Tuesday, May 29, 2012

ਮੇਰਾ ਤਾਂ ਯਾਰ ਰੱਬ ਵਰਗਾ, ਮੈਂ ਕੀ ਲੈਣਾ ਮਸੀਤਾਂ ਚੋਂ


ਮੇਰਾ ਤਾਂ ਯਾਰ ਰੱਬ ਵਰਗਾ, ਮੈਂ ਕੀ ਲੈਣਾ ਮਸੀਤਾਂ ਚੋਂ
ਕੇ ਤੱਕ ਮੇਰੀ ਨਜ਼ਰ ਨਾਲ ਤੂੰ, ਦਿੱਸੁਗਾ ਰੱਬ ਪਰੀਤਾਂ ਚੋਂ

ਕੇ ਮੈਂ ਆਸ਼ਿਕ ਹਾਂ ਜੇ ਮੈਂ ਪਾਗਲਾਂ ਜਹੀ ਗਲ ਕਰਦਾ ਹਾਂ
ਮੈਨੂ ਪਾਗਲ ਹੀ ਰਹਿਣ ਦਿਓ ਮੈਂ ਕੀ ਲੈਣ ਆ ਨਸੀਹਤਾਂ ਚੋਂ

ਕੇ ਮੈਂ ਆਸ਼ਿਕ ਹਾਂ ਦੌਲਤ ਇਸ਼੍ਕ ਦੀ ਮੈਂ ਸਾਂਭ ਰੱਖੀ ਏ
ਜਾ ਕਰਦੇ ਬੇਦਖਲ ਮੈਨੂ ਜ਼ਮਾਨੇ ਦੀ ਵਸੀਹਤਾਂ ਚੋਂ

ਕੇ ਆਸ਼ਿਕ ਨੂ ਸਿਵਾਏ ਦਰ੍ਦ ਦੇ ਕੁਜ ਹੋਰ ਮਿਲਿਆ ਨਹੀਂ
ਤੈਨੂ ਕੀ ਮਿਲ ਜਾਉ ਵੱਖਰਾ ਇਹਨਾਂ ਬੇਦਰ੍ਦ ਰੀਤਾਂ ਚੋਂ

ਓ ਤਾਂ ਮੁੱਦਤਾਂ ਤੋ ਤੇਰੀ ਰੂਹ ਦੇ ਸ਼ਹਿਰੀਂ ਵੱਸ ਰਿਹਾ ਹੋਣੈ
ਤੂੰ ਜੈਲੀ ਲਬਦਾ ਫਿਰਦਾ ਏ ਜਿਹ੍ਨੂ ਧਾਗੇ ਤਵੀਤਾਂ ਚੋਂ



Wednesday, May 16, 2012

ਇਹ ਇੱਕ ਕੈਸੇ ਰਿਸ਼ਤੇ ਦਾ ਆਗਾਜ਼ ਹੋ ਰਿਹਾ ਹੈ


ਇਹ ਇੱਕ ਕੈਸੇ ਰਿਸ਼ਤੇ ਦਾ ਆਗਾਜ਼ ਹੋ ਰਿਹਾ ਹੈ
ਕੋਈ ਹੌਲੀ ਹੌਲੀ ਮੇਰੇ ਤੋਂ ਨਾਰਾਜ਼ ਹੋ ਰਿਹਾ ਹੈ

ਉਂਜ ਕਹਿਣੇ ਨੂੰ ਤਾ ਦਿਲ ਮੇਰਾ ਵੀ ਵਾਹਵਾ ਖੁਸ਼ ਲਗਦੈ
ਪਰ ਅੰਦਰੋਂ ਅਂਦਰੀ ਜਾਣਦਾਂ ਮੈਂ ਨਾਸਾਜ਼ ਹੋ ਰਿਹਾ ਹੈ

ਉਂਜ ਤੂੰ ਤਾਂ ਮੇਰੀ ਸ਼ਕਸੀਅਤ ਨੂ ਕਰ ਮਸ਼ਹੂਰ ਰਿਹੈਂ
ਪਰ ਜੈਲੀ ਆਪਣੇ ਆਪ ਚ ਹੀ ਇੱਕ ਰਾਜ਼ ਹੋ ਰਿਹਾ ਹੈ




ਰੱਬਾ ਹਰ ਇੱਕ ਸ਼ਕਸ਼ ਦੀ ਜ਼ਿੰਦਗੀ ਚ, ਕੋਈ ਇੱਕ ਤਾਂ ਐਸਾ ਜ਼ਰੂਰ ਹੋਵੇ


ਰੱਬਾ ਹਰ ਇੱਕ ਸ਼ਕਸ਼ ਦੀ ਜ਼ਿੰਦਗੀ ਚ, ਕੋਈ ਇੱਕ ਤਾਂ ਐਸਾ ਜ਼ਰੂਰ ਹੋਵੇ
ਜਿਹਦਾ ਨਾਮ ਲਈਏ, ਰੂਹ ਖਿੜ ਜਾਵੇ ; ਜਿਹਦਾ ਨਾਮ ਲਈਏ ਤੇ ਸਰੂਰ ਹੋਵੇ

ਭਾਵੇਂ ਹੋਵੇ ਨਾ ਉੱਚਿਆਂ ਮਹਿਲਾਂ ਦਾ ਓਹ, ਭਾਵੇਂ ਉੱਕਾ ਵੀ ਨਾ ਮਸ਼ਹੂਰ ਹੋਵੇ
ਪਰ ਲੱਗੀਆਂ ਹੋਵੇ ਨਿਭੌਨ ਵਾਲਾ, ਜਿਹੜਾ ਚਾਹ ਕੇ ਵੀ ਨਾ ਦਿਲੋਂ ਦੂਰ ਹੋਵੇ

ਜਿਹ੍ਨੁ ਵੇਖ ਦੁੱਖ ਟੁੱਟ ਜੇ ਉਮਰਾਂ ਦਾ , ਜਿਹਦੀ ਛੋਹ ਨਾਲ ਖਤਮ ਨਾਸੂਰ ਹੋਵੇ
ਐਸਾ ਮਹਿਰਮ ਦਿਲਾਂ ਦਾ ਕਿਤੇ ਮਿਲ ਜਾਵੇ ਸਿਰ ਜੈਲੀ ਦੇ ਜਿਹਦਾ ਫਿਤੂਰ ਹੋਵੇ

Tuesday, May 15, 2012

ਕੱਲ੍ਹ ਸੁਪਨੇ ਚ ਆਈ ਇੱਕ ਸੋਹਣੀ ਪਰੀ ਸੀ


ਕੱਲ੍ਹ ਸੁਪਨੇ ਚ ਆਈ ਇੱਕ ਸੋਹਣੀ ਪਰੀ ਸੀ
ਓ ਜ਼ਿੰਦਗੀ ਹੀ ਸੀ ਜਾਂ ਫਿਰ ਜ਼ਿੰਦਗੀ ਜਹੀ ਸੀ

ਓ ਕੁਦਰਤ ਦੀ ਬੁੱਕਲ ਚ ਲਿਪਟੀ ਪਈ ਸੀ
ਨਿਹਾਇਤ ਹਸੀਂ ਪਰ ਓ ਪਰਦਨਸ਼ੀ ਸੀ

ਇਓਂ ਲੱਗਿਆ ਜਿਓਂ ਸਦੀਆਂ ਦੇ ਬੈਠੇ ਹਾਂ ਕੱਠੇ
ਉਂਜ ਆਈ ਮੇਰੇ ਕੋਲ ਘੜੀ ਦੋ ਘੜੀ ਸੀ

ਕੇ ਜਦ ਉਸਨੇ ਭਰ ਕੇ ਨਜ਼ਰ ਮੈਨੂ ਤੱਕਿਆ
ਘੜੀ ਕੁ ਤਾਂ ਕੁਦਰਤ ਵੀ ਸ਼ਰਮਾ ਗਈ ਸੀ

ਮੇਰੇ ਸੀਤੇ ਮੂਹ ਚੋਂ ਨਾ ਗੱਲ ਕੋਈ ਨਿਕਲੀ
ਮੇਰੀ ਚੁੱਪ ਨੂ ਵੀ ਓ ਪਰ ਸੁਣਦੀ ਪਈ ਸੀ

ਮੇਰੇ ਬਿਨ ਤੂੰ ਕਿੱਦਾਂ ਸੀ ਜ਼ਿੰਦਗੀ ਗੁਜ਼ਾਰੀ
ਬਸ ਏਹੋ ਸਵਾਲ ਹੀ ਓ ਪੁਛਦੀ ਰਹੀ ਸੀ

ਪਰ ਦੱਸਿਆ ਨਹੀ ਮੈਂ ਕਿੰਨਾ ਔਖਾ ਸੀ ਹੋਇਆ
ਤੇ ਕਿੰਨੀ ਕੁ ਪੀੜਾ ਤੇਰੇ ਲਈ ਸਹੀ ਸੀ

ਏ ਕਹਿਗੀ ਸੀ ਪਰਤਾਂਗੀ ਜਲਦੀ ਹੀ ਵਾਪਸ
ਪਤਾ ਨੀ ਇਹ ਕਹਿ ਕੇ ਓ ਕਿੱਦਰ ਗਈ ਸੀ

Sunday, May 13, 2012

ਤੂੰ ਦਿਲ ਨੂ ਕਰ੍ਲੈ ਵੱਡਾ ਘਰ ਤਾਂ ਨਿੱਕਾ ਵੀ ਚੱਲ ਜਾਏਗਾ


ਤੂੰ ਦਿਲ ਨੂ ਕਰ੍ਲੈ ਵੱਡਾ ਘਰ ਤਾਂ ਨਿੱਕਾ ਵੀ ਚੱਲ ਜਾਏਗਾ
ਸੱਚੇ ਸੌਦੇ ਨੂੰ ਤਾਂ ਖੋਟਾ ਸਿੱਕਾ ਵੀ ਚੱਲ ਜਾਏਗਾ

ਰੱਬ ਨੂ ਖੁਸ਼ ਰੱਖਣ ਲਈ ਤੈਨੂੰ ਭੇਸ ਬਨੌਨ ਦੀ ਲੋੜ ਨਹੀਂ
ਉਂਜ ਪੰਡਤ ਨੂ ਖੁਸ਼ ਕਰਨੇ ਨੂੰ ਤਾਂ ਟਿੱਕਾ ਵੀ ਚੱਲ ਜਾਏਗਾ

ਚੰਗੇ ਕੱਮ ਲਈ ਬਹੁਤੀਆਂ ਅਕਲਾਂ ਦੀ ਵੀ ਹੁੰਦੀ ਲੋੜ ਨਹੀਂ
ਤੂੰ ਨੀਤਾਂ ਨਾਲ ਪਲਾ ਦੇ ਮਿੱਠਾ ਫਿੱਕਾ ਵੀ ਚੱਲ ਜਾਏਗਾ

Thursday, May 10, 2012

ਤੈਨੂ ਭੇਜਿਆ ਮੈਂ ਪੁੱਤਰਾ ਵਦੇਸਾਂ ਨੂ, ਕੇ ਕੱਟ ਕੇ ਕਲੇਸਾਂ ਨੂ, ਪਿਓ ਦਿੰਦਾ ਏ ਤਸੱਲੀਆਂ


ਤੈਨੂ ਭੇਜਿਆ ਮੈਂ ਪੁੱਤਰਾ ਵਦੇਸਾਂ ਨੂ, ਕੇ ਕੱਟ ਕੇ ਕਲੇਸਾਂ ਨੂ, ਪਿਓ ਦਿੰਦਾ ਏ ਤਸੱਲੀਆਂ
ਹੋਇਆ ਫੇਰ ਕੀ ਜੇ ਘਰ ਮੁੱਕੇ ਆਟੇ ਨੇ, ਕੀ ਹੋਇਆ ਲੀੜੇ ਪਾਟੇ ਨੇ, ਗਰੀਬੀ ਖੂੰਜਾਂ ਮੱਲੀਆਂ

ਜੈਲਦਾਰਾ ਤੇਰੇ ਬਾਪ ਦੀ ਏਹ ਪਗੜੀ
ਹੁਣ ਪਹਿਲਾਂ ਜਿੰਨੀ ਰਹੀ ਨਾਂ ਏਹ ਤਗੜੀ
ਰੱਖੇ ਖੇਤ ਜਦੋਂ ਗਹਿਣੇ ਤੇਰੇ ਵੀਜ਼ੇ ਲਈ
ਓਸ ਵੇਲੇ ਮੇਰੇ ਨਾਲ ਬੜਾ ਝਗੜੀ
ਪੈਗੀ ਗਹਿਣੇ ਤੇਰੇ ਖੇਤ ਵਾਲੀ ਪਹੀ ਅਤੇ , ਮੋਡੇ ਦੇ ਵਾਲੀ ਕਹੀ ਤੇ ਬਲਦ ਦੀਆਂ ਟੱਲੀਆਂ
ਹੋਇਆ ਫੇਰ ਕੀ ਜੇ ਘਰ ਮੁੱਕੇ ਆਟੇ ਨੇ, ਕੀ ਹੋਇਆ ਲੀੜੇ ਪਾਟੇ ਨੇ, ਗਰੀਬੀ ਖੂੰਜਾਂ ਮੱਲੀਆਂ
ਤੈਨੂ ਭੇਜਿਆ ਮੈਂ .................

ਕਦੇ ਕਦੇ ਫੋਨ ਪਿੰਡ ਨੂ ਤੂੰ ਲਾ ਲਵੀਂ
ਸੁੱਖ ਸਾਂਦ ਵਾਲੀ ਖਬਰ ਸੁਣਾ ਲਵੀਂ
ਰਹਿੰਦੀ ਕਰਦੀ ਫਿਕਰ ਤੇਰੀ ਅਮੜੀ
ਰੋਟੀ ਟੈਮ ਨਾਲ ਪੁੱਤਰਾ ਵੇ ਖਾ ਲਵੀਂ
ਤੇਰੀ ਸੁੱਖ ਮੰਗਦੀ ਏ ਬੁੱਢੀ ਚਮੜੀ ਤੇ ਨਾਲੇ ਤੇਰੀ ਅਮੜੀ ਤੇ ਭੈਣਾਂ ਦੋਵੇਂ ਝੱਲੀਆਂ
ਹੋਇਆ ਫੇਰ ਕੀ ਜੇ ਘਰ ਮੁੱਕੇ ਆਟੇ ਨੇ, ਕੀ ਹੋਇਆ ਲੀੜੇ ਪਾਟੇ ਨੇ, ਗਰੀਬੀ ਖੂੰਜਾਂ ਮੱਲੀਆਂ
ਤੈਨੂ ਭੇਜਿਆ ਮੈਂ


ਹੰਜੂ ਸੁੱਕਦੇ ਨਾ ਵੇਖੇ ਤੇਰੀ ਹੀਰ ਦੇ
ਕਿਹ੍ੜਾ ਫ਼ਰਜ਼ ਨਿਭਾਊ ਐਥੇ ਵੀਰ ਦੇ
ਤੇਰੇ ਪਿੱਛੋਂ ਨੇ ਸ਼ਰੀਕ ਅੱਖਾਂ ਕੱਡ ਦੇ
ਸਦਾ ਸੁਨੀਦੇ ਨੇ ਤਾਹ੍ਣੇ ਵੀ ਮੰਢੀਰ ਦੇ
ਏਸ ਚੰਦਰੇ ਜ਼ਮਾਨੇ ਵਾਲੇ ਡਰ ਤੋਂ, ਨਾ ਨਿਕਲਨ ਘਰ ਤੋਂ ਵੇ ਧੀਆਂ ਐਥੇ ਕੱਲੀਆਂ
ਹੋਇਆ ਫੇਰ ਕੀ ਜੇ ਘਰ ਮੁੱਕੇ ਆਟੇ ਨੇ, ਕੀ ਹੋਇਆ ਲੀੜੇ ਪਾਟੇ ਨੇ, ਗਰੀਬੀ ਖੂੰਜਾਂ ਮੱਲੀਆਂ
ਤੈਨੂ ਭੇਜਿਆ ਮੈਂ ....................

ਖੇਤੀ ਕਰਨਾ ਤਾਂ ਕੱਲਿਆਂ ਦਾ ਕੱਮ ਨੀ
ਹੁਣ ਪਹਿਲਾਂ ਵਾਂਗ ਡਾਹਡਾ ਰਿਹਾ ਚੱਮ ਨੀ
ਰਹੀ ਉਮਰ ਮੇਰੀ ਨਾ ਕਹੀ ਵਾਹੁਣ ਦੀ
ਬੁੱਢੀ ਦੇਹੀ ਵਿਚ ਐਨਾ ਵੀ ਤਾਂ ਦੱਮ ਨੀ
ਕੋਈ ਕਰਦਾ ਨਾ ਰਾਖੀ ਤੇਰੇ ਬਾਦ ਵੇ ਨਾ ਬੀਜਦੇ ਕਮਾਦ ਵੇ ਤੇ ਨਾਹੀ ਲੌਂਦੇ ਛੱਲੀਆਂ
ਹੋਇਆ ਫੇਰ ਕੀ ਜੇ ਘਰ ਮੁੱਕੇ ਆਟੇ ਨੇ, ਕੀ ਹੋਇਆ ਲੀੜੇ ਪਾਟੇ ਨੇ, ਗਰੀਬੀ ਖੂੰਜਾਂ ਮੱਲੀਆਂ
ਤੈਨੂ ਭੇਜਿਆ ਮੈਂ ...............

ਜੈਲਦਾਰਾ ਭੁੱਲੀਏ ਨਾ ਕਦੇ ਮਾਪੇ ਓਏ
ਭਾਵੇਂ ਲੱਖਾਂ ਪੈਣ ਜਾਣ ਨੂ ਸਿਆਪੇ ਓਏ
ਛੱਡ ਰੱਬ ਨੂ ਤੂੰ ਅੱਮੀ ਨੂ ਮਨਾ ਲਵੀਂ
ਅੱਗੇ ਰੱਬ ਨੂ ਮਨਾ ਲੂ ਅੱਮੀ ਆਪੇ ਓਏ
ਤੇਰੀ ਅੱਮੀ ਅਤੇ ਅੱਬੇ ਦੀਆਂ ਅੱਖਾਂ ਸੀ  ,ਕੇ ਪਿੱਛੇ ਤੇਰੇ ਲੱਖਾਂ ਸੀ ਮੁਸੀਬਤਾਂ ਹੀ ਝੱਲੀਆਂ
ਹੋਇਆ ਫੇਰ ਕੀ ਜੇ ਘਰ ਮੁੱਕੇ ਆਟੇ ਨੇ, ਕੀ ਹੋਇਆ ਲੀੜੇ ਪਾਟੇ ਨੇ, ਗਰੀਬੀ ਖੂੰਜਾਂ ਮੱਲੀਆਂ
ਤੈਨੂ ਭੇਜਿਆ ਮੈਂ ...............