Wednesday, September 7, 2011

ਬਸ ਪਾਕ ਪੰਜਾਬ ਨੂ ਇੱਕ ਕਰ ਦਿਓ ਬਾਕੀ ਖਾਵਣ ਖਸਮਾਂ ਨੂ

| ਇੱਕ ਗੀਤ ਸਾਂਝੇ ਪੰਜਾਬ ਦੇ ਨਾਮ ਜੋ ਕਿਸੇ ਨਕਸ਼ੇ ਤੇ ਨਾ ਹੁੰਦੇ ਹੋਏ ਵੀ ਦਿਲਾਂ ਦੇ ਵਿਚ ਮੌਜੂਦ ਹੈ |
| ਜਲਦੀ ਹੀ ਇਸਦਾ ਆਡਿਯੋ ਵਿਸ਼੍ਹੁਯਲ ਵੀ ਆ ਰਿਹਾ ਹੈ |



ਰੱਬ ਕਰਕੇ ਸਰਕਾਰ ਕਰੇ ਕੋਈ ਐਸਾ ਜਾਰੀ ਆਡਰ ਜੀ
ਢਹਿ ਜਾਵਣ ਇਹ ਸਬ ਸਰਹੱਦਾਂ ਖੁੱਲ ਜੇ ਵਾਹਗਾ ਬਾਡਰ ਜੀ
ਜਾਣ ਲਾਹੋਰ ਨੂ ਅਮ੍ਰਿਤਸਰ ਤੋਂ ਹੋਕੇ ਸਾਬ ਬੇਖੌਫ ਜਹੇ
ਸਰਹੱਦਾਂ ਤੇ ਬੱਚੇ ਖੇਡਣ, ਹੋਵੇ ਨਾ ਕੋਈ ਡਰ ਜੀ
ਜੋ ਜ਼ਾਤ ਪਾਤ ਵਿਚ ਫਰਕ ਕਰਨ ਅੱਗ ਲਾਓ ਐਸੀਆਂ ਰਸਮਾਂ ਨੂ
ਬਸ ਪਾਕ ਪੰਜਾਬ ਨੂ ਇੱਕ ਕਰ ਦਿਓ ਬਾਕੀ ਖਾਵਣ ਖਸਮਾਂ ਨੂ

ਜੀ ਸਾਂਝੇ ਘਰ ਨੂ ਦੋ ਹਿੱਸਿਆਂ ਵਿਚ ਵੰਡਕੇ ਵੀ ਕੀ ਖੱਟ ਲਿਆ
ਖੂਨ ਦੇ ਬਦਲੇ ਖੂਨ ਵਹਾ ਕੇ ਵੀ ਕੀ ਦੱਸੋ ਵੱਟ ਲਿਆ
ਦੇਸ਼ ਦੇ ਨਾਂ ਤੇ ਰਾਜਨੀਤੀ ਦੀ ਸਾਨੂ ਤਾਂ ਕੋਈ ਲੋੜ ਨਹੀ
ਨਾ ਹਿੰਦ ਦੇ ਨਾ ਪਾਕ ਦੇ ਆਪਾਂ ਤਾਂ ਝੰਡਾ ਹੀ ਪੱਟ ਲਿਆ
ਕਿਹ੍ੜਾ ਥੋਨੂ ਯਾਦ ਕਰਾਊ ਭਗਤ ਸਿੰਘ ਦੀਆਂ ਕਸਮਾਂ ਨੂ
ਬਸ ਪਾਕ ਪੰਜਾਬ ਨੂ ਇੱਕ ਕਰ ਦਿਓ ਬਾਕੀ ਖਾਵਣ ਖਸਮਾਂ ਨੂ

ਲੱਖਾਂ ਹੀ ਬੇਦੋਸ਼ਿਆਂ ਨੂ ਇਹ ਵੰਡ ਕੁਲਹਿਣੀ ਮਾਰ ਗਈ
ਸਿਰ ਦਾ ਸਾਈਂ ਪਰਤਿਆ ਨਾ ਤਤੜੀ ਰਾਹ ਤਕ ਤਕ ਹਾਰ ਗਈ
ਗੱਡੀਆਂ ਭਰ ਲਾਸ਼ਾਂ ਦੀਆਂ ਆਵਣ ਮਾਵਾਂ ਪੁੱਤ ਪਛਾਨਣ ਜੀ
ਖੂਨ ਦੇ ਅਥਰੂ ਰੋ ਰੋ ਅਮੜੀ ਏ ਵੀ ਦੁਖ ਸਹਾਰ ਗਈ
ਵੰਡ ਚੰਗੀ ਜਾਂ ਮਾੜੀ ਕੋਈ ਪੁੱਛੋ ਜਾਕੇ ਉਸ ਮਾਂ ਨੂ
ਬਸ ਪਾਕ ਪੰਜਾਬ ਨੂ ਇੱਕ ਕਰ ਦਿਓ ਬਾਕੀ ਖਾਵਣ ਖਸਮਾਂ ਨੂ

ਰਾਜਗੁਰੂ, ਸੁਖਦੇਵ, ਭਗਤ ਸਿੰਘ ਜਿਸ ਲਈ ਹੋ ਕੁਰਬਾਨ ਗਏ
ਓਸ ਆਜ਼ਾਦੀ ਦੀ ਆਰਥੀ ਚੱਕ ਨੇਤਾ ਲੈ ਸ਼ਮਸ਼ਾਨ ਗਏ
ਦੇਸ਼ ਆਜ਼ਾਦ ਕਰਾ ਕੇ ਵੀ ਕਿਹੜੀ ਫਿਰ ਜੰਗ ਸੀ ਜਿੱਤ ਲਈ
ਜੇ ਚੜਦੇ ਵੱਲ ਨੂ ਸਿੱਖ ਤੇ ਲਹਿੰਦੇ ਵੱਲ ਨੂ ਮੁਸਲਮਾਨ  ਗਏ
ਜ਼ੈਲਦਾਰ ਮੱਥੇ ਲਾ ਲ ਓਹ੍ਨਾ ਸੂਰਵੀਰਾਂ ਦੀਆਂ ਭਸਮਾਂ ਨੂ
ਬਸ ਪਾਕ ਪੰਜਾਬ ਨੂ ਇੱਕ ਕਰ ਦਿਓ ਬਾਕੀ ਖਾਵਣ ਖਸਮਾਂ ਨੂ

No comments:

Post a Comment