Monday, October 17, 2011

ਪਰਮਾਤਮਾ


ਆਦ ਹੈ ਅਨਾਦ ਹੈ ਕਿ ਅਨਹਦਾ ਇਕ ਨਾਦ ਹੈ
ਭੋਗ ਹੈ ਵਿਸਮਾਦ ਹੈ ਉਨ੍ਮਾਦ ਹੈ ਪਰਮਾਤਮਾ

ਆਧਾਰ ਹੈ ਉੱਧਾਰ ਹੈ ਅਪਾਰ ਹੈ ਤੇ ਸਾਰ ਹੈ
ਇਕ ਓਮ ਤੇ ਜੋ ਕਾਰ ਹੈ, ਸਾਕਾਰ ਹੈ ਪਰਮਾਤਮਾ

ਲੱਖ ਹੈ ਪਰ ਵੱਖ ਹੈ ਨਿਰਪੱਖ ਹੈ ਪਰਤੱਖ ਹੈ
ਹੱਕ ਹੈ ਅਲੱਖ ਹੈ ਤੇ ਸੱਚ ਹੈ ਪਰਮਾਤਮਾ

ਇੱਕ ਹੈ ਅਨਿੱਕ ਹੈ ਤੇ ਭੂਤ ਹੈ ਭਵਿੱਖ ਹੈ
ਸਿੱਖ ਹੈ ਅਸਿੱਖ ਹੈ ਅਦਿੱਖ ਹੈ ਪਰਮਾਤਮਾ

ਦੁੱਖ ਵਿਚ ਵੀ ਸੁੱਖ ਹੈ ਗੁਰਸਿੱਖ ਹੈ ਗੁਰਮੁੱਖ ਹੈ
ਧੁਨ ਹੈ ਅਜੁਨ  ਹੈ ਨਿਪੁਨ ਹੈ ਪਰਮਾਤਮਾ

ਰਾਜ ਹੈ ਰਾਜਾਨ ਹੈ ਮਹੀਨ ਹੈ ਮਹਾਨ ਹੈ
ਉਦਿਤ ਹੈ ਕਬਿੱਤ ਹੈ ਦੀਵਾਨ ਹੈ ਪਰਮਾਤਮਾ

ਨਵੀਨ ਹੈ ਪ੍ਰਾਚੀਨ ਹੈ , ਧਨਵੰਤ ਹੈ ਮਸਕੀਨ ਹੈ
ਅਜ਼ਾਨ ਹੈ ਅਸੀਮ ਹੈ , ਆਮੀਨ ਹੈ ਪਰਮਾਤਮਾ

ਆਕਾਸ਼ ਹੈ ਪਰਕਾਸ਼ ਹੈ ਵਿਸ਼ਵਾਸ ਹੈ ਆਭਾਸ ਹੈ
ਆਸ ਹੈ ਆਗਾਸ ਹੈ ਹਰ ਸੁਆਸ ਹੈ ਪਰਮਾਤਮਾ

ਅੰਦਰ ਵੀ ਹੈ ਮੰਦਰ ਵੀ ਹੈ ਓ ਬੰਦਾ-ਏ-ਪਰਵਰ ਵੀ ਹੈ
ਵਰ ਵੀ ਹੈ , ਤਰਵਰ ਵੀ ਹੈ , ਸਰਵਰ ਵੀ ਹੈ ਪਰਮਾਤਮਾ

ਗੁਣਵਾਨ ਹੈ ਬਲਵਾਨ ਹੈ ਮੁਸ਼ਕਿਲ ਐਪਰ ਆਸਾਨ ਹੈ
ਜਾਨ ਹੈ ਜਹਾਨ ਹੈ , ਪਰਵਾਨ ਹੈ ਪਰਮਾਤਮਾ

ਧੀਰ ਹੈ ਗੰਭੀਰ ਹੈ ਆਲਮਪਨਾਹ-ਏ-ਗੀਰ
ਜਾਪ ਹੈ ਆਲਾਪ ਹੈ ਬੇਨਾਪ ਹੈ ਪਰਮਾਤਮਾ

ਕਾਲ ਹੈ ਅਕਾਲ ਹੈ ਆਕਾਸ਼ ਹੈ ਪਾਤਾਲ ਹੈ
ਖੰਡ ਹੈ ਬ੍ਰਹਿਮੰਡ ਹੈ ਅਖੰਡ ਹੈ ਪਰਮਾਤਮਾ

ਓਹ ਅੰਗ ਹੈ ਓਹ ਸੰਗ ਹੈ ਅਸਂਭ ਹੈ ਬੇਰੰਗ ਹੈ
ਓਹ ਆਪ ਹੈ ਓ ਬਾਪ ਹੈ ਮੇਰੇ ਅੱਖਰਾਂ ਦੀ ਛਾਪ ਹੈ

"ਤੂੰ" ਚ ਹੈ ਤੇ "ਮੈਂ" ਚ ਹੈ, ਭੈ ਚ ਹੈ ਨਿਰਭੈ ਚ ਹੈ
ਇਸ ਸ਼ੈ ਚ ਹੈ ਉਸ ਸ਼ੈ ਚ ਹੈ, ਹਰ ਸ਼ੈ ਚ ਹੈ ਪਰਮਾਤਮਾ

ਦੀਨ ਹੈ ਮਸਕੀਨ ਹੈ ਜੈਲੀ ਅਕਲ ਤੋਂ ਹੀਣ ਹੈ
ਮੈਂ ਪਾਪ ਦਾ ਪੁਤਲਾ ਤੇ ਬਖਸ਼ਣਹਾਰ ਹੈ ਪਰਮਾਤਮਾ

( ਕੁਜ ਸ਼ਬਦਾਂ ਦੇ ਅਰ੍ਥ )
ਭੋਗ - ਸਮਪੂਰਨਤਾ , ਵਿਸਮਾਦ - ਆਨੰਦ
ਦੀਵਾਨ - ਕਵਿਤਾਵਾਂ ਦਾ ਸੰਗ੍ਰਹਿ
ਆਲਮਪਨਾਹ-ਏ-ਗੀਰ - ਆਲਮ ( ਦੁਨੀਆ ਨੂ ਪਨਾਹ ਦੇਣ ਵਾਲਾ )

No comments:

Post a Comment