀਂ ਹੇਠਾਂ
...ਜਦੋਂ ਤੋਂ ਪਈ ਗਈ ਮੈਨੂ ਕਿ ਬਸ ਗਮ ਖਾਣ ਦੀ ਆਦਤ

....ਮਿਰੇ ਜ਼ਖਮਾਂ ਨੂ ਜ਼ਾਲਮ ਛਿੱਲ, ਕਰੀ ਨਾਸੂਰ ਜਾਂਦਾ ਹੈ
..ਜਿਵੇਂ ਕਿ ਲੱਕੜੀ ਛਿੱਲਨਾ ਹੈ ਬਸ ਤਰਖਾਣ ਦੀ ਆਦਤ

.........ਤਿਰੇ ਦਰਦਾਂ ਦੇ ਮਾਰੇ ਹੀ ਅਸੀਂ ਹਾਂ ਮੈਖਾਨੇ ਪਹੁੰਚੇ
ਨਾ ਹੀ ਸੀ ਪੀਣ ਦੀ ਆਦਤ, ਨਾ ਹੀ ਸੀ ਖਾਣ ਦੀ ਆਦਤ

ਕਿ ਇੱਕ ਨਾਲ ਦਿਲ ਮਿਲਾ ਲੈ ਮਿਲ ਜਾਵੇ ਜੇ ਮੇਲ ਦਾ ਕੋਈ
......ਨਹੀ ਚੰਗੀ ਹੁੰਦੀ ਹਰ ਚਿਹਰੇ ਤੇ ਮਰ ਜਾਣ ਦੀ ਆਦਤ

ਕਿ ਇਹ  ਅਸ਼ਕਾਂ ਦਾ ਦਰਿਆ ਹੈ ਭਰੇਗਾ ਤੁਪਕਿਆਂ ਦੇ ਨਾਲ
...ਨਹੀ ਇਹਨੂ ਹੜ ਦੇ ਪਾਣੀ ਵਾੰਗਰਾਂ ਭਰ ਜਾਣ ਦੀ ਆਦਤ

.........ਤੂੰ ਵੀ ਛੱਡ ਨਹੀ ਸਕਦੀ, ਨਾ ਮੈਥੋਂ ਛੱਡ ਹੀ ਹੋਣੀ ਏ
...ਤੇਰੀ ਜਿੱਤ ਜਾਣ ਦੀ ਆਦਤ, ਮੇਰੀ ਹਰ ਜਾਣ ਦੀ ਆਦਤ....... Zaildar

Friday, July 15, 2011

----------------ਕਾਵਿ ਭੜਾਸ-------------

----------------ਕਾਵਿ ਭੜਾਸ-------------

........ਬੜੇ ਅੱਜ ਠੰਡਿਆਂ ਮੁਲ੍ਕਾਂ ਦੇ ਡੱਡੂ ਟੱਪ ਰਹੇ ਨੇ
.......ਕਿ ਲਗਦਾ ਇੰਡੀਆ ਚ ਤੇਜ਼ ਬਾਰਿਸ਼ ਹੋ ਰਹੀ ਐ

.....ਕਿ ਹੋਇਆ ਧਰ ਲਈ ਤਲਵਾਰ ਵੈਰੀ ਸਾਣ ਦੇ ਉੱਤੇ
....ਮੇਰੇ ਵੀ ਹੱਥ ਸੱਜੇ ਚ ਕੱਲ ਦੀ ਖਾਰਿਸ਼ ਹੋ ਰਹੀ ਐ

...ਕਿ ਜਿਹੜੇ ਮੂੰਹ ਚੋਂ ਸੀ ਕੱਲ ਅੱਗ ਵਰਗੇ ਬੋਲ ਕੱਡੇ
"ਬੱਸ ਇੱਕ ਵਾਰ ਛੱਡਦੇ" ਅੱਜ ਗੁਜ਼ਾਰਿਸ਼ ਹੋ ਰਹੀ ਐ

.....ਤੂੰ ਮੁੜ ਆ ਖੇਤ ਨੂ ਜੈਲੀ, ਨਹੀ ਤੈਨੂ ਰੱਬ ਥਿਔਣਾ
ਕਿ ਮੰਦਰਾਂ, ਮਸਜਿਦਾਂ ਵਿਚ ਵੀ ਸਿਫਾਰਿਸ਼ ਹੋ ਰਹੀ ਐ............. ਜੈਲਦਾਰ

ਤੂੰ ਜਾਣ ਤੋਂ ਜਾਂਦਾ ਰਹੇਂਗਾ

ਏ ਸਾਰੇ ਜੱਟ ਨੇ, ਨਾ ਛੇੜ, ਖੇਤੀਂ ਮਸ੍ਤ ਨੇ
ਛੇੜੇਂਗਾ, ਤੇ ਦੋ ਟੁੱਕ ਖਾਣ ਤੋ ਜਾਂਦਾ ਰਹੇਂਗਾ

ਜੇ ਦੰਦੇ ਦਾਤੀਆਂ ਦੇ ਹੋ ਗਏ ਬਾਗੀ ਇਹਨਾਂਦੇ
ਜਾ, ਐਵੇਂ ਮੂਰਖਾ ਤੂੰ ਜਾਣ ਤੋਂ ਜਾਂਦਾ ਰਹੇਂਗਾ

ਏ ਕਿੱਧਰ ਨੂ ਚੱਲ ਪਿਐ

ਚੰਗਾ ਭਲਾ ਸੀ, ਇਸ਼ਕ਼ੇ ਦੇ ਰਾਹ ਨਿਕਲ ਪਿਐ
ਓ ਪਾਗਲ ਤੇ ਨਹੀ, ਏ ਕਿੱਧਰ ਨੂ ਚੱਲ ਪਿਐ

ਉਂਜ ਤਾਂ ਓ ਕਹਿੰਦੈ ਮੈਂ ਤੈਨੂ ਜਾਣਦਾ ਹੀ ਨਹੀ
ਫਿਰ ਤੇਰਾ ਨਾਮ ਸੁਣਦੇ ਹੀ ਕਿਓਂ ਉੱਛਲ ਪਿਐ

ਕਿ ਸਾਹੋ ਹੌਲੀ ਚੱਲੋ, ਸ਼ੋਰ ਨਾ ਭੋਰਾ ਵੀ ਕਰੋ
ਧੜਕਨਾਂ ਨਾਲ ਵੀ ਇਬਾਦਤ ਚ ਖਲਲ ਪਿਐ

ਜੇ ਇਸ਼੍ਕ਼ ਸਿਆਪਾ ਹੈ , ਤਾਂ ਏ ਪੈਣਾ ਹੀ ਪੈਣਾ
ਕਿਸੇ ਨੂ ਅੱਜ ਪਿਐ, ਤੇ ਕਿਸੇ ਨੂ ਕੱਲ ਪਿਐ

ਓਥੇ ਵੀ  "ਜ਼ੈਲਦਾਰਾ" ਚੰਨ ਚੜਦਾ ਹੁੰਦਾ ਸੀ
ਰਾਸਤੇ ਵਿਚ ਜੋ ਇੱਕ ਸੁਨ੍ਸਾਨ ਮਹੱਲ ਪਿਐ

Tuesday, July 12, 2011

ਕਿਸੇ ਦੇ ਪਿਓ ਦਾ ਤੇ ਹਿੰਦੁਸਤਾਨ ਨਹੀ .

ਜਦੋ ਅੱਗ ਲਗੇਗੀ ਤੇ ਸੜੇਗਾ ਹਰ ਕੋਈ
...........ਏਥੇ ਸਾਡਾ ਈ ਤਾਂ ਮਕਾਨ ਨਹੀ

ਕੇਰਾਂ ਤੂੰ ਵੀ ਮੇਰੇ ਵਾਂਗ ਬਾਘੀ ਬਣ ਵੇਖ
.......ਤੇਰੇ ਮੂਹ ਚ ਕਿਹ੍ੜਾ ਜ਼ੁਬਾਨ ਨਹੀ

ਖੂਨ ਸਬ ਦਾ ਮਿਲਿਆ ਹੈ ਇਸ ਮਿੱਟੀ ਵਿਚ
......ਕਿਸੇ ਦੇ ਪਿਓ ਦਾ ਤੇ ਹਿੰਦੁਸਤਾਨ ਨਹੀ ............. ਜ਼ੈਲਦਾਰ

Friday, July 8, 2011

ਬੜਾ ਉੱਚਾ ਵੀ ਹੋਵੇ ਰੁੱਖ, ਹਰਿੱਕ ਦਾ ਹੀ ਭਲਾ ਕਰਦੈ

ਹਮੇਸ਼ਾ   ਨੀਵਿਆਂ    ਰੁੱਖਾਂ  ਨੂ,  ਹੀ   ਫਲ   ਲੱਗਿਆ   ਕਰਦੈ
ਬੜਾ   ਉੱਚਾ  ਵੀ  ਹੋਵੇ  ਰੁੱਖ,  ਹਰਿੱਕ  ਦਾ  ਹੀ  ਭਲਾ ਕਰਦੈ

ਅਸਾਡਾ   ਦੋਸ਼   ਨਾ   ਕੋਈ,   ਤੇ    ਉਸ   ਨੂੰ   ਹੋਸ਼   ਨਾ   ਕੋਈ
ਸਜ਼ਾਏ   ਮੌਤ    ਦਾ    ਜਾਰੀ    ਸਨਮ    ਕਿਓਂ  ਫੈਸਲਾ  ਕਰਦੈ

ਇਹ   ਹੰਝੂ  ਵੀ   ਸੁਕਾ   ਦਿੰਦੈ,   ਤੜਪਣਾਂ   ਵੀ  ਸਿਖਾ  ਦਿੰਦੈ
ਕਦੇ ਪਰ ਇਸ ਤੋਂ  ਵੀ  ਬਦਤਰ, ਗਮਾਂ ਦਾ ਸਿਲਸਿਲਾ ਕਰਦੈ

ਨਾ   ਹਿੰਦੂ   ਸਿਖ   ਮੁਸਲਮਾਂ,   ਆਦਮੀਅਤ   ਜ਼ਾਤ  ਹੈ  ਮੇਰੀ
ਮੇਰੇ ਘਰ   ਨੂ ਹੀ ਫਿਰ ਕਾਹਤੋਂ ਤਬਾਹ ਇਹ ਜ਼ਲਜ਼ਲਾ ਕਰਦੈ

ਹਮੇਸ਼ਾ  ਦਰਦਮੰਦ   ਬੋਲੇ,   ਨਹੀ  ਇਹ  ਬੁਜ਼ਦਿਲਾਂ  ਦਾ ਕੰਮ
ਕਿ   ਉਹ   ਯੋਧਾ  ਹੀ  ਹੁੰਦੈ,  ਜੋ  ਵਿਖਾਇਆ  ਹੌਸਲਾ  ਕਰਦੈ

ਤੁਹਾਡੀ   ਹੌਸਲਾ   ਅਫਜਾਈ   ਸਦਕੇ   ਕਲਮ   ਉਠਦੀ   ਹੈ
ਹੈ  ਮਿੱਤਰੋ ਆਪ ਦੀ ਕਿਰਪਾ, ਕਿ ਜੈਲੀ ਲਿਖ ਲਿਆ ਕਰਦੈ

ਕਿਤੇ ਜੇ ਮਿਲ ਗਈ ਤੇ ਜਾਣ ਕੱਡ ਕੇ ਰੱਖ ਦਿਆਂਗਾ

ਬੜੇ ਅਥਰੂ ਨੇ ਕੇਰੇ, ਤੇ ਬੜਾ ਹੈ ਦਰ੍ਦ ਜਰਿਆ
ਗਮਾਂ ਨੂ ਦਫਨ ਕਰਕੇ, ਅੱਜ ਮੈਂ ਗੱਡ ਕੇ ਰੱਖ ਦਿਆਂਗਾ

ਨਾ ਮੁੜ ਰੋਣਾ ਪਵੇਗਾ ਨਾ ਉਦਾਸੀ ਆ ਸਕੇਗੀ
ਕਿ ਅੱਜ ਮੈਂ ਸਬ ਦੁੱਖਾਂ ਦਾ ਫਾਹਾ ਵੱਡ ਕੇ ਰੱਖ ਦਿਆਂਗਾ

ਬੜੇ  ਹੀ  ਹਾਦਸੇ ਵੰਡੇ ਨੇ, ਅਣਹੋਣੀ ਨੇ ਮੈਨੂ
ਕਿਤੇ  ਜੇ  ਮਿਲ  ਗਈ  ਤੇ ਜਾਣ ਕੱਡ ਕੇ ਰੱਖ ਦਿਆਂਗਾ........ ਜ਼ੈਲਦਾਰ

Thursday, July 7, 2011

ਏਥੇ ਸਬ ਤਿਤਲੀਆਂ ਦੇ ਹੱਥ ਪੀਲੇ ਹੋ ਗਏ ਨੇ

ਜੱਮਨ  ਤੋਂ  ਪਹਿਲਾਂ  ਮੌਤਾਂ  ਦੇ ਵਸੀਲੇ ਹੋ ਗਏ ਨੇ
ਏਹ੍ਨ ਮਾਵਾਂ ਦੇ ਵੀ ਕਿਓਂ ਦੁਧ ਜ੍ਹਰੀਲੇ ਹੋ ਗਏ ਨੇ

ਬੜਾ ਵੀਰਾਨ ਹੈ ਗੁਲਸ਼ਨ, ਤੇ ਰੋਂਦੇ ਫੁੱਲ ਨੇ ਸਾਰੇ
ਏਥੇ  ਸਬ  ਤਿਤਲੀਆਂ  ਦੇ  ਹੱਥ ਪੀਲੇ ਹੋ ਗਏ ਨੇ