Tuesday, August 5, 2014

ਪੱਕਨੋਂ ਪਹਿਲਾਂ ਵੱਡ ਲਈ ਰੱਬ ਨੇ ਸਾਡੀ ਫਸਲ ਪਸ਼ੇਤੀ
ਮਾਂ ਮੇਰੀ ਮਰ ਗਈ ਸਰਫੇ ਕਰਦੀ , ਬਾਪੂ ਕਰਦਾ ਖੇਤੀ

ਇੱਕ ਦਿਨ ਸੀਰੀ ਖੇਤੋਂ ਭੱਜਦਾ, ਹੰਬਦਾ, ਰੋਂਦਾ ਆਇਆ
ਕਹਿੰਦਾ ਬਾਪੂ ਡਿੱਗ ਪਿਆ ਸੀ ਝੱਟ ਸ਼ਹਿਰ ਨੂ ਲੈ ਗਿਆ ਤਾਇਆ
ਡਾਕਟਰ ਕਹਿੰਦਾ ਟੈਕ ਹੋਇਆ ਦਸ ਲੱਖ ਲਿਆਓ ਛੇਤੀ
ਮਾਂ ਮੇਰੀ ਮਰ ਗਈ ਸਰਫੇ ਕਰਦੀ , ਬਾਪੂ ਕਰਦਾ ਖੇਤੀ

ਮੁਹ ਚੱਕ ਚੱਕ ਕੇ ਵੇਹੰਦੇ ਡੰਗਰ ਹਰਾ ਖਵਾਊ ਕਿਹੜਾ
ਵੱਸਦੇ ਘਰ ਚੋਂ ਬਾਪ ਨਾਂ ਜਾਵੇ ਖਾਣ ਨੂੰ ਪੈਂਦਾ ਵਿਹੜਾ
ਵੇਖ ਲਾਸ਼ ਵੱਲ ਰੋਂਦੇ ਪਏ ਸਨ ਇੱਕ ਕਹੀ ਇੱਕ ਰੇਤੀ
ਮਾਂ ਮੇਰੀ ਮਰ ਗਈ ਸਰਫੇ ਕਰਦੀ , ਬਾਪੂ ਕਰਦਾ ਖੇਤੀ

ਬਿਨ ਰਾਖੀ ਤੋਂ ਫਸਲ ਨਹੀਂ ਬਿਨ ਫਸਲੋਂ ਕਾਹਦੇ ਜੱਟ ਹਾਂ
ਘਰ ਵਿੱਚ ਖਾਨ ਨੂ ਦਾਣੇ ਹੈਨੀ ਫਿਰ ਕਿਸ ਭਾ ਦੇ ਜੱਟ ਹਾਂ
ਕਹਿੰਦੇ ਬਿਨ ਪਾਣੀ ਤੋਂ ਸੁੱਕ ਗਈ ਸਾਡੀ ਕਣਕ ਅਗੇਤੀ
ਮਾਂ ਮੇਰੀ ਮਰ ਗਈ ਸਰਫੇ ਕਰਦੀ , ਬਾਪੂ ਕਰਦਾ ਖੇਤੀ

ਕੋਈ ਹੱਥ ਨਹੀ ਸਿਰ ਤੇ ਰੱਖਦਾ ਕੀਹਨੁ ਮਾਰਾਂ ਤਰਲਾ
ਕਹਿੰਦੇ ਤੇਰੇ ਹੱਕ ਵਿੱਚ ਕਾਕਾ ਔਂਦਾ ਨਹੀਂ ਇੱਕ ਮਰਲਾ
ਜ਼ੈਲਦਾਰਾ ਕੋਈ ਫੈਦਾ ਚੱਕ ਗਿਆ ਤੇਰੇ ਈ ਘਰ ਦਾ ਭੇਤੀ
ਮਾਂ ਮੇਰੀ ਮਰ ਗਈ ਸਰਫੇ ਕਰਦੀ , ਬਾਪੂ ਕਰਦਾ ਖੇਤੀ

No comments:

Post a Comment