Wednesday, October 9, 2013

ਜਦੋਂ ਰੱਬ ਅਕਲ ਵੰਡੀ ਸੀ ਓਦੋਂ ਮੈਂ ਦਾਣਾ ਮੰਡੀ ਸੀ

ਜਦੋਂ ਰੱਬ ਅਕਲ ਵੰਡੀ ਸੀ
ਓਦੋਂ ਮੈਂ ਦਾਣਾ ਮੰਡੀ ਸੀ

ਜਦੋਂ ਰੱਬ ਵਾਜ ਮਾਰੀ ਸੀ
ਕੇ ਮੈਂ ਗੁੱਡਦਾ ਕਿਆਰੀ ਸੀ

ਜਦੋਂ ਰੱਬ ਖੈਰ ਪੌਂਦਾ ਸੀ
ਉਦੋਂ ਮੈਂ ਸਿਰ ਨਹੌਂਦਾ ਸੀ

ਜਦੋਂ ਰੱਬ ਫੇਰ ਸੱਦਿਆ ਸੀ
ਉਦੋਂ ਮੈਂ ਨਰਮਾ ਲੱਦਿਆ ਸੀ

ਜਦੋਂ ਰੱਬ ਬੰਦਾ ਘੱਲਿਆ ਸੀ
ਉਦੋਂ ਮੈਂ ਖੇਤ ਚੱਲਿਆ ਸੀ

ਰੱਬ ਕਹਿੰਦਾ , ਕੇ ਹੁਣ ਤਾ ਆ
ਕੇ ਰੋਟੀ ਖਾ ਲਵਾਂ, ਖੜ ਜਾ !

ਅਕਲ ਬਸ ਮੁੱਕ ਚੱਲੀ ਸੀ
ਮੇਰੇ ਮੋਡੇ ਤੇ ਪੱਲੀ ਸੀ

ਕੇ ਰੱਬ ਵੀ ਅੱਕ ਚੱਲਿਆ ਸੀ
ਤੇ ਜੈਲੀ ਥੱਕ ਚੱਲਿਆ ਸੀ

ਜਦੋਂ ਰੱਬ ਹੱਥ ਰਿਹਾ ਨਾ ਕੱਖ
ਮੈਂ ਕਿਹਾ ਲਿਆ ਅਕਲ ਐਥੇ ਰੱਖ

ਤੇ ਰੱਬ ਕਹਿੰਦਾ ਅਕਲ ਹੈ ਨੀ
ਤੂੰ ਵਸਤੂ ਹੋਰ ਕੋਈ ਲੈ ਲੀਂ

ਕੇ ਜੱਟ ਕਹਿੰਦਾ ਅਕਲ ਨਾ ਦੇ
ਕੇ ਮੈਨੂੰ ਤੂੰ ਅਕਲ ਬਦਲੇ

ਦੋ ਲੱਕੜਾਂ ਚੁਲ੍ਹੇ ਬਾਲਨ ਨੂੰ
ਦੋ ਰੋਟੀ ਢਿੱਡ ਪਾਲਣ ਨੂੰ
ਦੇ ਹਿਮੱਤਾਂ ਘਰ ਸੰਭਾਲਣ ਨੂੰ

ਕੇ ਦੇ ਪੰਜ ਬਾਣੀਆਂ ਦਾ ਸੁਖ
ਤੇ ਦੇ ਪੰਜ ਪਾਣੀਆਂ ਦਾ ਸੁਖ
ਕੇ ਦੇ ਦੇ ਹਾਣੀਆਂ ਦਾ ਸੁਖ
ਨਾ ਦੇ ਭਾਵੇਂ ਰਾਣੀਆਂ ਦਾ ਸੁਖ

ਕੇ ਇੱਕ ਪਰਵਾਰ ਤੂੰ ਦੇ ਦੇ
ਤੇ ਪਰਉਪਕਾਰ ਤੂੰ ਦੇ ਦੇ
ਕੇ ਦੋ ਬੀਘੇ ਜ਼ਮੀਨਾਂ ਦੇ
ਤੇ ਡੰਗਰ ਚਾਰ ਤੂੰ ਦੇ ਦੇ

ਕੇ ਫਸਲਾਂ ਰਹਿਣ ਇਹ ਹਰੀਆਂ
ਸਦਾ ਹੀ ਝੋਲੀਆਂ ਭਰੀਆਂ
ਕੇ ਜਾਵਣ ਔਕੜਾਂ ਜਰੀਆਂ
ਉਮੀਦਾਂ ਦੇ ਦਵੀਂ ਖਰੀਆਂ

ਦਵੀਂ ਦਸਤਾਰ ਤੂੰ ਸਿਰ ਤੇ
ਰਹੀਂ ਦਾਤਾਰ ਤੂੰ ਸਿਰ ਤੇ

ਰਖੀਂ ਤੂੰ ਮਿਹਰ ਜੱਟਾਂ ਤੇ
ਉਮਰ ਕੱਡ ਦੇਣ ਵੱਟਾਂ ਤੇ

1 comment: