Sunday, November 10, 2013

ਹੁਣ ਤਾਂ ਹਾਕਾਂ ਮਾਰਨ ਮੜੀਆਂ

ਇਸ ਜ਼ਿੰਦਗੀ ਦੀਆਂ ਘੜੀਆਂ
ਆਪਾਂ ਜੀ ਲਈਆਂ ਨੇ ਬੜੀਆਂ
ਹੁਣ ਤਾਂ ਹਾਕਾਂ ਮਾਰਨ ਮੜੀਆਂ
ਮੈਨੂ ਰੋਜ਼ ਬੁਲੌਂਦੀਆਂ ਨੇ
ਨਿੱਤ ਆਣ ਸਰਹਾਨੇ ਖੜਕੇ ਮੋਡੇਓਂ ਪਕੜ ਜਗਾਉਂਦੀਆਂ ਨੇ

ਕੁਜ ਗੱਡੀ ਵਿਚ ਚੜੀਆਂ, ਕੁਜ
ਟੇਸ਼ਨ ਤੇ ਰਹੀ ਗਈਆਂ ਖੜ੍ਹੀਆਂ
ਕੁਜ ਧੱਕੋਧਿੱਕੀ ਵੜੀਆਂ
ਸੀਟਾਂ ਮੱਲੀ ਜਾਂਦੀਆਂ ਨੇ
ਸਫਰ ਹਯਾਤੀ ਲੱਮਾ ਏ ਪਰ ਚੱਲੀ ਜਾਂਦੀਆਂ ਨੇ

ਦਿਲ ਦੀਆਂ ਟੁੱਟੀਆਂ ਕੜੀਆਂ
ਸਧਰਾਂ ਮੇਰੇ ਨਾਲ ਨੇ ਲੜੀਆਂ
ਦਿਲ ਤੇ ਮੇਖਾਂ ਵਾਂਗਰ ਜੜੀਆਂ
ਯਾਦਾਂ ਨਿੱਤ ਹੀ ਚੁਭਦੀਆਂ ਨੇ
ਜਿਓਂ ਜਿਓਂ ਧੜਕੇ ਦਿਲ ਇਹ ਤਿਓਂ ਤਿਓਂ ਹੋਰ ਵੀ ਖੁਬਦੀਆਂ ਨੇ

ਪੀੜਾਂ ਦਿਲ ਵਿਚ ਬੜੀਆਂ
ਪੀੜਾਂ ਪਲਕਾਂ ਦੇ ਨਾਲ ਫੜੀਆਂ
ਫੜਦੇ ਫੜਦੇ ਅੱਖਾਂ ਸੜੀਆਂ
ਤੇ ਕੁਜ ਨਜ਼ਰੀਂ ਔਂਦਾ ਨਹੀਂ
ਉਮਰਾਂ ਦਾ ਦਿਲ ਰੋਵੇ ਕੋਈ ਆਣ ਵਰੌਂਦਾ ਨਹੀਂ

ਅਰਮਾਨਾਂ ਨੂੰ ਤੜੀਆਂ,
ਲੱਗੀਆਂ ਆਸਾਂ ਨੂੰ ਹਥਕੜੀਆਂ,
ਲਗੀਆਂ ਨੈਣਾਂ ਦੇ ਵਿਚ ਝੜੀਆਂ
ਬਸ ਹੜ ਆਵਣ ਵਾਲਾ ਏ
ਰੂਹ ਦਾ ਕੋਠਾ ਕੱਚਾ ਹੈ ਰੁੜ ਜਾਵਣ ਵਾਲਾ ਏ

ਮੇਰੀਆਂ ਕਲਮਾਂ ਘੜੀਆਂ
ਸਾਰੀਆਂ ਰਹੀ ਗਈਆਂ ਨੇ ਛੜੀਆਂ
ਨਜ਼ਮਾਂ ਪੱਤਿਆਂ ਵਾਂਗਰ ਝੜੀਆਂ
ਲੋਗ ਲਤਾੜੀ ਜਾਂਦੇ ਨੇ
ਜੈਲੀ ਲਿਖਦਾ ਜਾਂਦੈ ਲੋਕੀਂ ਪਾੜੀ ਜਾਂਦੇ ਨੇ

No comments:

Post a Comment