Saturday, February 25, 2012

ਵੇਖ ਨਜ਼ਾਰਾ ਮੇਰੇ ਯਾਰਾ ਦੁਨੀਆ ਰੰਗ ਬਰੰਗੀ ਦਾ

ਕਹਿ ਹੌਲੀ ਪਾ ਨਾ ਰੌਲੀ ਕਹਿੰਦੇ ਹੋਏ ਥੋੜਾ ਜਿਹਾ ਸੰਗੀਦਾ 
ਵੇਖ ਨਜ਼ਾਰਾ ਮੇਰੇ ਯਾਰਾ ਦੁਨੀਆ ਰੰਗ ਬਰੰਗੀ ਦਾ

ਮੰਗਤਿਆਂ ਨੂ ਖੈਰ ਵੀ ਇਹ ਦੁਨੀਆ ਨਹੀ ਪੌਂਦੀ ਢੰਗ ਦੀ ਜੀ
ਪਰ ਦਸ ਰਪਈਏ ਦੇ ਕੇ ਰੱਬ ਤੋਂ ਲੱਖ ਕਰੋੜਾਂ ਮੰਗਦੀ ਜੀ
ਜੇ ਦੇਣਾ ਨਾ ਸਿਖਿਆ ਹੋਵੇ ਤਾਂ ਫੇਰ ਕਦੇ ਨਹੀਂ ਮੰਗੀਦਾ
ਵੇਖ ਨਜ਼ਾਰਾ ਮੇਰੇ ਯਾਰਾ ਦੁਨੀਆ ਰੰਗ ਬਰੰਗੀ ਦਾ

ਯਾਰ ਯਾਰਾਂ ਦਾ ਓਹੀ ਜਿਹੜਾ ਥੋੜ ਵੇਲੇ ਕੱਮ ਆਵੇ ਜੀ
ਹੈ ਦਾਨ ਓਹੀ ਜੋ ਲੋੜਵੰਦ ਨੂ ਲੋੜ ਵੇਲੇ ਕੱਮ ਆਵੇ ਜੀ
ਦੱਸ ਹੋਊ ਕੀ ਫੈਦਾ ਤੇਰੀ ਗੰਜੇ ਨੂ ਦਿੱਤੀ ਕੰਘੀ ਦਾ
ਵੇਖ ਨਜ਼ਾਰਾ ਮੇਰੇ ਯਾਰਾ ਦੁਨੀਆ ਰੰਗ ਬਰੰਗੀ ਦਾ

ਗੁੜ ਉੱਤੇ ਉੱਡ ਜਾ ਬਹਿਣਾ ਇਹ ਤਾਂ ਹੈ ਫਿਤਰਤ ਮੱਖੀ ਦੀ
ਜੀ ਧੀ ਪੁੱਤ ਹੋਏ ਜਵਾਨ ਤੇ ਯਾਰੋ ਆਪ ਨਜ਼ਰ ਹੈ ਰੱਖੀ ਦੀ
ਫੇਰ ਨੀ ਹੱਥ ਔਂਦਾ ਪੱਲਾ ਕੇਰਾਂ ਧੀ ਸਿਰ ਤੋਂ ਲੰਘੀ ਦਾ
ਵੇਖ ਨਜ਼ਾਰਾ ਮੇਰੇ ਯਾਰਾ ਦੁਨੀਆ ਰੰਗ ਬਰੰਗੀ ਦਾ

ਜੀ ਨਾਲ ਸਮੇਂ ਦੇ ਤੁਰਨਾ ਵੀ ਵੈਸੇ ਕੋਈ ਮਾੜੀ ਗੱਲ ਨਹੀ
ਪਰ ਪੱਛਮੀ ਸਭਿਆਚਾਰ ਚ ਡੁੱਬਜੋ ਇਹ ਤਾਂ ਕੋਈ ਹੱਲ ਨਹੀ
ਕੋਈ ਨਾ ਕਰੇ ਖਿਆਲ ਜੀ ਚੁੰਨੀ ਕਿੱਲੀ ਉੱਤੇ ਟੰਗੀ ਦਾ
ਵੇਖ ਨਜ਼ਾਰਾ ਮੇਰੇ ਯਾਰਾ ਦੁਨੀਆ ਰੰਗ ਬਰੰਗੀ ਦਾ

ਅਸਲ ਦੀ ਨਹੀ ਪਛਾਣ ਕਿਸੇ ਨੂ ਬੁਰਾ ਜ਼ਮਾਨਾ ਨਕਲਾਂ ਦਾ
ਅਕਲਾਂ ਦਾ ਨਹੀ ਮੁੱਲ ਪੌਂਦਾ ਇਹ ਜਗਤ ਵਪਾਰੀ ਸ਼ਕਲਾਂ ਦਾ
ਜੀ ਕੋਈ ਫਰਕ ਨਹੀ ਪੈਂਦਾ ਸੂਰਤ ਮਾੜੀ ਭਾਵੇਂ ਚੰਗੀ ਦਾ
ਵੇਖ ਨਜ਼ਾਰਾ ਮੇਰੇ ਯਾਰਾ ਦੁਨੀਆ ਰੰਗ ਬਰੰਗੀ ਦਾ

ਬੈਠ ਤਖਤ ਤੇ ਹੁਕਮ ਕਰੇਂ ਤੈਨੂੰ ਕੀ ਖਬਰ ਥਕੇਵੇਂ ਦੀ
ਨਰਮ ਤਲਾਈ ਦੇ ਵਿਚ ਵੀ ਚੁਭਦੀ ਤੇਨੁ ਰੜਕ ਵੜੇਵੇਂ ਦੀ
ਸ਼ਟਰਾਂ ਅੱਗੇ ਸੁੱਤਿਆਂ ਨੂ ਜਾ ਕੇ ਪੁਛ ਮਤਲਬ ਤੰਗੀ ਦਾ
ਵੇਖ ਨਜ਼ਾਰਾ ਮੇਰੇ ਯਾਰਾ ਦੁਨੀਆ ਰੰਗ ਬਰੰਗੀ ਦਾ

ਸੁਖ ਵਿਚ ਕਰਦਾ ਯਾਦ ਨਾ, ਦੁਖ ਵਿਚ ਰੱਬ ਨੂ ਗਾਲਾਂ ਕੱਢਨੈਂ ਤੂੰ
ਢਿੱਡ ਭਰਨ ਲਈ ਆਪਣਾ ਕਿਓਂ ਮਜ਼ਲੂਮ ਦੇ ਢਿੱਡ ਨੂ ਵੱਡਨੈਂ ਤੂੰ
ਸੁਖ ਦੁਖ ਦਾ ਤਾਂ ਸਾਥ ਜਿਓਂ ਜੈਲੀ ਸਾਥ ਹੈ ਢੱਡ ਸਰੰਗੀ ਦਾ
ਵੇਖ ਨਜ਼ਾਰਾ ਮੇਰੇ ਯਾਰਾ ਦੁਨੀਆ ਰੰਗ ਬਰੰਗੀ ਦਾ

ਮਾੜੇ ਯਾਰ ਦੇ ਨਾਲੋਂ ਚੰਗਾ ਦੁਸ਼ਮਣ ਹੋਵੇ ਜੀ ਸਦਕੇ
ਦੁਸ਼ਮਣ ਨੂ ਜੋ ਗਲ ਨਾਲ ਲਾਵੇ ਜੈਲੀ ਓਹਦੇ ਹੀ ਸਦਕੇ
ਨਹੀ ਵੈਰੀ ਦੇ ਦਰਵਾਜ਼ੇ ਮੂਹਰੇ ਜਾਣ ਜਾਣ ਕੇ ਖੰਗੀਦਾ
ਵੇਖ ਨਜ਼ਾਰਾ ਮੇਰੇ ਯਾਰਾ ਦੁਨੀਆ ਰੰਗ ਬਰੰਗੀ ਦਾ

ਜੀ ਜੈਲਦਾਰ ਹੈ ਅਕਲਹੀਣ ਇਹਦੀ ਗੱਲ ਵਿਚ ਨਾ ਆਇਓ ਜੀ
ਇਹਦਾ ਕੀ ਏ, ਰੱਬ ਦਾ ਜੀ ਏ, ਆਪਣੀ ਖੈਰ ਮਨਾਇਓ ਜੀ
ਪਰ ਪਰਦਾ ਖੁਦ ਹੀ ਢੱਕਣਾ ਪੈਂਦਾ ਆਪਣੀ ਇੱਜ਼ਤ ਨੰਗੀ ਦਾ
ਵੇਖ ਨਜ਼ਾਰਾ ਮੇਰੇ ਯਾਰਾ ਦੁਨੀਆ ਰੰਗ ਬਰੰਗੀ ਦਾ

No comments:

Post a Comment