Tuesday, August 26, 2014

ਤੇਰਾ ਹਿੱਪ ਹੌਪ ਜਿਹਾ ਕਲਚਰ ਹੈ
ਸਾਡਾ ਕਲਚਰ ਐਗਰੀਕਲਚਰ ਹੈ
ਸਾਡਾ ਵਿਰਸਾ ਬੜਾ ਸ਼ਰੀਫ ਜਿਆ
ਤੇਰੇ ਆਲਾ ਤਾਂ ਵਲਗਰ ਹੈ

#inspired from pardhaan_nainewalia_babbu

Thursday, August 21, 2014

ਕੱਮ ਤੋਂ ਸਿੱਧਾ ਘਰ ਜਾਨਾਂ ਵਾਂ

ਕੱਮ ਤੋਂ ਸਿੱਧਾ ਘਰ ਜਾਨਾਂ ਵਾਂ
ਮਿਲੇ ਨਾ ਕੱਮ ਤੇ ਡਰ ਜਾਨਾਂ ਵਾਂ

ਲੋਕਾਂ ਕਖੋਂ ਹੌਲਾ ਕੀਤਾ
ਹੌਲਾ ਹਾਂ ਨਾ, ਤਰ ਜਾਨਾਂ ਵਾਂ

ਜੇ ਨਾ ਰੋਟੀ ਮਿਲੇ ਕਿਸੇ ਦਿਨ
ਭਾਣਾ ਮੰਨ ਕੇ ਜਰ ਜਾਨਾਂ ਵਾਂ

ਜਦ ਮਜ਼ਲੂਮ ਦੀ ਪੱਤ ਰੁਲਦੀ ਏ
ਜਿਓਂਦੇ ਜੀ ਹੀ ਮਰ ਜਾਨਾਂ ਵਾਂ

ਇਸ਼ਕ਼ ਦਾ ਪੈਂਡਾ , ਟੇਡਾ , ਔਖਾ
ਮੁਸ਼ਕਿਲ ਤਾਂ ਹੈ ਪਰ , ਜਾਨਾਂ ਵਾਂ

ਆਪਣੇ ਹੱਥਾਂ ਨਾਲ ਕਿਓਂ ਖਬਰੇ
ਕੁਤਰੀ ਆਪਣੇ ਪਰ ਜਾਨਾਂ ਵਾਂ

ਜਦ ਕੋਈ ਖਾਲੀ ਵਰਕਾ ਮਿਲਦੈ
ਅੱਲਾਹ ਲਿਖਕੇ ਭਰ ਜਾਨਾਂ ਵਾਂ

ਲੋਕੀਂ ਮਾਰਨ ਧੱਕੇ ਮੈਨੂੰ
ਤਾਹੀਂ ਤੇਰੇ ਦਰ ਜਾਨਾਂ ਵਾਂ

ਜੈਲਦਾਰ ਦਾ ਨਾਮ ਨਾ ਭੁੱਲੇ
ਕੱਮ ਕੋਈ ਐਸਾ ਕਰ ਜਾਨਾਂ ਵਾਂ

Thursday, August 14, 2014

ਤੇਰੇ ਪਿੱਛੇ ਐਂਵੇਂ ਕਰਾਂ ਨੀ ਮੈਂ ਫਾਲਤੂ ਲੜਾਈਆਂ
ਮੈਂ ਸਿੱਧਾ ਸਾਦਾ ਜੱਟ ਹਾਂ ਕੋਈ ਡੌਨ ਤਾਂ ਨਹੀਂ

ਨੀ ਤੂੰ ਜੋ ਵੀ ਕਰੇਂ ਮੰਗ ਤੇਰੇ ਅੱਗੇ ਦਿਆਂ ਰੱਖ
ਨੀ ਮੈਂ ਬੰਦਾ ਹੀ ਆਂ ਕੋਈ ਡੋਰੇਮੌਨ ਤਾਂ ਨਹੀਂ

ਨਾ ਮਾਨਕ ਨਾ ਮਾਨ ਸਾਬ ਤੂੰ ਦੋਹਾਂ ਵਰਗਾ ਨਹੀਂ

ਕਿਸਮਤ ਦੇ ਦਰ ਖੋਲਣ ਵਾਲਾ ਢੋਅ ਵੀ ਲੈਂਦਾ ਏ
ਦੇਵਨ ਵਾਲਾ ਡਾਹਡਾ ਏ ਓ ਖੋਹ ਵੀ ਲੈਂਦਾ ਏ

ਸ਼ੁਕਰ ਕਰੀ ਜਾ ਮਾਨ ਨਾ ਕਰ ਤੈਨੂ ਸੁਰ ਮਿਲਿਆ ਏ
ਵਿੱਚ ਹੰਕਾਰ ਨਾ ਰੁਲ ਜਾਈਂ ਤੈਨੂ ਗੁਰ ਮਿਲਿਆ ਏ

ਨਾ ਮਾਨਕ ਨਾ ਮਾਨ ਸਾਬ ਤੂੰ ਦੋਹਾਂ ਵਰਗਾ ਨਹੀਂ
ਤੂੰ ਦੋਹਾਂ ਦੇ ਪੈਰਾਂ ਵਾਲੇ ਨੌਹਾਂ ਵਰਗਾ ਨਹੀਂ

ਜਿਹਨਾਂ ਦੇ ਤੂੰ ਗਾਣੇ ਵਿੱਚ ਸਟੇਜਾਂ ਗਓਨਾ ਏ
ਮੈਂ ਸੁਣਿਐ ਹੁਣ ਸੁਣ ਓਹਨਾਂ ਨੂ ਨੱਕ ਚੜ੍ਹੌਨਾਂ ਏ

ਐਵੇਂ ਨਹੀਂ ਉਸਤਾਦ ਦੇ ਲੋਕੀਂ ਪੈਰੀਂ ਪੈਂਦੇ ਨੇ
ਤੂੰ ਰਹਿਨਾਂ ਏ ਆਕੜ ਵਿਚ ਓ ਦਿਲਾਂ ਚ ਰਹਿੰਦੇ ਨੇ

Tuesday, August 5, 2014

ਪੱਕਨੋਂ ਪਹਿਲਾਂ ਵੱਡ ਲਈ ਰੱਬ ਨੇ ਸਾਡੀ ਫਸਲ ਪਸ਼ੇਤੀ
ਮਾਂ ਮੇਰੀ ਮਰ ਗਈ ਸਰਫੇ ਕਰਦੀ , ਬਾਪੂ ਕਰਦਾ ਖੇਤੀ

ਇੱਕ ਦਿਨ ਸੀਰੀ ਖੇਤੋਂ ਭੱਜਦਾ, ਹੰਬਦਾ, ਰੋਂਦਾ ਆਇਆ
ਕਹਿੰਦਾ ਬਾਪੂ ਡਿੱਗ ਪਿਆ ਸੀ ਝੱਟ ਸ਼ਹਿਰ ਨੂ ਲੈ ਗਿਆ ਤਾਇਆ
ਡਾਕਟਰ ਕਹਿੰਦਾ ਟੈਕ ਹੋਇਆ ਦਸ ਲੱਖ ਲਿਆਓ ਛੇਤੀ
ਮਾਂ ਮੇਰੀ ਮਰ ਗਈ ਸਰਫੇ ਕਰਦੀ , ਬਾਪੂ ਕਰਦਾ ਖੇਤੀ

ਮੁਹ ਚੱਕ ਚੱਕ ਕੇ ਵੇਹੰਦੇ ਡੰਗਰ ਹਰਾ ਖਵਾਊ ਕਿਹੜਾ
ਵੱਸਦੇ ਘਰ ਚੋਂ ਬਾਪ ਨਾਂ ਜਾਵੇ ਖਾਣ ਨੂੰ ਪੈਂਦਾ ਵਿਹੜਾ
ਵੇਖ ਲਾਸ਼ ਵੱਲ ਰੋਂਦੇ ਪਏ ਸਨ ਇੱਕ ਕਹੀ ਇੱਕ ਰੇਤੀ
ਮਾਂ ਮੇਰੀ ਮਰ ਗਈ ਸਰਫੇ ਕਰਦੀ , ਬਾਪੂ ਕਰਦਾ ਖੇਤੀ

ਬਿਨ ਰਾਖੀ ਤੋਂ ਫਸਲ ਨਹੀਂ ਬਿਨ ਫਸਲੋਂ ਕਾਹਦੇ ਜੱਟ ਹਾਂ
ਘਰ ਵਿੱਚ ਖਾਨ ਨੂ ਦਾਣੇ ਹੈਨੀ ਫਿਰ ਕਿਸ ਭਾ ਦੇ ਜੱਟ ਹਾਂ
ਕਹਿੰਦੇ ਬਿਨ ਪਾਣੀ ਤੋਂ ਸੁੱਕ ਗਈ ਸਾਡੀ ਕਣਕ ਅਗੇਤੀ
ਮਾਂ ਮੇਰੀ ਮਰ ਗਈ ਸਰਫੇ ਕਰਦੀ , ਬਾਪੂ ਕਰਦਾ ਖੇਤੀ

ਕੋਈ ਹੱਥ ਨਹੀ ਸਿਰ ਤੇ ਰੱਖਦਾ ਕੀਹਨੁ ਮਾਰਾਂ ਤਰਲਾ
ਕਹਿੰਦੇ ਤੇਰੇ ਹੱਕ ਵਿੱਚ ਕਾਕਾ ਔਂਦਾ ਨਹੀਂ ਇੱਕ ਮਰਲਾ
ਜ਼ੈਲਦਾਰਾ ਕੋਈ ਫੈਦਾ ਚੱਕ ਗਿਆ ਤੇਰੇ ਈ ਘਰ ਦਾ ਭੇਤੀ
ਮਾਂ ਮੇਰੀ ਮਰ ਗਈ ਸਰਫੇ ਕਰਦੀ , ਬਾਪੂ ਕਰਦਾ ਖੇਤੀ

ਉਮਰ ਗੁਜ਼ਰ ਜਾਊ ਲੱਗਦੈ ਸਿਰ ਤੋਂ ਕਰਜ਼ ਉਤਾਰਨ ਨੂੰ

ਮੈਂ ਲਿਆ ਲੋਨ ਤੇ ਐਸ਼ਰ ਸੀ
ਫਿਰ ਪਾਇਆ ਬੈਂਕ ਪਰੈਸ਼ਰ ਸੀ
ਮੈਨੂ ਵੇਚਣਾ ਪਿਆ ਥਰੈਸ਼ਰ ਸੀ ਓਹਦੀ ਕਿਸ਼ਤਾਂ ਤਾਰਨ ਨੂੰ
ਉਮਰ ਗੁਜ਼ਰ ਜਾਊ ਲੱਗਦੈ ਸਿਰ ਤੋਂ ਕਰਜ਼ ਉਤਾਰਨ ਨੂੰ

ਪਹਿਲਾਂ ਗਹਿਣੇ ਰੱਖੇ ਗਹਿਣੇ ਸੀ
ਓਹ ਵੀ ਤਾਂ ਰੱਖਣੇ ਈ ਪੈਣੇ ਸੀ
ਕੁਜ ਖਾਦ ਦੇ ਕੱਟੇ ਲੈਣੇ ਸੀ ਮੈਂ ਖੇਤ ਖਿਲਾਰਨ ਣੂੰ
ਉਮਰ ਗੁਜ਼ਰ ਜਾਊ ਲੱਗਦੈ ਸਿਰ ਤੋਂ ਕਰਜ਼ ਉਤਾਰਨ ਨੂੰ

ਹੋਇਆ ਸਿਰ ਤੇ ਕਰਜ਼ਾ ਬਾਹਲਾ
ਅੱਖਾਂ ਕੱਡਦਾ ਰਹਿੰਦਾ ਲਾਲਾ
ਬੈਂਕ ਮਨੇਜਰ ਰਹਿੰਦੈ ਕਾਹਲ਼ਾ ਮੈਨੂ ਧੱਕੇ ਮਾਰਨ ਨੂੰ
ਉਮਰ ਗੁਜ਼ਰ ਜਾਊ ਲੱਗਦੈ ਸਿਰ ਤੋਂ ਕਰਜ਼ ਉਤਾਰਨ ਨੂੰ

ਹੋਗੇ ਹੋਰ ਹਾਲਾਤ ਭਿਆਨਕ
ਸੋਕਾ ਪੈ ਗਿਆ ਫੇਰ ਅਚਾਨਕ
ਕਿਦਰੋਂ ਆਜੇ ਬਾਬਾ ਨਾਨਕ ਮੇਰੀ ਮੱਜੀਆਂ ਚਾਰਨ ਨੂੰ
ਉਮਰ ਗੁਜ਼ਰ ਜਾਊ ਲੱਗਦੈ ਸਿਰ ਤੋਂ ਕਰਜ਼ ਉਤਾਰਨ ਨੂੰ

ਹੋ ਗਿਆ ਰੋਟੀ ਟੁੱਕਰ ਔਖਾ
ਦੇ ਗਈ ਹਾੜ੍ਹੀ ਵੀ ਫਿਰ ਧੋਖਾ
ਰੋਂਦਾ ਪੱਠਿਆਂ ਬਾਜੋਂ ਟੋਕਾ ਕੋਈ ਲੱਬੋ ਕਾਰਨ ਨੂੰ
ਉਮਰ ਗੁਜ਼ਰ ਜਾਊ ਲੱਗਦੈ ਸਿਰ ਤੋਂ ਕਰਜ਼ ਉਤਾਰਨ ਨੂੰ

ਰਹਿਗੇ ਹੱਥ ਵਿੱਚ ਕੱਮ ਨਾ ਧੰਦੇ
ਅੱਕ ਕੇ ਦੁੱਖ ਤੋਂ ਲੌਂਦੇ ਫੰਦੇ
ਦੱਸ ਉਂਜ ਜੈਲਦਾਰ ਕਿਸ ਬੰਦੇ ਦਾ ਦਿਲ ਕਰਦੈ ਹਾਰਨ ਨੂੰ
ਉਮਰ ਗੁਜ਼ਰ ਜਾਊ ਲੱਗਦੈ ਸਿਰ ਤੋਂ ਕਰਜ਼ ਉਤਾਰਨ ਨੂੰ

ਟੁੱਟੀ ਐਨਕ ਤਾਂਹਵੀ ਮਾਂ ਤਰਪਾਈ ਕਰਦੀ ਹੁੰਦੀ ਸੀ

ਮੇਰੀ ਫੀਸ ਸੀ ਭਰਣੀ ਸੂਟ ਸਿਲਾਈ ਕਰਦੀ ਹੁੰਦੀ ਸੀ
ਟੁੱਟੀ ਐਨਕ ਤਾਂਹਵੀ ਮਾਂ ਤਰਪਾਈ ਕਰਦੀ ਹੁੰਦੀ ਸੀ

ਪੁੱਤ ਮੇਰਾ ਕੁਜ ਬਣਜੇ ਮਾਂ ਨੇ ਲੱਖਾਂ ਸੁਪਨੇ ਵੇਖੇ ਸੀ
ਮੈਨੂ ਯਾਦ ਹੈ ਮੇਰੇ ਦਾਖਲੇ ਵੇਲੇ ਮਾਂ ਨੇ ਕੰਗਣ ਵੇਚੇ ਸੀ
ਭੈਣ ਦੇ ਦਾਜ ਦੇ ਸੂਟਾਂ ਉੱਤੇ ਕਢਾਈ ਕਰਦੀ ਹੁੰਦੀ ਸੀ
ਟੁੱਟੀ ਐਨਕ ਤਾਂਹਵੀ ਮਾਂ ਤਰਪਾਈ ਕਰਦੀ ਹੁੰਦੀ ਸੀ

ਚੁੱਲ੍ਹਾ ਚੌਂਕਾ ਕਰਕੇ ਮੈਨੂ ਛੱਡਣ ਸਕੂਲੇ ਔਂਦੀ ਸੀ
ਰੋਜ਼ ਰਾਤ ਨੂੰ ਗੱਲਾਂ ਬਾਬੇ ਨਾਨਕ ਦੀਆਂ ਸੁਣੌਂਦੀ ਸੀ
ਮੇਰੇ ਨਿੱਕੇ ਹੁੰਦੇ ਦਾ ਜੂੜਾ ਮੇਰੀ ਤਾਈ ਕਰਦੀ ਹੁੰਦੀ ਸੀ
ਟੁੱਟੀ ਐਨਕ ਤਾਂਹਵੀ ਮਾਂ ਤਰਪਾਈ ਕਰਦੀ ਹੁੰਦੀ ਸੀ