Thursday, June 6, 2013

ਦਿਨ ਜਿਹੜੇ ਕੱਟਦੇ ਨੇ ਅੰਬਰਾਂ ਦੇ ਥੱਲੇ, ਰਾਤ ਜਿਹੜੇ ਕੱਟਦੇ ਨੇ ਫੁਟਪਾਥਾਂ ਉੱਤੇ

ਰੱਬਾ ਕੁੱਲ ਕਾਇਨਾਤ ਵਾਲੀ ਖੁਸ਼ੀ ਤੂੰ ਲੁਟਾ ਦੇ ਮਜ਼ਲੂਮਾਂ, ਬੇਸਹਾਰੇ, ਭੁੱਖੇ ਤੇ ਅਨਾਥਾਂ ਉੱਤੇ
ਦਿਨ ਜਿਹੜੇ ਕੱਟਦੇ ਨੇ ਅੰਬਰਾਂ ਦੇ ਥੱਲੇ, ਰਾਤ ਜਿਹੜੇ ਕੱਟਦੇ ਨੇ ਫੁਟਪਾਥਾਂ ਉੱਤੇ

ਉਂਜ ਦੁਨੀਆ ਇਹ ਰੱਬਾ ਸਾਰੀ ਤੇਰੀ ਏ
ਨੇ ਅਮੀਰ ਤੇਰੇ ਤੇਰੇ ਨੇ ਗਰੀਬ ਵੀ
ਓ ਸਾਰੇ ਚੰਗੇ ਅਤੇ ਮੰਦੇ ਤੇਰੇ ਬੰਦੇ ਨੇ
ਤੈਥੋ ਦੂਰ ਵੀ ਨੇ ਤੇਰੇ ਨੇ ਕਰੀਬ ਵੀ
ਕਰੇਂ ਕਖ ਤੋਂ ਤੂੰ ਲੱਖ, ਹੱਥ ਸਿਰ ਤੇ ਤੂੰ ਰੱਖ, ਮੈਂ ਨਹੀਂ ਕਰਦਾ ਕੋਈ ਸ਼ੱਕ ਤੇਰੀਆਂ ਸੌਗਾਤਾਂ ਉੱਤੇ
ਦਿਨ ਜਿਹੜੇ ਕੱਟਦੇ ਨੇ ਅੰਬਰਾਂ ਦੇ ਥੱਲੇ, ਰਾਤ ਜਿਹੜੇ ਕੱਟਦੇ ਨੇ ਫੁਟਪਾਥਾਂ ਉੱਤੇ

ਬਹੁਤੇ ਰੱਜਿਆਂ ਨੇ ਕੀ ਕੀ ਖਾਇਆ ਯਾਦ ਨਹੀਂ
ਭੁੱਖੇ ਢਿੱਡ ਰੋਟੀ ਸੁਬਹ ਸ਼ਾਮ ਟੋਲ਼ਦੇ
ਰੱਜੇ ਪੁੱਜਿਆਂ ਨੂੰ ਨਾਮ ਤੇਰਾ ਯਾਦ ਨਹੀਂ
ਢਿਡੋਂ ਭੁੱਖੇ ਤਾਂਵੀ ਸਤਨਾਮ ਬੋਲਦੇ
ਸਾਨੂ ਕਰੀਂ ਨਾ ਤੂ ਵੱਖ, ਭਾਵੇਂ ਮਾਰ ਭਾਵੇਂ ਰੱਖ, ਚੱਲੇ ਤੇਰਾ ਹੀ ਤੇ ਵੱਸ ਦਿਨ ਅਤੇ ਰਾਤਾਂ ਉੱਤੇ
ਦਿਨ ਜਿਹੜੇ ਕੱਟਦੇ ਨੇ ਅੰਬਰਾਂ ਦੇ ਥੱਲੇ, ਰਾਤ ਜਿਹੜੇ ਕੱਟਦੇ ਨੇ ਫੁਟਪਾਥਾਂ ਉੱਤੇ

ਰੱਬਾ ਕੈਸੀ ਏਹੋ ਚੰਦਰੀ ਬਣਾਈ ਦੁਨੀਆ
ਮੇਰੇ ਤਾਂ ਇਹ ਸਮਝ ਨਹੀ ਆਈ ਦੁਨੀਆ
ਨਿੱਤ ਕੱਮੀਆਂ ਦਾ ਢਿੱਡ ਵੱਡ ਵੱਡ ਕੇ
ਵੇਖੀ ਮੈਂ ਤਾਂ ਕਰਦੀ ਕਮਾਈ ਦੁਨੀਆ
ਕਰੇ ਬੰਦੇ ਦੀ ਤੌਹੀਨ , ਬੰਦਾ ਹੋ ਗਿਆ ਮਸ਼ੀਨ , ਕਰੋ ਨਾ ਕਰੋ ਯਕੀਨ ਜੈਲੀ ਦੀਆਂ ਬਾਤਾਂ ਉੱਤੇ
ਦਿਨ ਜਿਹੜੇ ਕੱਟਦੇ ਨੇ ਅੰਬਰਾਂ ਦੇ ਥੱਲੇ, ਰਾਤ ਜਿਹੜੇ ਕੱਟਦੇ ਨੇ ਫੁਟਪਾਥਾਂ ਉੱਤੇ

Wednesday, June 5, 2013

ਸੁੰਨੀਆਂ ਕਰਦਾ ਜਾਂਦੈ ਮਾਂ ਧਰਤੀ ਦੀਆਂ ਕੁੱਖਾਂ,,,, ਨੂੰ ਜਿਸ ਰਫਤਾਰ ਨਾ ਬੰਦਾ ਵੱਡਦਾ ਜਾਂਦੈ ਰੁੱਖਾਂ ਨੂੰ

ਸੁੰਨੀਆਂ ਕਰਦਾ ਜਾਂਦੈ ਮਾਂ ਧਰਤੀ ਦੀਆਂ ਕੁੱਖਾਂ ਨੂੰ
ਜਿਸ ਰਫਤਾਰ ਨਾ ਬੰਦਾ ਵੱਡਦਾ ਜਾਂਦੈ ਰੁੱਖਾਂ ਨੂੰ

ਗਰਮੀ ਸਰਦੀ ਪਤਝੜ ਹੋਵੇ ਕੋਈ ਸੀਜ਼ਨ ਜੀ
ਖਾਣ ਨੂੰ ਦਿੰਦੇ ਫਲ ਤੇ ਸਾਹ ਦੇ ਲਈ ਆਕਸੀਜਨ ਜੀ
ਕਿਹੜਾ ਗੱਲ ਸਮਝਾਵੇ ਅਕਲੋ ਗਏ ਮਨੁੱਖਾਂ ਨੂੰ
ਸੁੰਨੀਆਂ ਕਰਦਾ ਜਾਂਦੈ ਮਾਂ ਧਰਤੀ ਦੀਆਂ ਕੁੱਖਾਂ ਨੂੰ

ਕੱਟ ਕੱਟ ਕਿੱਕਰ ਰੋਜ਼ ਕਲੋਨੀਆਂ ਕੱਡੀ ਜਾਨਾਂ ਏਂ
ਜਿਸ ਟਾਹਣੀ ਤੇ ਬੈਠੈ ਉਸਨੂੰ ਵੱਡੀ ਜਾਨਾਂ ਏਂ
ਚੰਦ ਸਿੱਕਿਆਂ ਨਹੀਂ ਪੂਰਾ ਕਰਨਾ ਤੇਰੀਆਂ ਭੁੱਖਾਂ ਨੂੰ
ਸੁੰਨੀਆਂ ਕਰਦਾ ਜਾਂਦੈ ਮਾਂ ਧਰਤੀ ਦੀਆਂ ਕੁੱਖਾਂ ਨੂੰ

ਜਦ ਤਕ ਸਾਡੀ ਧਰਤੀ ਤੇ ਜੰਗਲ ਮੌਜੂਦ ਰਹੂ
ਓਦੋਂ ਤਕ ਹੀ ਲੋਕੋ ਸਾਡਾ ਕਾਇਮ ਵਜੂਦ ਰਾਹੂ
ਨਜ਼ਰ ਲੱਗ ਗਈ ਪਰਗਟ ਸਾਰੀਆਂ ਮੰਗੀਆਂ ਸੁੱਖਾਂ ਨੂੰ
ਸੁੰਨੀਆਂ ਕਰਦਾ ਜਾਂਦੈ ਮਾਂ ਧਰਤੀ ਦੀਆਂ ਕੁੱਖਾਂ ਨੂੰ

ਨਾਲ ਕੁਹਾੜੇ ਟੱਕ ਮਾਰੇ ਰੁੱਖਾਂ ਦੀ ਛਾਤੀ ਤੇ
ਇੱਕ ਫੱਟ ਲਾਵੇਂ ਰੁੱਖ ਤੇ ਦੂਜਾ ਮਾਨਵ ਜਾਤੀ ਤੇ
ਬਖਸ਼ੀ ਮੌਲਾ ਕੁਦਰਤ ਵੱਲੋਂ ਹੋਏ ਬੇਮੁੱਖਾਂ ਨੂੰ
ਸੁੰਨੀਆਂ ਕਰਦਾ ਜਾਂਦੈ ਮਾਂ ਧਰਤੀ ਦੀਆਂ ਕੁੱਖਾਂ ਨੂੰ