Wednesday, June 6, 2012

ਸੱਜ ਸੱਜ ਪੌਣ ਚੱਲੀ, ਤਿਤਲੀ ਵਿਔਹੁਣ ਚੱਲੀ, ਭੌਰੇ ਨਾਲ ਚੱਲੇ ਨੇ ਬਰਾਤ ਦੇ ਫੁੱਲ ਬਣਿਆ ਏ ਲਾੜਾ, ਕੰਡਿਆਂ ਨੂ ਹੋਵੇ ਸਾੜਾ, ਤਾਰੇ ਥੱਕੇ ਨਚ ਨਚ ਰਾਤ ਦੇ

ਸੱਜ ਸੱਜ ਪੌਣ ਚੱਲੀ, ਤਿਤਲੀ ਵਿਔਹੁਣ ਚੱਲੀ, ਭੌਰੇ ਨਾਲ ਚੱਲੇ ਨੇ ਬਰਾਤ ਦੇ
ਫੁੱਲ ਬਣਿਆ ਏ ਲਾੜਾ, ਕੰਡਿਆਂ ਨੂ ਹੋਵੇ ਸਾੜਾ, ਤਾਰੇ ਥੱਕੇ ਨਚ ਨਚ ਰਾਤ ਦੇ

ਸੱਜਰੀ ਸਵੇਰ ਸਿਰ ਸਿਹਰਾ ਏ ਸਜਾਇਆ ਹਾਰ ਮੋਤੀਆਂ ਦਾ ਪਾਇਆ ਏ ਤਰੇਲ ਜੀ
ਫੁੱਲੇ ਨੀ ਸਮੌਂਦੇ ਪੱਤੇ ਘੋੜੀਆਂ ਨੇ ਗੌਂਦੇ ਨਾਲੇ ਨੱਚ ਨੱਚ ਕਰਦੇ ਨੇ ਵੇਲ ਜੀ
ਸ਼ਗਨਾਂ ਦੀ ਥਾਲੀ ਨਾਲ ਕਲੀਆਂ ਸਜਾਲੀ ਕੰਢੇ ਗੋਟੇ ਨਾ ਸਜਾਏ ਨੇ ਪਰਾਤ ਦੇ
ਫੁੱਲ ਬਣਿਆ ਏ ਲਾੜਾ, ਕੰਡਿਆਂ ਨੂ ਹੋਵੇ ਸਾੜਾ, ਤਾਰੇ ਥੱਕੇ ਨਚ ਨਚ ਰਾਤ ਦੇ
ਸੱਜ ਸੱਜ ਪੌਣ ਚੱਲੀ...............

ਸੰਦਲੀ ਹਵਾਵਾਂ ਨੇ ਤਾਂ ਲਾਵਾਂ ਵੀ ਦੁਆਈਆਂ ਪੱਤੇ ਪਿੱਪ੍ਲਾਂ ਦੇ ਕਰਦੇ ਨੇ ਜਾਪ ਜੀ
ਬੈਠਾ ਪਰਵਾਰ ਵਿਚ ਮੱਥਾ ਮੱਥਾ ਰੋਈ ਜਾਂਦਾ ਵੇਖਿਆ ਮੈਂ ਤਿਤਲੀ ਦਾ ਬਾਪ ਜੀ
ਲਾੜੀ ਉੱਤੋਂ ਵਾਰ ਪਿਆ ਵੰਡਦਾ ਬਹਾਰ, ਵਿਚ ਬਾਗ ਨੂ ਜੋ ਮਿਲੀ ਏ ਖੈਰਾਤ ਦੇ
ਫੁੱਲ ਬਣਿਆ ਏ ਲਾੜਾ, ਕੰਡਿਆਂ ਨੂ ਹੋਵੇ ਸਾੜਾ, ਤਾਰੇ ਥੱਕੇ ਨਚ ਨਚ ਰਾਤ ਦੇ
ਸੱਜ ਸੱਜ ਪੌਣ ਚੱਲੀ...............

ਨਿੱਮ  ਦੀਆਂ ਪੱਤੀਆਂ ਤੇ ਨਿੱਮਾ ਨਿੱਮਾ ਮੀਹ ਜੋ ਪਿਆ ਕਣੀਆਂ  ਨੇ ਛੇੜ ਲਏ ਸਾਜ਼ ਜੀ
ਕੋਇਲ ਦੇ ਗੀਤ ਨੂ ਸੰਗੀਤ ਪਈ ਦਿੰਦੀ ਯਾਰੋ ਬੀਂਡੇਆਂ ਦੀ ਆਈ ਸੀ ਆਵਾਜ਼ ਵੀ
ਤਲੀ ਤੇ ਤਰੇਲ ਲੈਕੇ ਤੇਲ ਵਾਂਗ ਢਾਲਣੇ ਨੂ ਪੱਤੇ ਵੀ ਨੇ ਖੜੇ ਪਰਭਾਤ ਦੇ
ਫੁੱਲ ਬਣਿਆ ਏ ਲਾੜਾ, ਕੰਡਿਆਂ ਨੂ ਹੋਵੇ ਸਾੜਾ, ਤਾਰੇ ਥੱਕੇ ਨਚ ਨਚ ਰਾਤ ਦੇ
ਸੱਜ ਸੱਜ ਪੌਣ ਚੱਲੀ...............

ਉੱਡਗੇ ਖਿਆਲ ਖੰਬ  ਲਾਕੇ ਅਸਮਾਨੀਂ ਪੈਰ ਕਵਿਤਾ ਦਾ ਲੱਗੇ ਨਾ ਜ਼ਮੀਨ ਤੇ
ਜਾਂਦਾ ਜੈਲਦਾਰ ਵਾਰ ਵਾਰ ਬਲਿਹਾਰ ਫੁੱਲ ਤਿਤਲੀ ਦੇ ਜੋੜੇ ਜੀ ਹਸੀਨ ਤੇ
ਦੇਣ ਨੂ ਦੁਆਵਾਂ ਅਤੇ ਲੈਣ ਨੂ ਬਲਾਵਾਂ ਆਗੇ ਫੁੱਲ ਬੂਟੇ ਪੂਰੀ ਕਾਇਨਾਤ ਦੇ
ਫੁੱਲ ਬਣਿਆ ਏ ਲਾੜਾ, ਕੰਡਿਆਂ ਨੂ ਹੋਵੇ ਸਾੜਾ, ਤਾਰੇ ਥੱਕੇ ਨਚ ਨਚ ਰਾਤ ਦੇ
ਸੱਜ ਸੱਜ ਪੌਣ ਚੱਲੀ...............