Sunday, March 9, 2014

ਤਾਂ ਸਮਝ ਲਵੀਂ ਤੈਨੂ ਚੇਤੇ ਕਰਕੇ ਰੋਇਆ ਨੀ


ਜਦੋਂ ਤੇਰੇ ਦਿਲ ਦੇ ਵਿੱਚ ਪਵੇ
ਅਨਜਾਣ ਜਹੀ ਕੋਈ ਖਿੱਚ ਪਵੇ
ਨਾ ਕਿਸੇ ਵੀ ਹਾਲਤ ਜਾਵੇ ਦਰਦ ਲੁਕੋਇਆ ਨੀ
ਤਾਂ ਸਮਝ ਲਵੀਂ ਤੈਨੂ ਚੇਤੇ ਕਰਕੇ ਰੋਇਆ ਨੀ

ਜਦੋਂ ਤਾਰਾ ਕੋਈ ਅੰਬਰੋਂ ਟੁੱਟਦਾ ਵੇਖ ਲਵੇਂ
ਜਦ ਹੰਜੁਆਂ ਵਾਲਾ ਸੋਮਾ ਫੁੱਟਦਾ ਵੇਖ ਲਵੇਂ
ਕਿਸੇ ਓਹਨਾਂ ਈ ਹੰਜੁਆਂ ਵਾਲਾ ਹਾਰ ਪਰੋਇਆ ਨੀ
ਤਾਂ ਸਮਝ ਲਵੀਂ ਤੈਨੂ ਚੇਤੇ ਕਰਕੇ ਰੋਇਆ ਨੀ

ਜਦ ਸੂਰਜ ਕਾਲੇ ਰੰਗ ਦੇ ਚਾਨਣ ਵੰਡੇ ਨੀ
ਕੋਈ ਰੱਬ ਵੱਲ ਵੇਖੇ ਬੈਠ ਨਦੀ ਦੇ ਕੰਡੇ ਨੀ
ਜਦੋਂ ਕਿਸੇ ਵੀ ਦਿਲ ਵਿਚ ਕੋਈ ਸੁਪਨਾ ਮੋਇਆ ਨੀ
ਤਾਂ ਸਮਝ ਲਵੀਂ ਤੈਨੂ ਚੇਤੇ ਕਰਕੇ ਰੋਇਆ ਨੀ

ਤੇਰਾ ਅਕਸ ਜਦੋਂ ਤੈਨੂ ਮੇਰੇ ਵਰਗਾ ਲੱਗੇ ਨੀ
ਹਰ ਸ਼ਖਸ ਜਦੋਂ ਤੈਨੂ ਮੇਰੇ ਵਰਗਾ ਲੱਗੇ ਨੀ
ਜਦੋਂ ਸੁਪਨੇ ਵਿਚ ਤੇਰੇ ਸਾਹਵੇਂ ਆਨ ਖਲੋਇਆ ਨੀ
ਤਾਂ ਸਮਝ ਲਵੀਂ ਤੈਨੂ ਚੇਤੇ ਕਰਕੇ ਰੋਇਆ ਨੀ

ਜਦੋਂ ਦਿਲ ਤੇਰਾ ਕਿਤੋਂ ਜੈਲਦਾਰ ਨੂ ਭਾਲੇ ਨੀ
ਜੋ ਖੁੰਜ ਗਿਆ ਤੈਥੋਂ ਓਸ ਪਿਆਰ ਨੂ ਭਾਲੇ ਨੀ
ਜਦੋਂ ਹਰ ਇੱਕ ਖਤ ਗਿਆ ਹੰਜੁਆਂ ਦੇ ਨਾਲ ਧੋਇਆ ਨੀ
ਤਾਂ ਸਮਝ ਲਵੀਂ ਤੈਨੂ ਚੇਤੇ ਕਰਕੇ ਰੋਇਆ ਨੀ












No comments:

Post a Comment