Thursday, January 23, 2014

ਮੈਨੂ ਵੀਜ਼ੇ ਨਾਲੋਂ ਜ਼ਿਆਦਾ ਆਪਣਾ ਪਿੰਡ ਪਿਆਰਾ ਏ

7 ਲੱਖ ਲਾਕੇ ਲੈ ਲਾਂ ਕਿੱਦਾਂ ਵੀਜ਼ਾ ਸਿਡਨੀ ਦਾ
ਅਜੇ ਕਰੌਣੈ ਬਾਪੂ ਦਾ ਆਪਰੇਸ਼ਨ ਕਿਡਨੀ ਦਾ
ਬਿਨ ਮੇਰੇ ਬੇਬੇ ਬਾਪੂ ਦਾ ਦੱਸ ਕੌਣ ਸਹਾਰਾ ਏ
ਮੈਨੂ ਵੀਜ਼ੇ ਨਾਲੋਂ ਜ਼ਿਆਦਾ ਆਪਣਾ ਪਿੰਡ ਪਿਆਰਾ ਏ

ਵੇਖਾਂ ਸੁਪਨੇ ਦੱਸ ਦੇ ਮੈਨੂ ਕਿੰਜ ਜਹਾਜ਼ਾਂ ਆਲੇ
ਅਜੇ ਤੇ ਸੁਪਨੇ ਔਂਦੇ ਨੇ ਬਸ ਮੂਲ ਬਿਆਜ਼ਾਂ ਆਲੇ
ਭੰਨ ਨਾ ਦੇ ਲੱਕ ਬਾਪੂ ਦਾ ਸਿਰ ਕਰਜ਼ਾ ਭਾਰਾ ਏ
ਮੈਨੂ ਵੀਜ਼ੇ ਨਾਲੋਂ ਜ਼ਿਆਦਾ ਆਪਣਾ ਪਿੰਡ ਪਿਆਰਾ ਏ

ਪਾਸਪੋਰਟ ਵੀ ਬਣਜੂਗਾ ਨਹੀ ਬਾਹਲੀ ਟੇਂਸ਼ਨ ਜੀ
ਪਰ ਲੱਗਣੀ ਬਹੁਤ ਜ਼ਰੂਰੀ ਹੈ ਬੇਬੇ ਦੀ ਪੇਂਸ਼ਨ ਜੀ
ਕੱਮ ਨਹੀ ਕਰਦਾ ਬੜਾ ਸਾਡਾ ਸਰਪੰਚ ਨਕਾਰਾ ਏ
ਮੈਨੂ ਵੀਜ਼ੇ ਨਾਲੋਂ ਜ਼ਿਆਦਾ ਆਪਣਾ ਪਿੰਡ ਪਿਆਰਾ ਏ

ਬਾਪੂ ਨੇ ਢਿੱਡ ਵੱਡ ਵੱਡ ਕੇ ਮੇਰੀਆਂ ਫੀਸਾਂ ਭਰੀਆਂ ਨੇ
ਘਰੋਂ ਤੁਰਨ ਲੱਗੇ ਦੇ ਬਸਤੇ ਵਿੱਚ ਅਸੀਸਾਂ ਭਰੀਆਂ ਨੇ
ਮੈਂ ਸੁੱਖ ਮੰਗਦਾਂ ਘਰਦਿਆਂ ਦੀ ਜਦ ਕੋਈ ਟੁੱਟਦਾ ਤਾਰਾ ਏ
ਮੈਨੂ ਵੀਜ਼ੇ ਨਾਲੋਂ ਜ਼ਿਆਦਾ ਆਪਣਾ ਪਿੰਡ ਪਿਆਰਾ ਏ

ਫਿਕਰ ਬੜਾ ਹੈ ਰਹਿੰਦਾ ਸਾਨੂ ਵੱਛੇ ਡੰਗਰ ਦਾ
ਸ਼ੁਕਰ ਮਨਾ ਕੇ ਛਕ ਲਈਦੈ ਜੀ ਫੁਲਕਾ ਲੰਗਰ ਦਾ
ਪਰਗਟ ਦਾ ਹੋ ਜਾਣਾ ਪਿੰਡਾਂ ਵਿੱਚ ਗੁਜ਼ਾਰਾ ਏ
ਮੈਨੂ ਵੀਜ਼ੇ ਨਾਲੋਂ ਜ਼ਿਆਦਾ ਆਪਣਾ ਪਿੰਡ ਪਿਆਰਾ ਏ

No comments:

Post a Comment