Thursday, August 21, 2014

ਕੱਮ ਤੋਂ ਸਿੱਧਾ ਘਰ ਜਾਨਾਂ ਵਾਂ

ਕੱਮ ਤੋਂ ਸਿੱਧਾ ਘਰ ਜਾਨਾਂ ਵਾਂ
ਮਿਲੇ ਨਾ ਕੱਮ ਤੇ ਡਰ ਜਾਨਾਂ ਵਾਂ

ਲੋਕਾਂ ਕਖੋਂ ਹੌਲਾ ਕੀਤਾ
ਹੌਲਾ ਹਾਂ ਨਾ, ਤਰ ਜਾਨਾਂ ਵਾਂ

ਜੇ ਨਾ ਰੋਟੀ ਮਿਲੇ ਕਿਸੇ ਦਿਨ
ਭਾਣਾ ਮੰਨ ਕੇ ਜਰ ਜਾਨਾਂ ਵਾਂ

ਜਦ ਮਜ਼ਲੂਮ ਦੀ ਪੱਤ ਰੁਲਦੀ ਏ
ਜਿਓਂਦੇ ਜੀ ਹੀ ਮਰ ਜਾਨਾਂ ਵਾਂ

ਇਸ਼ਕ਼ ਦਾ ਪੈਂਡਾ , ਟੇਡਾ , ਔਖਾ
ਮੁਸ਼ਕਿਲ ਤਾਂ ਹੈ ਪਰ , ਜਾਨਾਂ ਵਾਂ

ਆਪਣੇ ਹੱਥਾਂ ਨਾਲ ਕਿਓਂ ਖਬਰੇ
ਕੁਤਰੀ ਆਪਣੇ ਪਰ ਜਾਨਾਂ ਵਾਂ

ਜਦ ਕੋਈ ਖਾਲੀ ਵਰਕਾ ਮਿਲਦੈ
ਅੱਲਾਹ ਲਿਖਕੇ ਭਰ ਜਾਨਾਂ ਵਾਂ

ਲੋਕੀਂ ਮਾਰਨ ਧੱਕੇ ਮੈਨੂੰ
ਤਾਹੀਂ ਤੇਰੇ ਦਰ ਜਾਨਾਂ ਵਾਂ

ਜੈਲਦਾਰ ਦਾ ਨਾਮ ਨਾ ਭੁੱਲੇ
ਕੱਮ ਕੋਈ ਐਸਾ ਕਰ ਜਾਨਾਂ ਵਾਂ

No comments:

Post a Comment