Thursday, October 11, 2012

ਓ ਮੰਦਰਾਂ ਚ ਲਬਦੇ ਨੇ ਤੇ ਤੂੰ ਅੰਦਰਾਂ ਚ ਰਹਿਨਾ ਏਂ


ਓ ਮਹਿਲਾਂ ਚ ਬੈਠੇ ਨੇ
ਤੇ ਤੂੰ ਕੰਦਰਾਂ ਚ ਰਹਿਣਾ ਏਂ
ਓ ਮੰਦਰਾਂ ਚ ਲਬਦੇ ਨੇ
ਤੇ ਤੂੰ ਅੰਦਰਾਂ ਚ ਰਹਿਨਾ ਏਂ

ਓਹਨਾਂ ਮੋਤੀ ਥਾਲ਼ ਭਰੇ
ਮੇਰੇ ਪੱਲੇ ਕਖ ਨਹੀਂ
ਜੇ ਕੁਜ ਦੇ ਕੇ ਮਿਲਦਾ ਏ
ਤੂੰ ਮੈਨੂ ਈ ਰੱਖ ਲਵੀਂ

ਤੂੰ ਬਕਸ਼ਣਹਾਰਾ ਹੈਂ
ਅਸੀਂ ਨੀਤੋਂ ਮੰਦੜੇ ਹਾਂ
ਸਾਡੇ ਤੇ ਮਿਹਰ ਕਰੀਂ
ਅਸੀਂ ਕਰਮਾਂ ਸੰਦੜੇ ਹਾਂ

ਮੈਨੂ ਗਲ ਨਾਲ ਲਾ ਲੈ ਤੂੰ
ਮੈਂ ਤੇਰੇ ਦਰ ਆਇਆ
ਮੈਂ ਭੁੱਲਿਆ ਭਟਕਿਆ ਸੀ
ਅੱਜ ਵਾਪਿਸ ਘਰ ਆਇਆ

ਮੈਂ ਮੰਨਦਾਂ ਉਂਜ ਤਾਂ ਮੈਂ
ਮਾਫੀ ਦੇ ਲਾਇਕ ਨਹੀਂ
ਪਰ ਤੈਨੂ ਭੁੱਲ ਜਾਵਾਂ
ਏਨਾ ਨਾਲਾਇਕ ਨਹੀਂ

ਮੱਤ ਦਾਤਾ ਬਕਸ਼ ਦਵੀਂ
ਮੈਨੂ ਅਕਲੋਂ ਅੰਨ੍ਹੇ ਨੂੰ
ਮੁਸ਼ਕਿਲ ਚੋਂ ਕੱਡ ਦੇਵੀਂ
ਹੱਥ ਪਕੜ ਕੇ ਬੰਨੇ ਨੂੰ

ਮੇਰਾ ਹਰ ਸਾਹ ਤੇਰਾ ਹੈ
ਮੇਰਾ ਪਰਵਾਰ ਤੇਰਾ
ਕੁਲ ਆਲਮ ਤੇਰਾ ਹੈ
ਸਾਰਾ ਸੰਸਾਰ ਤੇਰਾ

ਵੱਖੋ ਵੱਖ ਚੋਲੇ ਨੇ
ਵੱਖੋ ਵੱਖ ਝੰਡੇ ਨੇ
ਤੇਰੇ ਏਕੋਂਕਾਰਾਂ ਦੇ
ਓਹਨਾਂ ਹਿੱਸੇ ਵੰਡੇ ਨੇ

ਓ ਬਿਜ਼ਨਸ ਮੰਨਦੇ ਨੇ
ਧਰਮਾਂ ਦੀਆਂ ਖੇਡਾਂ ਨੂੰ
ਬੰਦੇ ਵੱਖ ਵੱਖ ਰੰਗ ਦਿੱਤੇ
ਜਿਓਂ ਰੰਗੀਏ ਭੇਡਾਂ ਨੂੰ

ਜੋ ਤੈਨੂ ਮਿਲ ਗਏ ਨੇ
ਖਬਰੇ ਓ ਕੈਸੇ ਨੇ
ਲੋਕੀਂ ਓਹਨੂੰ ਰੱਬ ਕਹਿੰਦੇ
ਜਿਹਦੇ ਹਥ ਪੈਸੇ ਨੇ

ਜਿਹਨੂੰ ਤੇਰਾ ਆਸਰਾ ਹੈ
ਓ ਕਦੋਂ ਰਾਹ ਤੋ ਡੋਲੇ ਨੇ
ਓ ਬੜੇ ਵਿਰਲੇ ਵਿਰਲੇ ਨੇ
ਜੋ ਤੇਰੇ ਹੱਕ ਵਿਚ ਬੋਲੇ ਨੇ

ਓਹਨੂ ਕਿਹ੍ੜਾ ਰੋਕ ਲਵੇ
ਜਿਹਨੂ ਤੇਰੀਆਂ ਰੱਖਾਂ ਨੇ
ਉਂਜ ਰਸਤਾ ਦੇਖ ਰਹੀਆਂ
ਲੱਖਾਂ ਕਾਤਲ ਅੱਖਾਂ ਨੇ

ਦੇਵੀਂ ਹਿਮੱਤਾਂ ਪੀਣ ਲਈ
ਤੇ ਜਜ਼ਬੇ ਖਾਣੇ ਨੂੰ
ਤੂੰ ਜੀਓਣੇ ਜੋਗਾ ਕਰ ਦੇਵੀਂ
ਜੈਲੀ ਮਰਜਾਨੇ ਨੂੰ

ਨਾਂ ਤੇਰੇ ਬਾਜੋ ਹੋਰ ਮੇਰਾ
ਕੋਈ ਦੂਜਾ ਰਾਹ ਹੋਵੇ
ਜਦੋਂ ਤੈਨੂ ਭੁੱਲ ਜਾਵਾਂ
ਮੇਰਾ ਆਖਰੀ ਸਾਹ ਹੋਵੇ
ਮੇਰਾ ਆਖਰੀ ਸਾਹ ਹੋਵੇ









No comments:

Post a Comment