Monday, February 16, 2015

ਜੇ ਹੋਵੇ ਜ਼ੋਰ ਜ਼ੁਬਾਨ ਦੇ ਅੰਦਰ
ਫਿਰ ਤਲਵਾਰ ਮਿਆਨ ਦੇ ਅੰਦਰ

ਜੇ ਮਾਰੇਂਗਾ ਖਾਏਂਗਾ ਵੀ
ਰੱਖੀਂ ਗੱਲ ਧਿਆਨ ਦੇ ਅੰਦਰ

ਵੇਚਣ ਲਈ ਹੁਣ ਕੋਈ ਵੀ ਭਾਂਡਾ
ਬਚਿਆ ਨਹੀਂ ਮਕਾਨ ਦੇ ਅੰਦਰ

ਲਾਂਗਰੀਏ ਨੂ ਕਹੇ ਭਿਖਾਰੀ
ਭੁੱਖ ਲੱਗੀ ਏ ਜਾਣ ਦੇ ਅੰਦਰ

ਜਿਓਂਦੇਆਂ ਉੱਤੇ ਹੱਸਦੇ ਪਏ ਸਨ
ਮੁਰਦੇ ਕੱਲ ਸ਼ਮਸ਼ਾਨ ਦੇ ਅੰਦਰ

ਜਦ ਤੂੰ ਹੱਸ ਕੇ ਤੱਕ ਲੈਨਾ ਏ
ਜਾਨ ਔਂਦੀ ਏ ਜਾਨ ਦੇ ਅੰਦਰ

ਇੱਕ ਵੀ ਬੰਦਾ ਸੱਚਾ ਨਹੀਂ ਏ
ਮੇਰੀ ਤਾਂ ਪਹਿਚਾਣ ਦੇ ਅੰਦਰ

ਭਾਂਤ ਭਾਂਤ ਦੇ ਰੱਬ ਮਿਲਦੇ ਨੇ
ਧਰਮਾਂ ਵਾਲੀ ਦੁਕਾਨ ਦੇ ਅੰਦਰ

ਬੱਕਰੇ ਵੱਡੋ ਈਦਾਂ ਉੱਤੇ
ਤੇ ਰੋਜ਼ੇ ਰਮਜ਼ਾਨ ਦੇ ਅੰਦਰ

ਰੱਖੋ ਸਦਾ ਯਕੀਨ ਖੁਦਾ ਤੇ
ਲਿਖਿਆ ਪਿਐ ਕੁਰਾਨ ਦੇ ਅੰਦਰ

ਕੋਈ ਸਾਧੂ ਲੁਕਿਆ ਹੁੰਦੈ
ਕਿਦਰੇ ਹਰ ਸ਼ੈਤਾਨ ਦੇ ਅੰਦਰ

ਜੈਲਦਾਰ ਜਿਹਾ ਬਦਕਿਸਮਤ ਕੋਈ
ਹੋਣਾਂ ਨਹੀਂ ਜਹਾਨ ਦੇ ਅੰਦਰ ........
ਲੋਕਾਂ ਦੀਆਂ ਧੀਆਂ ਭੈਣਾਂ ਘਰਾਂ ਚੋਂ ਚਕਾਈ ਜਾਵੇਂ ਆਪਣੀ ਤੇ ਲਾਵੇਂ ਕਾਹਤੋਂ ਜੰਦਰੇ
ਲੋਕਾਂ ਦੀਆਂ ਕੁੜੀਆਂ ਨੂ ਆਖੇਂ ਮਿਲ ਕੱਲਿਆਂ ਤੇ ਆਪਣੀ ਨੂ ਕਹੇਂ ਬਹਿਜਾ ਅੰਦਰੇ
ਮੰਨਿਆਂ ਕੇ ਗੰਦੇ ਗਾਣੇ ਲਿਖਿਆਂ ਬਥੇਰਾ ਪੈਸਾ ਮਿਲੇ ਤੈਨੂ ਅੱਜ ਗੀਤਕਾਰਾ ਓਏ
ਤੇਰੀਆਂ ਵੀ ਧੀਆਂ ਬਾਰੇ ਕਿਸੇ ਗੀਤਕਾਰ ਕੱਲ ਏਹੋਈ ਗੱਲ ਲਿਖਣੀ ਦੁਬਾਰਾ ਓਏ

ਤੇਰੀ ਵੀ ਤਾਂ ਭੈਣ ਕਿਤੇ ਕਾਲਜ ਨੂ ਜਾਂਦੀ ਨੂੰ, ਪੁਰਜਾ ਪਟੋਲਾ ਮੁੰਡੇ ਕਹਿੰਦੇ ਹੋਣਗੇ
ਜਿਹੋ ਜਹੇ ਗੀਤ ਲਿਖ ਲਿਖ ਪੈਸੇ ਵੱਟੀ ਜਾਵੇਂ ਓਹਦੇ ਵੀ ਜ਼ਰੂਰ ਕੰਨੀ ਪੈਂਦੇ ਹੋਣਗੇ
ਜੈਲਦਾਰ ਗੱਲ ਕਰੇ ਮਤਲਬ ਵਾਲੀ ਬਸ ਸਮਝੀਦਾ ਹੁੰਦਾ ਏ ਇਸ਼ਾਰਾ ਓਏ
ਤੇਰੀਆਂ ਵੀ ਧੀਆਂ ਬਾਰੇ ਕਿਸੇ ਗੀਤਕਾਰ ਕੱਲ ਏਹੋਈ ਗੱਲ ਲਿਖਣੀ ਦੁਬਾਰਾ ਓਏ

ਜਿਹੋ ਜਹੀ ਕੁੜੀ ਨੂ ਤੂੰ ਗਾਣਿਆਂ ਚ ਲਿਖਦਾ ਏ ਮੈਂ ਨਹੀਂ ਕੀਤੇ ਵੇਖੀ ਓਹਦੇ ਨਾਲ ਦੀ
ਕੁੜੀ ਭਾਵੇਂ ਕੱਮੀ ਦੀ ਕੇ ਭਾਵੇਂ ਹੋਵੇ ਰਾਜੇ ਦੀ ਓ ਇੱਜ਼ਤਾਂ ਨੂ ਕਦੇ ਨਹੀ ਉਛਾਲਦੀ
ਔਰਤਾਂ ਦੇ ਬਾਰੇ ਬਾਬੇ ਨਾਨਕ ਕੀ ਲਿਖਿਆ ਏ ਪੜ੍ਹ ਕਿਤੇ ਮੂਰਖਾ ਗਵਾਰਾ ਓਏ
ਤੇਰੀਆਂ ਵੀ ਧੀਆਂ ਬਾਰੇ ਕਿਸੇ ਗੀਤਕਾਰ ਕੱਲ ਏਹੋਈ ਗੱਲ ਲਿਖਣੀ ਦੁਬਾਰਾ ਓਏ
ਕਦੀ ਹੜ ਤੇ ਸੋਕੇ ਕਚਹਿਰੀ ਮੁਕੱਦਮੇ
ਜੱਟਾਂ ਨੂੰ ਹਰ ਪਾਸੋਂ ਸਦਮੇ ਹੀ ਸਦਮੇ

ਲੁੱਟਿਆ ਸ਼ਰੀਕਾਂ ਨੇ ਦੇ ਦੇ ਦਲੀਲਾਂ
ਕਿਤੇ ਸ਼ਾਹੂਕਾਰਾਂ ਤੇ ਕਿਦਰੇ ਵਕੀਲਾਂ

ਵਿਕਣੇ ਤੇ ਆ ਗਈਏ ਹਲ਼ ਤੇ ਪੰਜਾਲ਼ੀ
ਕਿਸਾਨਾ ਨਹੀਂ ਤੇਰੀ ਜ਼ਿੰਦਗੀ ਸੁਖਾਲ਼ੀ


ਸ਼ਤੀਰਾਂ ਤੋਂ ਉੱਚੇ ਹੋਈ ਜਾਣ ਕਰਜੇ
ਹੈਰਾਨੀ ਨਹੀਂ ਕੋਈ ਫਾਹ ਲੈਕੈ ਮਰਜੇ

ਕੇ ਰਾਜੇ ਨੂੰ ਰੋਂਦੀ ਪਈ ਏਥੇ ਪਰਜਾ
ਕਰਜੇ ਨੂੰ ਤਾਰਣ ਲਈ ਲੈਣ ਕਰਜਾ

ਤੇਰੇ ਲਈ ਤਾਂ ਇੱਕੋ ਜਹੀ ਹਾੜੀ ਸਿਆਲ਼ੀ
ਕਿਸਾਨਾ ਨਹੀਂ ਤੇਰੀ ਜ਼ਿੰਦਗੀ ਸੁਖਾਲ਼ੀ

ਕੇ ਉਂਜ ਭਾਂਵੇਂ ਲੱਖਾਂ ਕਿਸਾਨਾਂ ਨੂੰ ਯੱਭ ਨੇ
ਪਰ ਦਿੱਤਾ ਬੜਾ ਹੌਸਲਾ ਸਾਨੂੰ ਰੱਬ ਨੇ

ਏ ਇੱਕੋ ਮੇਰੀ ਆਖਰੀ ਏ ਤਮੱਨਾ
ਮੈਂ ਅਗਲੇ ਜਨਮ ਵੀ ਕਿਸਾਨਾਂ ਦੇ ਜੰਮਾ

ਉੱਠੀਂ ਡਿੱਗਦੀ ਖੇਤੀ ਨੂੰ ਫੜ ਕੇ ਸਭਾਲੀਂ
ਕਿਸਾਨਾ ਨਹੀਂ ਤੇਰੀ ਜ਼ਿੰਦਗੀ ਸੁਖਾਲ਼ੀ ...
ਕੀ ਦੱਸਾਂ ਇਹ ਪਿਆਰ ਦੀ ਗੱਲ ਹੈ
ਤੇਰੀ ਸਮਝ ਤੋਂ ਬਾਹਰ ਦੀ ਗੱਲ ਹੈ
ਮੇਰੇ ਲਈ ਗੱਲ ਮਤਲਬ ਦੀ ਹੈ
ਤੇਰੇ ਲਈ ਬੇਕਾਰ ਦੀ ਗੱਲ ਹੈ

ਤੂੰ ਪਿਛਲੀ ਵਾਰੀਂ ਮਿਲਣ ਲਈ ਮੈਨੂ ਜਦੋਂ ਬੁਲਾਇਆ ਸੀ
ਮੇਰੇ ਖਾਲੀ ਹੱਥ ਤੂੰ ਵੇਖ ਕੇ ਵਾਹਵਾ ਨੱਕ ਚੜ੍ਹਾਇਆ ਸੀ
ਬਹੁਤੀ ਗੱਲ ਪੁਰਾਣੀ ਨਹੀਂ ਇਹ
ਇਹ ਪਿਛਲੇ ਬੁਧਵਾਰ ਦੀ ਗੱਲ ਹੈ
ਕੀ ਦੱਸਾਂ ਇਹ ਪਿਆਰ ਦੀ ਗੱਲ ਹੈ
ਤੇਰੀ ਸਮਝ ਤੋਂ ਬਾਹਰ ਦੀ ਗੱਲ ਹੈ

ਰੱਬ ਜੇ ਦੇਵੇ ਰੂਪ ਤੇ ਰੱਬ ਦਾ ਸ਼ੁਕਰ ਮਨਾਈਦਾ
ਦੋ ਦਿਨ ਦੀ ਹੈ ਖੇਡ ਮਾਣ ਨਹੀਂ ਕਰਨਾ ਚਾਹੀਦਾ
ਤੂੰ ਆਖੇਂ ਮੈਂ ਸਬ ਤੋਂ ਸੋਹਣਾ
ਪਰ ਇਹ ਤਾਂ ਹੰਕਾਰ ਦੀ ਗੱਲ ਹੈ
ਕੀ ਦੱਸਾਂ ਇਹ ਪਿਆਰ ਦੀ ਗੱਲ ਹੈ
ਤੇਰੀ ਸਮਝ ਤੋਂ ਬਾਹਰ ਦੀ ਗੱਲ ਹੈ

ਪਿਆਰ ਦੇ ਵਿੱਚ ਗੱਲ ਮੰਨਨੀ ਪੈਂਦੀ ਕਈ ਕਈ ਕਿਸਮਾਂ ਦੀ
ਸਾਡੇ ਲਈ ਗੱਲ ਰੂਹਾਂ ਦੀ ਤੇਰੇ ਲਈ ਜਿਸਮਾਂ ਦੀ
ਨਾ ਤੇਰੀ ਨਾ ਮੇਰੀ ਸੱਜਣਾਂ
ਇਹ ਸਾਰੇ ਸੰਸਾਰ ਦੀ ਗੱਲ ਹੈ
ਕੀ ਦੱਸਾਂ ਇਹ ਪਿਆਰ ਦੀ ਗੱਲ ਹੈ
ਤੇਰੀ ਸਮਝ ਤੋਂ ਬਾਹਰ ਦੀ ਗੱਲ ਹੈ ...
ਹਰਮੰਦਰ ਤੇ ਹਮਲਾ ਹੋ ਗਿਆ
ਲੱਗਦੈ ਹਾਕਮ ਕਮਲਾ ਹੋ ਗਿਆ

ਢਾਹ ਕੇ ਤਖਤ ਨੂੰ ਆਖੇ ਇੰਦਿਰਾ
ਮੇਰਾ ਪੂਰਾ ਬਦਲਾ ਹੋ ਗਿਆ

ਮੱਥਾ ਟੇਕਣ ਬਾਪ ਗਿਆ ਸੀ
ਲਾਲ ਖੂਨ ਨਾਲ ਸ਼ਮਲਾ ਹੋ ਗਿਆ

ਨਿਰਦੋਸ਼ਾਂ ਤੇ ਚੱਲੀ ਗੋਲੀ
ਐਨਾ ਈ ਵਾਧੂ ਅਸਲਾ ਹੋ ਗਿਆ ?

ਹਰਮੰਦਰ ਵਿੱਚ ਟੈਂਕ ਨਾ ਵਾੜੋ
ਫੌਜ ਦਾ ਖਾਰਿਜ ਤਰਲਾ ਹੋ ਗਿਆ

ਐਨੀਆਂ ਲਾਸ਼ਾਂ ਪਰਕਰਮਾ ਵਿੱਚ
ਵੇਖ ਕੇ ਪਰਗਟ ਪੁਤਲਾ ਹੋ ਗਿਆ ..
ਮਾਰ ਕੇ ਜੱਫਾ ਬਹਿ ਗਈ ਸੀ ਲਾ ਜ਼ਿੰਦਗੀ ਨੂ ਦਾਅ
ਕੱਲ ਰਾਤੀਂ ਮੈਨੂ ਸੁਪਨੇ ਦੇ ਵਿੱਚ ਮੌਤ ਗਈ ਸੀ ਆ

ਮੈਂ ਕਿਆ ਕੱਮ ਬਥੇਰੇ ਰਹਿੰਦੇ ਦੋ ਦਿਨ ਦੇ ਦੇ ਹੋਰ
ਕਹਿੰਦੀ ਹੁਣ ਨਹੀਂ ਗੱਲ ਸੁਣਨੀ, ਲਾ ਲੈ ਕਿੰਨਾ ਜ਼ੋਰ

ਮੈਂ ਕਿਹਾ ਅਮੜੀ ਮੇਰੀ ਦਾ ਜ਼ਰਾ ਬੁੱਢਾ ਝਾਟਾ ਵੇਖ
ਕਹਿੰਦੀ ਮਿਲਦਾ ਓਹੀ ਏ ਜਿਹੋ ਜਏ ਹੁੰਦੇ ਲੇਖ

ਕਾਲ ਕਹੇ ਚੱਲ ਟੈਮ ਹੋ ਗਿਆ ਫੜਕੇ ਮੇਰੀ ਬਾਂਹ
ਛੱਡ ਆਇਆ ਮੈਂ ਘੂਕ ਨੀਂਦ ਵਿੱਚ ਸੁੱਤੀ ਪਈ ਸੀ ਮਾਂ
ਪਾਕਿਸਤਾਨ ਜੇ ਅੱਡ ਨਾ ਹੁੰਦਾ
ਮੁਸਲਿਮ ਸਿੱਖ ਕੱਟ ਵੱਡ ਨਾ ਹੁੰਦਾ

ਡੰਗਰ ਵੱਛਾ ਗਹਿਣਾ ਗੱਟਾ
ਸਬ ਕੁਛ ਪਿੱਛੇ ਛੱਡ ਨਾ ਹੁੰਦਾ
ਪਾਕਿਸਤਾਨ ਜੇ ਅੱਡ ਨਾ ਹੁੰਦਾ


ਸਾਡੇ ਘਰ ਚੋਂ ਸਾਨੂ ਹੀ
ਮਾਰ ਕੇ ਧੱਕੇ ਕੱਡ ਨਾ ਹੁੰਦਾ
ਪਾਕਿਸਤਾਨ ਜੇ ਅੱਡ ਨਾ ਹੁੰਦਾ .
ਕਹਿੰਦੇ ਨੇ ਮਰੀਕਾ ਤੋਂ ਓਬਾਮਾ ਆਇਆ ਏ
ਮੈਂ ਕੀ ਲੈਣਾ ਕਿਹੜਾ ਸਾਡਾ ਮਾਮਾ ਆਇਆ ਏ

ਕਹਿੰਦੇ ਨੇ "ਵਿਸ਼ੇਸ਼" ਗੱਲ ਬਾਤ ਹੋਣੀ ਏ
ਮੋਦੀ ਨਾਲ ਓਹਦੀ ਮੁਲਾਕਾਤ ਹੋਣੀ ਏ

ਖੌਰੇ ਕਿਹੜਾ ਕਰਨ ਡਰਾਮਾ ਆਇਆ ਏ
ਕਹਿੰਦੇ ਨੇ ਮਰੀਕਾ ਤੋਂ ਓਬਾਮਾ ਆਇਆ ਏ


ਹੋਗੀ ਸਖਤਾਈ ਕਹਿੰਦੇ ਰਾਤੋ ਰਾਤ ਜੀ
ਚੌਂਕਾਂ ਵਿੱਚ ਹੋਗੀ ਪੁਲਸ ਤੈਨਾਤ ਜੀ

ਦੱਸਦਾ ਸੀ ਸ਼ਹਿਰੋਂ ਕੱਲ ਗਾਮਾ ਆਇਆ ਏ
ਕਹਿੰਦੇ ਨੇ ਮਰੀਕਾ ਤੋਂ ਓਬਾਮਾ ਆਇਆ ਏ
ਮੈਨੂ ਸ਼ਕਲ ਦਿਖੌਂਦੀ ਨਹੀ
ਕਹਿਨੀ ਏ ਪਰ ਔਂਦੀ ਨਹੀਂ

ਮੈਨੂ ਕਹੇਂ ਮੈਂ ਤੰਗ ਕਰਦਾਂ
ਤੂੰ ਵੀ ਘੱਟ ਸਤੌਂਦੀ ਨਹੀਂ

ਇੱਕ ਗੱਲ ਸੱਚੋ ਸੱਚ ਦੱਸ ਦੇ
ਕੀ ਤੂ ਮਿਲਣਾ ਚਹੁੰਦੀ ਨਹੀ ?

ਜਾਗ ਤਾਂ ਫਿਰ ਵੀ ਜਾਗਣਾ ਐ
ਨੀੰਦਰ ਵੀ ਤਾਂ ਸੌਂਦੀ ਨਹੀਂ

ਪੱਤ ਤੇ ਮੱਤ ਜੇ ਖੁੱਸ ਜਾਵੇ
ਮੁੜ ਕੇ ਫੇਰ ਥਿਓਂਦੀ ਨਹੀਂ .
ਜਿਹੜਾ ਬੰਦਾ ਕੱਲਾ ਹੁੰਦੈ
ਉਸ ਬੰਦੇ ਨਾਲ ਅੱਲਾ ਹੁੰਦੈ

ਰੱਬ ਬੰਦੇ ਦੇ ਨਾਲ ਈ ਹੁੰਦੈ
ਜਿਓਂ ਚੁੰਨੀ ਨਾਲ ਪੱਲਾ ਹੁੰਦੈ

ਸਾਥ ਦੋਵਾਂ ਦਾ ਬਿਲਕੁਲ ਪੱਕਾ
ਜਿਓਂ ਹੱਟੀ ਨਾਲ ਗੱਲਾ ਹੁੰਦੈ

ਰੱਬ ਨਾਲ ਬੰਦਾ ਐਵੇਂ ਜਚਦੈ
ਜਿਓਂ ਚੀਚੀ ਨਾਲ ਛੱਲਾ ਹੁੰਦੈ

ਰੱਬ ਨੂ ਪੈਸੇ ਪਿੱਛੇ ਛੱਡੇ
ਓ ਬੰਦਾ ਨਹੀਂ, ਦੱਲਾ ਹੁੰਦੈ

ਬਿਨ ਪੈਂਦੇ ਦਾ ਬੰਦਾ ਜਿਹੜਾ
ਓਹਦਾ ਨਾ ਕੋਈ ਥੱਲਾ ਹੁੰਦੈ

ਧਮਕੀ ਓ ਦਿੰਦੈ ਘਰ ਛੱਡਣ ਦੀ
ਓਹ ਕਿਹੜਾ ਕਿਤੇ ਚੱਲਾ ਹੁੰਦੈ

ਪੈਂਤੀ ਅੱਖਰੀ ਦੇ ਆਖਿਰ ਵਿਚ
ਯਯਾ ਰਾਰਾ ਲੱਲਾ ਹੁੰਦੈ

ਦਿਲ ਨੂ ਦੇਖੇ ਸ਼ਕਲ ਨਾ ਦੇਖੇ
ਸੱਜਣ ਓਹੀ ਸਵੱਲਾ ਹੁੰਦੈ

ਬੇਮਤਲਬ ਦੀ ਗੱਲ ਲਿਖਦੈ ਜੋ
ਜੈਲਦਾਰ ਜਿਹਾ ਝੱਲਾ ਹੁੰਦੈ .
ਮੈਂ ਲਿਆ ਲੋਨ ਤੇ ਐਸ਼ਰ ਸੀ
ਫਿਰ ਪਾਇਆ ਬੈਂਕ ਪਰੈਸ਼ਰ ਸੀ
ਮੈਨੂ ਵੇਚਣਾ ਪਿਆ ਥਰੈਸ਼ਰ ਸੀ ਓਹਦੀ ਕਿਸ਼ਤਾਂ ਤਾਰਨ ਨੂੰ
ਉਮਰ ਗੁਜ਼ਰ ਜਾਊ ਲੱਗਦੈ ਸਿਰ ਤੋਂ ਕਰਜ਼ ਉਤਾਰਨ ਨੂੰ

ਪਹਿਲਾਂ ਗਹਿਣੇ ਰੱਖੇ ਗਹਿਣੇ ਸੀ
ਓਹ ਵੀ ਤਾਂ ਰੱਖਣੇ ਈ ਪੈਣੇ ਸੀ
ਕੁਜ ਖਾਦ ਦੇ ਕੱਟੇ ਲੈਣੇ ਸੀ ਮੈਂ ਖੇਤ ਖਿਲਾਰਨ ਣੂੰ
ਉਮਰ ਗੁਜ਼ਰ ਜਾਊ ਲੱਗਦੈ ਸਿਰ ਤੋਂ ਕਰਜ਼ ਉਤਾਰਨ ਨੂੰ

ਹੋਇਆ ਸਿਰ ਤੇ ਕਰਜ਼ਾ ਬਾਹਲਾ
ਅੱਖਾਂ ਕੱਡਦਾ ਰਹਿੰਦਾ ਲਾਲਾ
ਬੈਂਕ ਮਨੇਜਰ ਰਹਿੰਦੈ ਕਾਹਲ਼ਾ ਮੈਨੂ ਧੱਕੇ ਮਾਰਨ ਨੂੰ
ਉਮਰ ਗੁਜ਼ਰ ਜਾਊ ਲੱਗਦੈ ਸਿਰ ਤੋਂ ਕਰਜ਼ ਉਤਾਰਨ ਨੂੰ

ਹੋਗੇ ਹੋਰ ਹਾਲਾਤ ਭਿਆਨਕ
ਸੋਕਾ ਪੈ ਗਿਆ ਫੇਰ ਅਚਾਨਕ
ਕਿਦਰੋਂ ਆਜੇ ਬਾਬਾ ਨਾਨਕ ਮੇਰੀ ਮੱਜੀਆਂ ਚਾਰਨ ਨੂੰ
ਉਮਰ ਗੁਜ਼ਰ ਜਾਊ ਲੱਗਦੈ ਸਿਰ ਤੋਂ ਕਰਜ਼ ਉਤਾਰਨ ਨੂੰ

ਹੋ ਗਿਆ ਰੋਟੀ ਟੁੱਕਰ ਔਖਾ
ਦੇ ਗਈ ਹਾੜ੍ਹੀ ਵੀ ਫਿਰ ਧੋਖਾ
ਰੋਂਦਾ ਪੱਠਿਆਂ ਬਾਜੋਂ ਟੋਕਾ ਕੋਈ ਲੱਬੋ ਕਾਰਨ ਨੂੰ
ਉਮਰ ਗੁਜ਼ਰ ਜਾਊ ਲੱਗਦੈ ਸਿਰ ਤੋਂ ਕਰਜ਼ ਉਤਾਰਨ ਨੂੰ

ਰਹਿਗੇ ਹੱਥ ਵਿੱਚ ਕੱਮ ਨਾ ਧੰਦੇ
ਅੱਕ ਕੇ ਦੁੱਖ ਤੋਂ ਲੌਂਦੇ ਫੰਦੇ
ਦੱਸ ਉਂਜ ਜੈਲਦਾਰ ਕਿਸ ਬੰਦੇ ਦਾ ਦਿਲ ਕਰਦੈ ਹਾਰਨ ਨੂੰ
ਉਮਰ ਗੁਜ਼ਰ ਜਾਊ ਲੱਗਦੈ ਸਿਰ ਤੋਂ ਕਰਜ਼ ਉਤਾਰਨ ਨੂੰ .
ਗੱਡੀਆਂ ਚ ਬੈਠ ਕਦੇ ਸਾਈਕਲਾਂ ਤੇ ਜਾਂਦੇਆਂ ਦਾ ਸੱਜਣਾਂ ਮਜ਼ਾਕ ਨਹੀ ਉੜਾਈਦਾ
ਦੇਣ ਵਾਲਾ ਇੱਕੋ ਪਲ ਵਿੱਚ ਖੋਹ ਵੀ ਸਕਦਾ ਏ ਮਾੜੇ ਟੈਮ ਨੂੰ ਨਹੀਂ ਭੁੱਲ ਜਾਈਦਾ
ਮਨ ਰੱਖੋ ਨੀਵਾਂ ਅਤੇ ਮੱਤ ਰੱਖੋ ਉੱਚੀ ਸਾਨੂ ਏਹੋ ਗੁਰਬਾਣੀ ਵੀ ਸਿਖੌਂਦੀ ਰਹਿੰਦੀ ਏ
ਬਣੋ ਇਨਸਾਨ ਤੇ ਨਾ ਭੁੱਲੋ ਅਹਿਸਾਨ, ਇਸ ਸ਼ੋਹਰਤ ਦਾ ਕੀ ਐ ਜਾਂਦੀ ਔਂਦੀ ਰਹਿੰਦੀ ਏ

ਘੱਟ ਵੱਧ ਪੈਸੇ ਨਾਲ ਦੋਸਤੋ, ਹੁੰਦਾ ਕੋਈ ਗਰੀਬ ਤੇ ਅਮੀਰ ਨਹੀਂ
ਸਬ ਕੁਛ ਐਥੇ ਈ ਛੱਡ ਜਾਵਣਾ, ਪੈਸਾ ਕੱਮ ਆਵਣਾ ਅਖੀਰ ਨਹੀਂ
ਪੈਸੇ ਪਿੱਛੇ ਕਦੇ ਵੀ ਨਾ ਵੇਚੇਓ ਜ਼ਮੀਰ, ਏਹੋ ਮਾਇਆ ਪੁੱਠੇ ਕੱਮ ਕਰਵੌਂਦੀ ਰਹਿੰਦੀ ਏ
ਬਣੋ ਇਨਸਾਨ ਤੇ ਨਾ ਭੁੱਲੋ ਅਹਿਸਾਨ, ਇਸ ਸ਼ੋਹਰਤ ਦਾ ਕੀ ਐ ਜਾਂਦੀ ਔਂਦੀ ਰਹਿੰਦੀ ਏ

ਪੈਸੇ ਜੋੜਨਾ ਕੋਈ ਮਾੜੀ ਗੱਲ ਨਹੀਂ, ਪਰ ਦਸਵੰਧ ਭੁੱਲ ਜਾਯੋ ਨਾਂ
ਮੈਂ ਨਹੀਂ ਕਹਿੰਦਾ ਲਂਡਨ ਨਾ ਵੇਖੇਓ, ਪਰ ਸਰਹੰਦ ਭੁੱਲ ਜਾਯੋ ਨਾ
ਕਿਵੇਂ ਬਾਬੇ ਨਾਨਕ ਨੇ ਤਾਰੇਆ ਸੀ ਜਗ ਮੇਰੀ ਦਾਦੀ ਮੈਨੂ ਸਾਖੀਆਂ ਸੁਣੌਂਦੀ ਰਹਿੰਦੀ ਐ
ਬਣੋ ਇਨਸਾਨ ਤੇ ਨਾ ਭੁੱਲੋ ਅਹਿਸਾਨ, ਇਸ ਸ਼ੋਹਰਤ ਦਾ ਕੀ ਐ ਜਾਂਦੀ ਔਂਦੀ ਰਹਿੰਦੀ ਏ

ਮਾੜਾ ਟੈਮ ਆ ਜਵੇ ਜੇ ਸੱਜਣਾ, ਰੱਬ ਨੂ ਕਦੇ ਨਾ ਗਾਲਾਂ ਕੱਡੀਏ
ਜਿਸਦੇ ਸਹਾਰੇ ਸਬ ਚੱਲਦਾ, ਓਹਦਾ ਆਸਰਾ ਨਾ ਕਦੇ ਛੱਡੀਏ
ਜੈਲਦਾਰਾ ਦੇਖੀਂ ਕਿਤੇ ਹੌਸਲਾ ਨਾ ਛੱਡੀਂ, ਏਹੋ ਜ਼ਿੰਦਗੀ ਹੈ ਇਹ ਤਾਂ ਅਜ਼ਮੌਂਦੀ ਰਹਿੰਦੀ ਐ
ਬਣੋ ਇਨਸਾਨ ਤੇ ਨਾ ਭੁੱਲੋ ਅਹਿਸਾਨ, ਇਸ ਸ਼ੋਹਰਤ ਦਾ ਕੀ ਐ ਜਾਂਦੀ ਔਂਦੀ ਰਹਿੰਦੀ ਏ
ਲੱਖਾਂ ਤੇ ਕਰੋੜਾਂ ਦਾ ਹੀ ਦਾਨ ਬਾਬਿਆ
ਚੰਗੀ ਤੇਰੀ ਚੱਲਗੀ ਦੁਕਾਨ ਬਾਬਿਆ

ਕੱਪੜੇ ਹਜ਼ਾਰਾਂ ਵਾਲੇ, ਲੱਛਣ ਨਚਾਰਾਂ ਵਾਲੇ
ਅਕਲਾਂ ਨੂੰ ਮਾਰ ਲੈ ਧਿਆਨ ਬਾਬਿਆ

ਪਾਗਲ ਬਣਾਈ ਜਾਵੇਂ, ਲੋਕ ਪਿੱਛੇ ਲਈ ਜਾਵੇਂ
ਧੱਕੇ ਨਾਲ ਬਣੇ ਭਗਵਾਨ ਬਾਬਿਆ

ਛੱਡ ਪਾਪ ਖੱਟਣਾ, ਪੈਸੇ ਨੂੰ ਕੀ ਚੱਟਣਾ
ਆਖਰਾਂ ਨੂ ਜਾਣਾ ਸ਼ਮਸ਼ਾਨ ਬਾਬਿਆ

ਅਜੇ ਵੀ ਟੈਮ, ਦਿਲੋਂ ਕੱਡ ਵਹਿਮ, ਤੇ ਬਣ ਜਾ ਬੰਦਾ

ਸੁਣ ਪਾਪ ਕਮੌਂਦਿਆ ਓਏ ,
ਪਾਪ ਦੀ ਹੱਟੀ, ਨਾ ਕੋਈ ਖੱਟੀ, ਝੂਠ ਦਾ ਧੰਦਾ
ਸਿਰ ਕਾਲ ਹੈ ਕੂਕ ਰਿਹਾ ,
ਅਜੇ ਵੀ ਟੈਮ, ਦਿਲੋਂ ਕੱਡ ਵਹਿਮ, ਤੇ ਬਣ ਜਾ ਬੰਦਾ


ਤੇਰੇ ਮਾੜੇ ਕਰਮਾਂ ਦਾ ਭੁਗਤਣਾ ਫਲ ਫਿਰ ਤੇਰੇ ਬੱਚਿਆ
ਸੱਜਣਾ ਧਰਮਰਾਜ ਅੱਗੇ, ਫਿਰ ਤੂੰ ਹੋ ਨਹੀ ਸਕਣਾ ਸੱਚਿਆਂ
ਕੋਈ ਚਾਰਾ ਚੱਲਣਾ ਨਹੀਂ, ਮੌਤ ਜਾ ਪਾ ਲਿਆ ਗਲ ਵਿੱਚ ਫੰਦਾ
ਸਿਰ ਕਾਲ ਹੈ ਕੂਕ ਰਿਹਾ ,
ਅਜੇ ਵੀ ਟੈਮ, ਦਿਲੋਂ ਕੱਡ ਵਹਿਮ, ਤੇ ਬਣ ਜਾ ਬੰਦਾ

ਕਿਓਂ ਨਸ਼ੇ ਵੇਚਦੈਂ ਓਏ, ਸੱਜਣਾ ਕੁਜ ਪੈਸੇ ਦਾ ਠੱਗਿਆ
ਪਤਾ ਓਦੋਂ ਲੱਗੁਗਾ,ਤੇਰਾ ਪੁੱਤ ਆਪ ਨਸ਼ੇ ਤੇ ਲੱਗਿਆ
ਢਿੱਡ ਵੱਡ ਕੇ ਗਰੀਬਾਂ ਦਾ, ਦੇਵੇਂ ਤੂੰ ਪਿੰਗਲਵਾੜੇ ਵਿਚ ਚੰਦਾ
ਸਿਰ ਕਾਲ ਹੈ ਕੂਕ ਰਿਹਾ ,
ਅਜੇ ਵੀ ਟੈਮ, ਦਿਲੋਂ ਕੱਡ ਵਹਿਮ, ਤੇ ਬਣ ਜਾ ਬੰਦਾ

ਧਨ ਵੇਖ ਪਰਾਏ ਦਾ, ਦੱਸ ਖਾਂ ਜੈਲਦਾਰ ਕਿਓਂ ਸੜਦਾ
ਤੈਨੂ ਜੋ ਕੁਜ ਮਿਲਿਆ ਏ, ਇਹ ਵੀ ਨਾ ਮਿਲਦਾ, ਫੇਰ ਕੀ ਕਰਦਾ
ਸਿੱਖ ਰਜ਼ਾ ਚ ਰਹਿਣਾ ਤੂੰ, ਸਦਾ ਕਰ ਸ਼ੁਕਰ, ਬੋਲ ਨਾ ਮੰਦਾ
ਸਿਰ ਕਾਲ ਹੈ ਕੂਕ ਰਿਹਾ ,
ਅਜੇ ਵੀ ਟੈਮ, ਦਿਲੋਂ ਕੱਡ ਵਹਿਮ, ਤੇ ਬਣ ਜਾ ਬੰਦਾ

ਪਰਦੇ ਢੱਕ ਸਕਦੇ ਨਹੀਂ, ਤੇਰੇ ਮਹਿੰਦੇ ਕਪੜੇ ਲੀੜੇ
ਪੈ ਨੀਤ ਨੋ ਕੋਹੜ ਗਿਆ, ਅਕਲ ਨੂ ਖਾਗੇ ਲੋਭ ਦੇ ਕੀੜੇ
ਕਿਸੇ ਕੱਮ ਦੇ ਨਹੀ ਸੱਜਣਾ, ਇਹ ਵਸਤਰ ਸਾਫ ਅਤੇ ਦਿਲ ਗੰਦਾ
ਸਿਰ ਕਾਲ ਹੈ ਕੂਕ ਰਿਹਾ ,
ਅਜੇ ਵੀ ਟੈਮ, ਦਿਲੋਂ ਕੱਡ ਵਹਿਮ, ਤੇ ਬਣ ਜਾ ਬੰਦਾ