Sunday, June 19, 2011

ਕੱਲ੍ਹ ਲਹਿੰਦੇ ਜੀ ਪੰਜਾਬ ਵਿੱਚੋਂ ਲਾਸ਼ ਇੱਕ ਆਈ

ਇੱਕ ਲਾਸ਼ ਦੇ ਦੁਆਲੇ, ਪਿੰਡ ਹੋਇਆ ਸਾਰਾ ਕੱਠਾ
ਵਿਚ ਬੈਠੀ ਬੁੱਡੀ ਬੇਬੇ, ਰੋਂਦੀ ਪਈਐ ਮੱਠਾ ਮੱਠਾ
ਭੀੜ ਗੱਲਾਂ ਪਈ ਕਰੇ, ਕੈਸੀ ਅਜਬ ਕਹਾਣੀ
ਟਾਵਾਂ ਟਾਵਾਂ ਹੰਜੂ ਡਿੱਗੇ, ਅੱਖਾਂ ਸਾਰੀਆਂ ਚ ਪਾਣੀ
ਭੁਆ, ਮਾਸੀ, ਅਤੇ ਸੱਸ, ਗੋਡੇ ਮੁੱਡ ਬੈਠੀ ਤਾਈ
ਕੱਲ੍ਹ ਲਹਿੰਦੇ ਜੀ ਪੰਜਾਬ ਵਿੱਚੋਂ ਲਾਸ਼ ਇੱਕ ਆਈ

ਮੁੰਡਾ ਭੇਜਿਆ ਸੀ ਫੌਜ ਵਿਚ ਕਰੂਗਾ ਕਮਾਈ
ਬੇਬੇ ਫੁੱਲੀ ਨਾ ਸਮਾਈ ਜਦੋ ਪਹਿਲੀ ਡਾਕ ਆਈ
ਕਹਿੰਦਾ ਲੱਗ ਗਿਆ ਅਫ੍ਸਰ ਕੱਮ ਹੈ ਖਸੂਸੀ
ਝੱਟ ਭੇਜ ਦਿੱਤਾ ਵੈਰਿਆਂ ਦੇ, ਕਰਨ ਜਾਸੂਸੀ
ਬੇਬੇ ਖੁਸ਼ੀ ਨਾਲ ਸਬਨੂ ਏ ਖਬਰ ਸੁਣਾਈ
ਕੱਲ੍ਹ ਲਹਿੰਦੇ ਜੀ ਪੰਜਾਬ ਵਿੱਚੋਂ ਲਾਸ਼ ਇੱਕ ਆਈ

ਲਿਆ ਫੜ ਵੈਰਿਆਂ ਨੇ ਕਿਸਦੀ ਸ਼ੈਤਾਨੀ ਆ
ਓ ਫਖ਼ਰ ਨਾਲ ਕਹਿੰਦਾ ਮੈਂ ਹਿੰਦੁਸਤਾਨੀ ਹਾਂ
ਕਹਿੰਦੇ ਹਿੰਦ ਵਾਸੀ ਏਂ ਤਾਂ ਆਪਣੀ ਪਛਾਣ ਦੇ
ਸਾਡੇ ਨੇਤਾ ਕਹਿੰਦੇ ਅਸੀਂ ਤਾ ਨੀ ਏਹ੍ਨੁ ਜਾਣਦੇ
ਕਰ ਲਿਆ ਕੈਦ ਨਾਲੇ ਸਜ਼ਾ ਮੌਤ ਦੀ ਸੁਣਾਈ
ਕੱਲ੍ਹ ਲਹਿੰਦੇ ਜੀ ਪੰਜਾਬ ਵਿੱਚੋਂ ਲਾਸ਼ ਇੱਕ ਆਈ

ਪਤਾ ਲਗਿਆ ਤਾਂ ਪਿੰਡ ਵਿਚ ਗਲ ਫੈਲ ਗਈ
ਬੁੱਡੀ ਬੇਬੇ ਏਨੀ ਗੱਲ ਸੁਣਦੇ ਹੀ ਡਹਿਲ ਗਈ
ਬੁੱਡੇ ਹੱਥਾਂ ਵਿਚੋਂ ਖੁੱਸਦਾ ਸਹਾਰਾ ਦਿੱਸਦਾ
ਸਰਕਾਰ ਬਿਨਾ ਹੋਰ ਹੈ ਕਸੂਰ ਕਿਸਦਾ
ਜਦ ਟੀਵੀ ਨੇ ਸੀ ਫਾਂਸੀ ਵਾਲੀ ਖਬਰ ਸੁਣਾਈ
ਕੱਲ੍ਹ ਲਹਿੰਦੇ ਜੀ ਪੰਜਾਬ ਵਿੱਚੋਂ ਲਾਸ਼ ਇੱਕ ਆਈ

ਬੜੇ ਕੱਡੇ ਤਰਲੇ ਸੀ ਓਹ੍ਨਾ ਸਰਕਾਰ ਦੇ
ਪਰ ਦਿਸ੍ਦੇ ਸੀ ਸਬਨੂ ਕਰਮ ਹਾਰ੍ਦੇ
ਕਾਲਾ ਕੋਟ ਕਰ ਕੋਰਟ ਵਿਚ ਕੇਸ ਕਰਿਆ
ਗਹਿਣੇ ਗਹਿਣੇ ਰੱਖ, ਘਰ ਗਿਰਵੀ ਸੀ ਧਰਿਆ
ਕਿਸੇ ਜੱਜ ਨਾ ਵਕੀਲ ਕੋਲ ਹੋਈ ਸੁਣਵਾਈ
ਕੱਲ੍ਹ ਲਹਿੰਦੇ ਜੀ ਪੰਜਾਬ ਵਿੱਚੋਂ ਲਾਸ਼ ਇੱਕ ਆਈ

ਭੈਣ ਵੇਖੇ ਰਖੜੀ ਦੇ ਵਾਲੇ ਸੱਜੇ ਹੱਥ ਨੂ
ਹੋਏ ਹਂਜੂਆ ਦੇ ਨਾਲ ਲੀੜੇ ਲਥਪਥ ਨੂ
ਭਾਗਾਂ ਵਾਲੀ ਰੋਵੇ ਬੱਚਿਆਂ ਨੂ ਬਾਹਾਂ ਵਿਚ ਭਰੀ
ਬੇਬੇ ਚੁਪਚਾਪ ਬੈਠੀ ਇੱਕ ਪਾਸੇ ਅਧਮਰੀ
ਐਸਾ ਵੇਖ ਕੇ ਦ੍ਰਿਸ਼ ਕਾਈਨਾਤ ਕੁਰਲਾਈ
ਕੱਲ੍ਹ ਲਹਿੰਦੇ ਜੀ ਪੰਜਾਬ ਵਿੱਚੋਂ ਲਾਸ਼ ਇੱਕ ਆਈ

ਨੀਤ ਕਾਲੀ , ਸਰਕਾਰੀ, ਕੱਪੜੇ ਸਫੈਦ ਨੇ
ਹਜੇ ਲੱਖਾਂ ਹੀ ਸਰਬਜੀਤ ਜੇਲੀਂ ਕੈਦ ਨੇ
ਕੋਠੇ ਚੜ ਰੌਲਾ ਪੌਂਦੇ ਦੇਸ ਦੀ ਆਜ਼ਾਦੀ ਦਾ
ਕੌਣ ਭਰੂ ਜੁਰਮਾਨਾ ਏਸ ਬਰਬਾਦੀ ਦਾ
ਜੈਲਦਾਰਾ ਲਿਖ ਲਿਖ ਜਾਵੇਂ ਵਰਕੇ ਮੁਕਾਈ
ਕੱਲ੍ਹ ਲਹਿੰਦੇ ਜੀ ਪੰਜਾਬ ਵਿੱਚੋਂ ਲਾਸ਼ ਇੱਕ ਆਈ

1 comment:

  1. Bahut vadhiya likhiya hai..
    kina dard bhriaa hai lafzan vich

    ReplyDelete