Friday, January 17, 2014

ਕਿਸੇ ਅੱਖ ਮਾਸ਼ੂਕ ਦੀ ਚੋਈ ਸੀ ਸੁਣਿਐ ਕੁਦਰਤ ਵੀ ਰੋਈ ਸੀ

ਕਿਸੇ ਅੱਖ ਮਾਸ਼ੂਕ ਦੀ ਚੋਈ ਸੀ
ਸੁਣਿਐ ਕੁਦਰਤ ਵੀ ਰੋਈ ਸੀ
ਤਾਂਹੀ ਕੱਲ ਬਾਰਿਸ਼ ਹੋਈ ਸੀ ਤੇ ਬੱਦਲ ਵਰ੍ਹਿਆ ਸੀ
ਸੁਣਿਐ ਕੱਲ ਇਸ਼ਕ ਮੁਹੱਲੇ ਕੋਈ ਆਸ਼ਿਕ ਮਰਿਆ ਸੀ

ਕੱਲ ਕਲੀ ਕਲੀ ਕੁਰਲਾਈ ਸੀ
ਹਵਾ ਹੌਸਲਾ ਦੇਣ ਲਈ ਆਈ ਸੀ
ਤੇ ਪੱਤਾ ਪੱਤਾ ਰੁੱਖਾਂ ਦਾ ਵੀ ਡਰਿਆ ਡਰਿਆ ਸੀ
ਸੁਣਿਐ ਕੱਲ ਇਸ਼ਕ ਮੁਹੱਲੇ ਕੋਈ ਆਸ਼ਿਕ ਮਰਿਆ ਸੀ

ਕਹਿੰਦੇ ਚੰਨ ਵੀ ਸੋਗ ਲਈ ਆਇਆ ਸੀ
ਤਾਰੇ ਵੀ ਨਾਲ ਲਿਆਇਆ ਸੀ
ਬੜਾ ਵੈਨ ਚਾਨਣੀ ਪਾਇਆ ਸੀ ਅਫਸੋਸ ਜਾ ਕਰਿਆ ਸੀ
ਸੁਣਿਐ ਕੱਲ ਇਸ਼ਕ ਮੁਹੱਲੇ ਕੋਈ ਆਸ਼ਿਕ ਮਰਿਆ ਸੀ

ਕੁਜ ਅਰਸ਼ੋਂ ਆਈਆਂ ਪਰੀਆਂ ਸਨ
ਜੋ ਸਬ ਤੋਂ ਪਿੱਛੇ ਖੜ੍ਹੀਆਂ ਸਨ
ਨੈਣਾਂ ਵਿੱਚ ਲੱਗੀਆਂ ਝੜੀਆਂ ਸਨ ਮਨ ਡਾਹਡਾ ਭਰਿਆ ਸੀ
ਸੁਣਿਐ ਕੱਲ ਇਸ਼ਕ ਮੁਹੱਲੇ ਕੋਈ ਆਸ਼ਿਕ ਮਰਿਆ ਸੀ

ਪਹੁੰਚੀ ਚੀਕ ਬਹਿਸ਼ਤਾਂ ਤੀਕਣ
ਰੋਂਦਾ ਮੋਰ ਕੋਈ ਹੋਵੇ ਜੀਕਣ
ਮੈਨੂ ਸਮਝ ਨੀ ਆਈ ਕੀਕਣ ਓਹਨੇ ਇਹ ਦੁੱਖ ਜਰਿਆ ਸੀ
ਸੁਣਿਐ ਕੱਲ ਇਸ਼ਕ ਮੁਹੱਲੇ ਕੋਈ ਆਸ਼ਿਕ ਮਰਿਆ ਸੀ

ਰੋਂਦੇ ਇਸ਼ਕ ਗਲੀ ਦੇ ਕੁੱਤੇ
ਲੋਕੀਂ ਨਾਲ ਠਾਠ ਦੇ ਸੁੱਤੇ
ਤੂੰ ਕਿੰਜ ਜੈਲਦਾਰ ਦਿਲ ਉੱਤੇ ਐਡਾ ਪੱਥਰ ਧਰਿਆ ਸੀ
ਸੁਣਿਐ ਕੱਲ ਇਸ਼ਕ ਮੁਹੱਲੇ ਕੋਈ ਆਸ਼ਿਕ ਮਰਿਆ ਸੀ

No comments:

Post a Comment