Sunday, February 5, 2012

ਮੇਰੇ ਦੇਸ ਪੰਜਾਬ ਨੂ ਸਜਦਾ ਏ

ਜਿਹਦਾ ਚੇਤਾ ਮੁੜ ਮੁੜ ਆਊਂਦਾ  ਏ
ਜਿੱਥੇ ਜੈਲੀ ਜਾਣਾ ਚਾਹੁੰਦਾ ਏ
ਪਰ ਬਣਦਾ ਸਬਬ ਨਾ ਹੱਜ ਦਾ ਏ
ਮੇਰੇ ਦੇਸ ਪੰਜਾਬ ਨੂ ਸਜਦਾ ਏ
ਜਿਹਦੇ ਕਰਕੇ ਭਾਰਤ ਰੱਜਦਾ ਏ

ਏ ਤੇਰਾ ਏ ਨਾ ਏਹ ਮੇਰਾ ਏ
ਏਥੇ ਸਬ ਦਾ ਰੈਣ ਬਸੇਰਾ ਏ
ਏ ਤਾਂ ਸਬ੍ਦੇ ਪਰਦੇ ਕੱਜਦਾ ਏ
ਮੇਰੇ ਦੇਸ ਪੰਜਾਬ ਨੂ ਸਜਦਾ ਏ
ਜਿਹਦੇ ਕਰਕੇ ਭਾਰਤ ਰੱਜਦਾ ਏ

ਜਿੱਥੇ ਹਾਸੇ ਮੁਫਤ ਵਿਚ ਮਿਲਦੇ ਨੇ
ਜਿੱਥੇ ਦੁੱਖੜੇ ਖੁੱਲਦੇ ਦਿਲ ਦੇ ਨੇ
ਜਿੱਥੇ ਕੁੜੀਆਂ ਨੂ ਡਰ ਲੱਜ ਦਾ ਏ
ਮੇਰੇ ਦੇਸ ਪੰਜਾਬ ਨੂ ਸਜਦਾ ਏ
ਜਿਹਦੇ ਕਰਕੇ ਭਾਰਤ ਰੱਜਦਾ ਏ

ਜਿੱਥੇ ਪਿੰਡ ਵਿਚ ਘੁੱਮਦੀ ਜਾਗੋ ਏ
ਜਿੱਥੇ ਜੱਮੀ ਮਾਈ ਭਾਗੋ ਏ
ਜਿੱਥੇ ਸ਼ੋਰ ਸੁਣੀਂਦਾ ਛੱਜ ਦਾ ਏ
ਮੇਰੇ ਦੇਸ ਪੰਜਾਬ ਨੂ ਸਜਦਾ ਏ
ਜਿਹਦੇ ਕਰਕੇ ਭਾਰਤ ਰੱਜਦਾ ਏ

ਜਿੱਥੇ ਰਹਿਮਤ ਗੁਰੂਆਂ ਪੀਰਾਂ ਦੀ
ਚੜੀ ਦੇਗ ਕੜਾਹ ਤੇ ਖੀਰਾਂ ਦੀ
ਗੁਰੂ ਘਰ ਦਾ ਸ੍ਪੀਕਰ ਵੱਜਦਾ ਏ
ਮੇਰੇ ਦੇਸ ਪੰਜਾਬ ਨੂ ਸਜਦਾ ਏ
ਜਿਹਦੇ ਕਰਕੇ ਭਾਰਤ ਰੱਜਦਾ ਏ

ਜਿੱਥੇ ਪਿੰਡ ਦੇ ਰਾਹ ਅਜੇ ਕੱਚੇ ਨੇ
ਜਿੱਥੇ ਬੱਚਿਆਂ ਵਰਗੇ ਬੱਚੇ ਨੇ
ਜਿੱਥੇ ਬਲਦ ਪਹੀ ਤੇ ਭੱਜਦਾ ਏ
ਮੇਰੇ ਦੇਸ ਪੰਜਾਬ ਨੂ ਸਜਦਾ ਏ
ਜਿਹਦੇ ਕਰਕੇ ਭਾਰਤ ਰੱਜਦਾ ਏ

ਜਿੱਥੇ ਪਿੰਡ ਵਿਚ ਮੇਲੇ ਲੱਗਦੇ ਨੇ
ਜਿੱਥੇ ਪੇਚ ਗਿਣੀਂਦੇ ਪੱਗ ਦੇ ਨੇ
ਪਿੰਡ ਵਹੁਟੀ ਵਾਂਗਰ ਸੱਜਦਾ ਏ
ਮੇਰੇ ਦੇਸ ਪੰਜਾਬ ਨੂ ਸਜਦਾ ਏ
ਜਿਹਦੇ ਕਰਕੇ ਭਾਰਤ ਰੱਜਦਾ ਏ

ਜਿੱਥੇ ਭਗਤ, ਸਰਾਭੇ ਜੰਮਦੇ ਨੇ
ਜਿੱਥੇ ਦੁਸ਼ਮਣ ਆਉਣੋਂ ਕੰਬਦੇ ਨੇ
ਜਿੱਥੇ ਨਲਵਾ ਹਰੀ ਸਿੰਘ ਗੱਜਦਾ ਏ
ਮੇਰੇ ਦੇਸ ਪੰਜਾਬ ਨੂ ਸਜਦਾ ਏ
ਜਿਹਦੇ ਕਰਕੇ ਭਾਰਤ ਰੱਜਦਾ ਏ

ਲੋਕੀਂ ਰੱਬ ਦੀ ਰਜ਼ਾ ਵਿਚ ਰਹਿੰਦੇ ਨੇ
ਜਿੱਥੇ ਮਾਂ ਨੂ ਰੱਬ ਵੀ ਕਹਿੰਦੇ ਨੇ
ਕੋਈ ਫਿਕਰ ਨਾ ਕੱਲ ਨਾ ਅੱਜ ਦਾ ਏ
ਮੇਰੇ ਦੇਸ ਪੰਜਾਬ ਨੂ ਸਜਦਾ ਏ
ਜਿਹਦੇ ਕਰਕੇ ਭਾਰਤ ਰੱਜਦਾ ਏ


No comments:

Post a Comment