Monday, February 27, 2012

ਮਾਡਰ੍ਨ ਕਵੀਸ਼ਰੀ


ਅੰਬ ਨਹੀ ਅੰਬਾਲੇ ਜੈਸੇ, ਨਾਲੇ ਪਟਿਆਲੇ ਜੈਸੇ, ਤਰਕਸ਼ੀਲ ਲੋਕ ਬਰਨਾਲੇ ਬਹੁਤੇ ਲੱਭਦੇ
ਕੁੱਬਾ ਘੋੜੀ ਚੜ੍ਹਿਆ ਤੇ ਬੰਦਾ ਬਹੁਤਾ ਪੜ੍ਹਿਆ ਤੇ ਚੋਰ ਘਰ ਵੜਿਆ ਜੀ ਪੌਂਦੇ ਵਿਚ ਯੱਭ ਦੇ

ਕੈਥਲ ਮਸ਼ੂਰ ਹੈ ਜੀ ਘੇਵਰ ਤੇ ਫਿਰਨੀ ਦਾ ਬੜੇ ਮਸ਼ਹੂਰ ਕਰਨਾਲ ਦੇ ਨੇ ਭੱਲੇ ਜੀ
ਅਮਰਤਸਰ ਸੁਣੀਆਰੇ ਹੈਗੇ ਚੋਟੀ ਦੇ ਜੀ ਬੜੇ ਮਸ਼ਹੂਰ ਨੇ ਸਰਾਫਿਆਂ ਦੇ ਛੱਲੇ ਜੀ

ਹਾਥੀ ਜਹੀ ਚਿੰਘਾੜ ਹੈ ਨੀ ਸ਼ੇਰ ਜਹੀ ਦਹਾੜ ਹੈ ਨੀ ਚੀਤੇ ਜੈਸਾ ਤੇਜ਼ ਹੋਰ ਜਾਨਵਰ ਭੱਜੇ ਨਾ
ਚਾਪ੍ਲੂਸੀ ਕਰਦੇ ਨਾ ਚਮਚੇ ਰੱਜਣ ਕਦੀ ਮਸਖਰੀ ਕਰਦਾ ਮਰਾਸੀ ਕਦੇ ਰੱਜੇ ਨਾ

ਆਲਸ ਮੋਟਾਪੇ ਦੇ ਨੇ ਬਣਦੇ ਮਰੀਜ਼ ਜਿਹੜੇ ਖਾਂਦੇ ਬਹੁਤਾ ਰੱਜ ਕੇ ਤੇ ਰੋਟੀ ਬਹੁਤੀ ਚੋਪੜ ਦੇ
ਜਰਮਨੀ ਦੀ ਗੋਲੀ ਦੀ ਨਾ ਰੀਸ ਕਿਤੇ ਹੋਰ ਹੋਣੀ ਢੂਢ ਮੀਲ ਦੂਰੋਂ ਵੱਜੇ ਪਾਰ ਹੋਜੇ ਖੋਪੜ ਦੇ

ਪੈਰਸ ਜਹੇ ਮਹਿਲ ਹੈਨੀ, ਚੀਕੇ ਜੈਸੀ ਟੈਲ ਹੈਨੀ, ਫ਼ੀਮ ਤੇ ਸ੍ਮੈਕ ਜੈਸਾ ਵੈਲ ਨਾ ਕੋਈ ਚੰਦਰਾ
ਬੂਹੇ ਬਾਰੀਆਂ ਨਾ ਜਾਲੀ , ਸ਼ਨੀ ਦੀ ਮਨੌਤ ਬਾਹਲੀ, ਪਿੰਡ ਸ਼ਨੀ ਸ਼ਿੰਗਣਾ ਦੇ ਲੌਂਦੇ ਨਹੀਂ ਜੰਦਰਾ

ਚਤਰ ਨਹੀਂ ਕਾਂ ਦੇ ਜੈਸਾ, ਭੋਲਾ ਨਹੀਂ ਕੋਈ ਗਾਂ ਦੇ ਜੈਸਾ ਮਾਤਾ ਗੁਜਰੀ ਦੇ ਜੈਸੀ ਹੋਰ ਕੋਈ ਮਾਂ ਨਹੀਂ
ਸੁੱਖ ਨਹੀਂ ਕੋਈ ਚੁੱਪ ਜੈਸਾ ਸਿਆਲਾਂ ਵਾਲੀ ਧੁੱਪ ਜੈਸਾ, ਨਿੱਮ ਤੇ ਧਰੇਕ ਜੈਸੀ ਸੰਘਣੀ ਕੋਈ ਛਾਂ ਨਹੀ

ਚੰਗੇ ਕਾਕੇ ਰਖਦੇ ਧਿਆਨ ਜੀ ਚਰਿੱਤਰ ਤੇ  ਫੁਕਰੇ ਦਾ ਰਹਿੰਦਾ ਜੀ ਧਿਆਨ ਸਦਾ ਲੁਕ ਤੇ
ਅੱਜ ਦੇ ਨਿਆਣੇ ਜਿਹੜੇ ਜੈਲੀ ਤੋਂ ਸਿਆਣੇ ਜਿਹੜੇ 24 ਘੰਟੇ ਆਨਲਾਇਨ ਰਹਿੰਦੇ ਫੇਸ੍ਬੁਕ ਤੇ

ਜਿਲਾ ਕਰਨਾਲ ਤੇ ਸ੍ਟੇਟ ਹਰਿਆਣਾ ਲੋਕ ਮਿੱਠੇ ਨੇ ਜ਼ੁਬਾਨ ਦੇ ਅਸੰਧ ਸ਼ਹਿਰ ਵੱਸਦਾ
ਵੱਡਾ ਏ ਬਜ਼ਾਰ ਜੀ ਦੁਕਾਨਾਂ ਨੇ ਹਜ਼ਾਰ ਮਿਲੇ ਸਸਤਾ ਸਮਾਨ ਜੈਲਦਾਰ ਰਹਿੰਦਾ ਦੱਸਦਾ

ਕੁਦਰਤ ਜੈਸਾ ਨਾ ਦਿਆਲ ਕੋਈ ਹੋਰ ਹੈਗਾ ਮਤਲਬਖੋਰ ਨਾ ਕੋਈ ਹੋਰ ਇਨ੍ਸਾਨ ਜਿਆ
ਜੈਲਦਾਰ ਜੈਸਾ ਨਾ ਅਕਲਹੀਣ ਦੁਨੀਆ ਤੇ ਸ਼ੈਰ ਨਾ ਕੋਈ ਹੋਰ ਬਾਬੂ ਰਜਬ ਅਲੀ ਖਾਨ ਜਿਆ

No comments:

Post a Comment